ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ

ਖੜੀ ਐਂ ਤਸੱਲੀ ਬਣ ਪਹਿਲੇ ਦਿਨੋਂ ਫੱਕਰ ਨਾ
ਰੱਬ ਦੀ ਸੌਂਹ ਸਾਨੂੰ ਨਾ ਕੋਈ ਤੇਰੇ ਜਿਹਾ ਟੱਕਰਨਾ
ਸਾਹਾਂ ਉਹਦਿਆਂ ਦੀ ਖੈਰ ਅਰਜੋਈ ਸਾਡੀ ਰੱਬ ਨੂੰ
ਯਾਰ ਦੀ ਖਾਤਰ ਜੀਹਨੇ ਵੈਰੀ ਕੀਤਾ ਜੱਗ ਨੂੰ
ਸੁਫਨੇ ਖਿਆਲਾਂ ਚ ਜੋ ਮੈਨੂੰ ਰਹਿੰਦੀ ਵੇਖ ਦੀ
ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ

ਹੰਝੂਆਂ ਚ ਗੁੰਨੀ ਪੱਕੇ ਵਾਅਦਿਆਂ ਦੀ ਮਿੱਟੀ
ਫੇਰ ਉਹਦੇ ਵਿੱਚ ਰੇਹ ਹੌਂਸਲੇ ਦੀ ਸਿੱਟੀ
ਜੜਾਂ ਵਿੱਚ ਪਾਣੀ ਦਿੱਤਾ ਰਾਂਝੇ ਮਿਰਜੇ ਦਾ ਜੂਠਾ
ਅੱਜ ਹੋ ਗਿਆ ਏ ਸਿਰ ਕੱਢ ਮੇਰੇ ਇਸ਼ਕੇ ਦਾ ਬੂਟਾ
ਮੂੰਹ ਜਵਾਨੀ ਤੈਨੂੰ ਇਸ਼ਕੇ ਦਾ ਊੜਾ ਆੜਾ ਦੱਸਿਆ
ਰਹੀ ਨਾ ਕੋਈ ਲੋੜ ਕੈਦੇ ਕਲਮ ਸਲੇਟ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਪਹਿਲੀ ਵਾਰੀ ਮਿਲੇ ਜਿੱਥੇ ਉਹ ਨਿੰਮ ਵਾਲੀ ਛਾਂ ਚੇਤੇ
ਇੰਜਨੀਅਰਿੰਗ ਕਾਲਜ ਫਿਰੋਜਪੁਰ ਨਾਂ ਚੇਤੇ
ਸ਼ੌਪਿੰਗ ਕੰਪਲੈਕਸ ਦਾ ਉਹ ਸਰਕਲ ਸਮਿੰਟ ਦਾ
ਜਿੱਥੇ ਤੇਰਾ ਹਿੱਲਿਆ ਸੀ ਸਿਰ ਕਹਿ ਕੇ ਹਾਂ ਚੇਤੇ
ਸ਼ਰਮ ਦੇ ਨਾਲ ਨੀ ਗੜੁੱਚ ਦੋਵੇਂ ਜਾਣੇ
ਮੈਂ ਤੈਨੂੰ ਦੇਖੀ ਗਿਆ ਤੂੰ ਮੈਨੂੰ ਰਹੀ ਦੇਖ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਤੇਰੇ ਲਈ ਤੇਰੇ ਭਾਈ ਜਦੋਂ ਬਾਹੁਤੇ ਵੱਡੇ ਗੁੰਡੇ ਸੀ
ਡੌਲਿਆਂ ਜਿਹੇ ਯਾਰ ਓਦੋਂ ਮੇਰੇ ਨਾਲ ਹੁੰਦੇ ਸੀ
ਬੰਨ ਸਬਰਾਂ ਦੇ ਊਣੇ ਹਾਲੇ ਦੇਖੀ ਜਾਊ ਜਦੋਂ ਭਰਗੇ
ਗੱਲ ਤੇਰੇ ਤੇ ਨੀ ਔਣ ਦਿੱਤੀ ਉੱਚੀ ਨੀਵੀਂ ਜਰ ਗੇ
ਜਿੰਦਗੀ ਚ ਉੰਜ ਝੱਖੜ ਤਾਂ ਝੁੱਲੇ ਨੇ ਬਥੇਰੇ
ਅਸੀਂ ਹੱਸ ਹੱਸ ਕੱਟੇ ਇੱਕ ਹੌਂਸਲੇ ਨਾਲ ਤੇਰੇ
ਸਾਡੀ ਜਿੰਦਗੀ ਦਾ ਰੂਟ ਹੁਣ ਤੇਰੇ ਪੈਰਾਂ ਦੇ ਹੈਠ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

Published in: on ਸਤੰਬਰ 24, 2010 at 9:36 ਪੂਃ ਦੁਃ  ਟਿੱਪਣੀ ਕਰੋ  

ਬਿਹਾਬੀ (ਬਿਹਾਰੀ + ਪੰਜਾਬੀ)

ਚਾਚਾ ਸਾਸਰੀਕਾਲ ਐ ਤੇਂਨੂੰ
ਇੱਕ ਗੱਲ ਤੋਂ ਲਾਹ ਅੱਜ ਪੱਲਾ ਉਏ
ਤੂੰ ਕਾਹਤੋਂ ਵਿਆਹ ਕਰਵਾਇਆ ਨਾ
ਸਾਰੇ ਪਿੰਡ ਚ ਛੜਾ ਤੂੰ ਕੱਲਾ ਉਏ..
ਭਤੀਜ ਢਕੀਆਂ ਰਹਿਣ ਦੇ ਮੇਰੀ ਗੱਲ ਮੰਨ ਲੈ
ਤੈਨੂੰ ਸੱਚ ਸੁਣਨਾ ਮਹਿੰਗਾ ਪੈ ਜੂਗਾ
ਜਿਹੜੇ ਪੰਜਾਬ ਪੰਜਾਬੀਆਂ ਦਾ ਭੁਲੇਖਾ ਐ
ਉਹ ਮੂਤ ਦੀ ਝੱਗ ਵਾਂਗੂੰ ਬਹਿ ਜੂਗਾ

ਧੀ ਚੰਗੀ ਅੰਨੀ ਪੁੱਤ ਯੱਭਲ ਤੋਂ
ਸੀ ਕਿੰਨੇ ਪੁਰਖ ਸਾਡੇ ਹਿਸਾਬੀ ਦੇਖ
ਅੱਜ ਕੱਲ ਕੁੱਖ ਚ ਘੁੱਗੀ ਘੈਂ ਕਰਦੇ
ਅਣਖੀ ਕੁੜੀਮਾਰ ਪੰਜਾਬੀ ਦੇਖ
ਜੇ ਇੱਕ ਅੱਧੀ ਪਿੰਡ ਚੋਂ ਪੜ ਜਾਵੇ
ਉਹ ਆਖੂ ਸ਼ਹਿਰ ਚ ਕੋਠੀ ਪਾ
ਪਹਿਲਾਂ ਤਾਂ ਸ਼ਹਿਰਣ ਪੇਂਡੂ ਦੇ ਆਉਂਦੀ ਨੀ
ਜੇ ਆਊ ਤਾਂ ਆਖੂ ਜਹਾਜ ਚੜਾ

ਜੇਂ ਤੂੰ ਬੂ ਸ਼ਲਟ ਪੈਂਟ ਦੇ ਵਿੱਚ ਦੇਲੀ ‘
ਤੇਰੀ ਅੱਲ ਪੈ ਜੂ “ਫਲਾਨੇ ਪਾਡੇ ਕੇ”
ਜੁਹਾਜ ਦਾ ਤਾਂ ਮੈਨੂੰ ਪਤਾ ਨੀ
ਮੈਂ ਤਾਂ ਵੱਧ ਤੋਂ ਵੱਧ ਚੜਿਆਂ ਸੁਹਾਗੇ ਤੇ

ਮੈਂ ਵਸਨਾ ਪੰਜਾਬ ਚ ਜੇ ਕੋਈ ਕਹਿੰਦੀ ਏ
ਓਸੇ ਦਿਨ ਮੈਂ ਮੁਨਾ ਦੂੰ ਦਾਹੜੀ ਭਤੀਜ
ਏਹਨਾਂ ਮੂੰਹ ਚੱਕਿਆ ਸਾਰੀਆਂ ਵਲੈਤ ਕੰਨੀ
ਜੱਟੀ ਬਾਹਮਣੀ ਭਾਂਵੇ ਕਰਿਆੜੀ ਭਤੀਜ

ਜਦੋਂ ਨੂੰ ਤੇਰਾ ਮਿੱਤ ਨਿੱਕਿਆ ਆਉਣੀ ਆਂ
ਓਦ ਤੱਕ ਤਾਂ ਮੁੱਕ ਜੂ ਕੋਟਾ ਭਤੀਜ

ਭਈਆਰਾਣੀ ਕੋਈ ਲਿਆਵਾਂਗੇ ਕਾਟੀ ਮਾਰਕਾ
ਜਿਮੇ ਪਿੰਡ ਚ ਸਰਕਾਰੀ ਝੋਟਾ ਭਤੀਜ
ਖਾਲਸ ਦੇਸੀ ਪੰਜਾਬੀ ਪੈਦਾ ਹੋਣਗੇ
ਸਰਪੰਚ ਕੋਲ ਹੋਊ ਲਿਸਟ ਸਾਰੀ
ਕਿਮੇਂ ਠੀਕਰੀ ਪਹਿਰਾ ਤੇ ਨੰਬਰ ਆਉਂਦਾ
ਓਸੇ ਹਿਸਾਬ ਨਾਲ ਹਰੇਕ ਦੀ ਆਊ ਵਾਰੀ

ਜਿਹੜੀ ਇਸ ਪੋਸਟ ਤੇ ਆਊਗੀ
ਉਹ ਵੋਟਾਂ ਵਿੱਚ ਹੋ ਸਕੂ ਖੜੀ
ਕੁੱਲ ਸਹੂਲਤ ਉਸਦੇ ਟੱਬਰ ਨੁੰ
ਨਾਲੇ ਪੰਜਾਬ ਦੀ ਪੱਕੀ PR free
ਫਿਰ ਜਿਹੜੀ ਨਸਲ ਪੈਦਾ ਹੋਊਗੀ
ਆਪਣੇ ਮਲਕ  ਨੂੰ ਨਾ ਕਰੂ ਕਿਤੇ ਝਹੇਡਾਂ
ਉਹ ਬਿਹਾਬੀ (ਬਿਹਾਰੀ + ਪੰਜਾਬੀ) ਪੰਜਾਬ ਚ ਈ ਰਹਿਣਗੇ
ਕਿਉਂਕਿ ਉਹਨਾਂ ਲਈ ਤਾਂ ਏਹੀ ਕਨੇਡਾ

ਚਲ ਲਾਹ ਸਟੈਂਡ ਤੋਂ ਤੇ ਮਾਰ ਪੈਡਲ
ਨਹੀਂ ਤਾਂ ਬੁਰਾ ਭਲਾ ਤੇਰੀ ਮਾਂ ਕਹੂ
ਪਰ ਭਈਆਰਾਣੀ ਵਾਲੀ ਗੱਲ ਤੇ ਗੌਰ ਰੱਖੀਂ
ਚਲ ਏਨੇ ਨਾਲ ਪੰਜਾਬੀਆਂ ਦਾ ਜੱਗ ਤੇ ਨਾਂ ਰਹੂ

Published in: on ਜੂਨ 18, 2010 at 9:09 ਪੂਃ ਦੁਃ  Comments (1)  

ਪਿੰਡਾਂ ਵਿੱਚੋਂ ਆਏ ਸ਼ਿਕਾਰੀ

ਅੱਗ ਜੰਗਲ ਦੀ ਗੱਲ ਫੈਲਗੀ
ਵਿੱਚ ਬਜਾਰਾਂ ਦੇ
ਪਿੰਡਾਂ ਵਿੱਚੋਂ ਆਏ ਸ਼ਿਕਾਰੀ
ਕਾਲਜੇ ਫੜਲੇ ਨਾਰਾਂ ਨੇ….

ਇਹ ਆਜਾਦ ਪਰਿੰਦੇ ਅੰਬਰਾਂ ਦੇ
ਕਈ ਕਾਕੇ ਪੰਚਾਇਤ ਮੰਬਰਾਂ ਦੇ

ਜਾਂ ਇਹ ਕਰਨ ਹਿਸਾਬ ਆਏ ਨੇ

ਆੜਤੀਏ ਦੇ ਨੰਬਰਾਂ ਦੇ
ਫਿਕਰਾਂ ਲਾਹਣ ਚ ਘੋਲ ਕੇ ਪੀਂਦੇ
ਦੇਖੇ ਹੌਂਸਲੇ ਮੈਂ ਪਤੰਦਰਾਂ ਦੇ
ਕਹਿੰਦੇ ਸਾਡੇ ਕਰਕੇ ਚੁੱਲੇ ਬਲਦੇ
ਸ਼ਾਹੂਕਾਰਾਂ ਦੇ
ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਹੱਥ ਪੈਰ ਮਿੱਟੀ ਨਾਲ ਲਿੱਬੜੇ ਨੇ
ਲੱਗਦਾ ਹੁਣੇ ਮੰਡੀ ਚੋਂ ਨਿੱਬੜੇ ਨੇ
ਕਈ ਚੋਬਰ ਤੇ ਕਈ ਬੁੱਢੜੇ ਨੇ
ਇਹ ਨਾਨਕ ਦੇ ਕਹਿਣ ਤੇ ਉੱਜੜੇ ਨੇ
ਹੱਥ ਚੱਕ ਚੱਕ ਗੱਲਾਂ ਕਰਦੇ ਨੇ
ਦੱਸ ਇਹਨਾਂ ਨੂੰ ਕੀ ਦੁੱਖੜੇ ਨੇ
ਪਾਣੀ ਬੋਰ ਦਾ ਮਿੱਠੇ ਪਰਸ਼ਾਦੇ
ਨਾਲ ਅਚਾਰਾਂ ਦੇ

ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਏ ਬੀ ਸੀ ਦੀ ਆਈ ਨਾ ਵਾਰੀ
ਅੱਡੇ ਲਾਗੇ ਸਕੂਲ ਸਰਕਾਰੀ
ਐਤਕੀਂ ਫੇਰ ਹੋਈ ਮਰਦਮਸ਼ੁਮਰੀ
ਲੁਧਿਆਣੇ ਐਮ ਐਲ ਏ ਬਿਹਰੀ
ਖਾਨੇ ਪੂਰੇ ਆ ਖੁੱਡੇ ਲੈਣ ਨੇ
ਸਦਕੇ ਬਈ ਸਰਕਾਰਾਂ ਦੇ

ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਜਵਾਨੀ ਲਾਂਘੀ ਨਰਮਾ ਗੁੱਡਦੀ
ਹਾਲੇ ਵੀ ਨੀ ਮਾਇਆ ਜੁੜਦੀ
ਖੰਡ ਮਹਿੰਗੀ ਆ ਚਾਹ ਪੀਓ ਗੁੜ ਦੀ
ਛੱਡ ਸਿਆਪਾ ਮੌਜਾਂ ਮਾਣ ਲੈ
ਦੁਨੀਆਂ ਨੇ ਨਿੱਤ ਰਹਿਣਾ ਕੁੜਦੀ
ਨੈਣੇਵਾਲੀਆ ਕੋਲ ਬੰਗਲੌਰ ਚੱਲੀਏ
ਫਿਲਮ ਵੇਖਾਂਗੇ ਹੌਲੀਵੁੱਡ ਦੀ
ਪਾਰਕਿੰਗ ਵਿੱਚ ਫੋਰਡ ਲਾਵਾਂਗੇ
ਵਿਚਾਲੇ ਕਾਰਾਂ ਦੇ….

ਅੱਗ ਜੰਗਲ ਦੀ ਗੱਲ ਫੈਲਗੀ
ਵਿੱਚ ਬਜਾਰਾਂ ਦੇ
ਪਿੰਡਾਂ ਵਿੱਚੋਂ ਆਏ ਸ਼ਿਕਾਰੀ
ਕਾਲਜੇ ਫੜਲੇ ਨਾਰਾਂ ਨੇ….

Published in: on ਜੂਨ 14, 2010 at 5:12 ਪੂਃ ਦੁਃ  Comments (1)  

ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…

ਸਾਡੇ ਖੂਨ ਚ ਗੁਲਾਮੀ ਸੀ, ਸਾਡੇ ਖੂਨ ਚ ਅੱਜ ਵੀ ਹੈ
ਦੇਸ਼ਭਗਤੀ ਤੇ ਕੁਰਬਾਨੀਆਂ
ਇਹ ਪੰਗੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…

ਜਿੱਥੇ ਅੰਨ ਨੂੰ ਵੀ ਛੱਤ ਨਹੀਂ, ਗੋਦਾਮਾਂ ਚ ਸੜਦਾ ਏ
ਅੰਨ ਛੱਤ ਤੇ ਕਫਨ ਬਾਜੋਂ, ਕੋਈ ਫੁੱਟਪਾਥ ਤੇ ਮਰਦਾ ਏ
ਹੱਥ, ਹਾਥੀ ਜਾਂ ਹਥੌੜਾ ਤਾਰਾ ਦਾਤੀ
ਅਸੀਂ ਝੰਡੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
……………………………………

ਜੋ ਫਾਹੇ ਲਾ ਦਿੱਤੀਆਂ, ਉਹਨਾਂ ਸੋਚਾਂ ਦਾ ਕੀ ਕਰੀਏ
ਜੋ ਚੁਣਦੇ ਖੁਦ ਆਪ ਅਸੀਂ, ਉਹਨਾਂ ਜੋਕਾਂ ਦਾ ਕੀ ਕਰੀਏ
ਚਲਾਇਆ ਚਰਖਾ ਦੂਜਾ ਕੰਮ ਕੀਤਾ ਨਾਂ
ਆਵੇ ਬੰਦੇ ਦਾ ਕਰਾਂਤੀਕਾਰੀਆਂ ਚ ਨਾਂ, ਉਸ ਬੰਦੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
……………………………………..

ਆਊ ਪੈਨਸ਼ਨ ਨਾਲੇ ਚੁੱਲਾ ਚੌਂਕਾ ਚੱਲੂ, ਬੇਬੇ ਦੋਵੇ ਪੁੱਤ ਫੌਜ ਘੱਲਤੇ
ਗਲਤਫਹਿਮੀ ਮਗਜ ਬਹਿ ਗੀ, ਦੇਸ਼ਭਗਤ ਲੋਕ ਪੰਜਾਬ ਵੱਲ ਦੇ
ਕੰਮ ਚੰਗਾ ਹੋਇਆ ਖੇੜ ਦਾ ਮੈਦਾਨ ਬਣਿਆ,
ਦੱਬ ਕੇ ਕਿਸਾਨ ਸੇਵਾ ਕੇਂਦਰ ਦੀ ਥਾਂ, ਏਨੇ ਚੰਗੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…

Published in: on ਅਪ੍ਰੈਲ 22, 2010 at 6:29 ਪੂਃ ਦੁਃ  Comments (3)  

ਹਾਏ ਮੈਂ ਬਾਹਰ ਜਾਣਾ

ਮੈਥੋਂ ਮਿਣਤਾਂ ਕਰਾਲੋ, ਪੈਰੀਂ ਹੱਥ ਲਵਾਲੋ
ਭਵਿੱਖ ਮੇਰਾ ਥੋਡੇ ਹੱਥ ਸਾਡਾ ਟੱਬਰ ਬਚਾਲੋ
ਪੜ ਕੇ ਅਠਾਰਾਂ ਅਨਪੜ ਮੈਂ ਕਹਾਊੰ
ਬੇਰ ਤੋੜੂੰ ਭਾਂਡੇ ਮਾਂਜੂੰ ਟਰੱਕ ਟੈਕਸੀ ਚਲਾਊੰ
ਨਾ ਪੀਕੇ ਫੜਾਂ ਮਾਰੂੰ ਸਾਰੇ ਟੈਕਸ ਵੀ ਤਾਰੂੰ
ਕਿਸੇ ਗੱਲ ਤੋ ਨਾ ਤੁਸੀਂ ਘਬਰਾਓ ਗੋਰਾ ਜੀ
ਵੀਜ਼ੇ ਵਾਲੀ ਮੋਹਰ ਕੇਰਾਂ ਲਾਓ ਗੋਰਾ ਜੀ

***************************

ਗਹਿਣੇ ਰੱਖੋ ਮੇਰੀ ਅਣਖ ਨਾਲੇ ਝੋਨਾ ਨਾਲੇ ਕਣਕ

ਮੈਨੂੰ ਬੋਲਾ ਕਰੀ ਜਾਵੇ ਬੱਸ ਡਾਲਰਾਂ ਦੀ ਖਣਕ

ਮਹਾਨ ਤਾਂ ਬਹੁਤ ਮੇਰੇ ਕਾਬਲ ਨਾ ਰਹਿਣ ਦੇ

ਗਰੀਬੀ, ਬੇਰੁਜਗਾਰੀ ਨਾ ਕੋਈ ਬੋਲ ਰਹਿਗੇ ਕਹਿਣ ਦੇ

ਇਨਕਲਾਬ ਜਿੰਦਾਬਾਦ ਉਹਨਾਂ ਦੇ ਦਿਮਾਗ ਸੀ ਖਰਾਬ

ਅੰਤਰ ਪੈਂਹਠ ਤੇ ਇੱਕ ਦਾ ਇਹਨਾਂ ਸਮਝਾਓ ਗੋਰਾ ਜੀ

ਤੁਸੀਂਵੀਜ਼ੇ ਵਾਲੀ ਮੋਹਰ ਕੇਰਾਂ ਲਾਓ ਗੋਰਾ ਜੀ

***************************

ਆਈ ਜਦ ਹਰੀ ਸੀ ਕਰਾਂਤੀ ਜਾਣਦੇ ਆ ਭਲੀ ਭਾਂਤੀ

ਐਵੇਂ ਮੁਲਕ ਦਾ ਢਿੱਡ ਨਈਂਓਂ ਭਰ ਹੋਂਵਦਾ

ਕੌਮ ਮੁਗਲ ਫਿਰੰਗੀ ਨਾ ਕੋਈ ਉਹਨਾਂ ਮੂਹਰੇ ਖੰਘੀ

ਹੁਣ ਕਨੇਡੀਅਨ ਤੋਂ ਹਾृੜ ਨਈਓਂ ਜਰ ਹੋਂਵਦਾ

ਨਾ ਅਜਾਦੀ ਆਉੰਦੀ ਨਾ ਲੋੜ ਵੀਜ਼ੇਆਂ ਦੀ ਪੈਂਦੀ

ਗੁਲਾਮੀ ਕਰਨੀ ਐ ਕੀਹਦੀ ਗੌਰ ਫਰਮਾਓ ਭੋਰਾ ਜੀ

ਜੇ ਕੋਈ ਹੋਇਆ ਐਸਾ ਜਿਹੜਾ ਬੀਜਦਾ ਬੰਦੂਕਾਂ

ਥੋਡੀ ਧਰਤੀ ਤੇ ਹਮਕੋ ਬਤਾਓ ਗੋਰਾ ਜੀ

ਨੈਣੇਵਾਲੀਆ ਹੈ ਬੂਝੜ ਇਹਤੋਂ ਬਚ ਜਾਓ ਗੋਰਾ ਜੀ

ਤੁਸੀਂ ਵੀਜ਼ੇ ਵਾਲੀ ਮੋਹਰ ਕੇਰਾਂ ਲਾਓ ਗੋਰਾ ਜੀ

Published in: on ਜਨਵਰੀ 21, 2010 at 9:04 ਪੂਃ ਦੁਃ  Comments (4)  

ਉੱਭਲਚਿੱਤੀ

ਜਦੋਂ ਕੋਈ ਪਤੰਗ ਡੋਰ ਨਾਲੋਂ ਟੁੱਟਦੀ
ਖੌਰੇ ਕਾਹਤੋਂ ਓਦੋਂ ਮੇਰੀ ਜਿੰਦ ਮੁੱਕਦੀ
ਕਈ ਵਾਰ ਲੱਗੇ ਉਹਨਾਂ ਵਿੱਚੋਂ ਇੱਕ ਹੋਕੇ ਪਹਿਲਾਂ ਬੁਝ ਜਾਊੰ
ਦੀਵੇ ਫਿਰਨੀ ਤੋਂ ਪਾਰ ਮੜੀ ਉੱਤੇ ਜਗਦੇ
ਤੇਰੇ ਵੱਖ ਹੋਣ ਦਾ ਖਿਆਲ ਆਉਂਦਿਆ
ਮੇਰੇ ਕੰਨ ਮੈਨੂੰ ਮੁੰਦਰਾਂ ਬਿਨਾ ਨੀ ਸਜਦੇ

Published in: on ਨਵੰਬਰ 19, 2009 at 11:18 ਪੂਃ ਦੁਃ  ਟਿੱਪਣੀ ਕਰੋ  

ਹਵਈ ਅੱਡਾ ਪਿੰਡ ਨੇੜੇ

ਮਾਰਨ ਤਾਹਨੇ ਜੁੱਤੀਆਂ ਘਸੀਆਂ
ਕਰਦੇ ਟਿੱਚਰਾਂ ਸ਼ਹਿਰ ਜੋ ਲਾਏ ਗੇੜੇ
ਮੇਰੇ ਉੰਗਲਾਂ ਤੇ ਯਾਦ ਸੀ ਰੂਟ ਬੱਸ ਦੇ
ਉਹਨਾਂ ਪੁੱਛੀਆਂ ਹਵਈ ਅੱਡਾ ਪਿੰਡ ਨੇੜੇ

ਹੁਣ ਅਸੀਂ ਘੱਟਾ ਢੋ ਰਹੇ ਆਂ
ਜਿੰਦਗੀ ਤਾਂ ਬਾਹਰਲੇ ਜਿਉਂਦੇ ਨੇ
ਅਸੀਂ ਮਣ ਕੁਐਂਟਲ ਪੜਿਆਂ ਨੂੰ
ਉਹ ਡਾਲਰਾਂ ਦੇ ਭਾਅ ਸਮਝਾਉਂਦੇ ਨੇ
ਉਹ ਸਫਲ ਜੋ ਵਿੱਚ ਵਲੈਤਾਂ ਦੇ
ਰਹਿ ਗੇ ਖੂਹ ਦੇ ਡੱਡੂ ਪਿੰਡ ਜਿਹੜੇ
ਮੇਰੇ ਉੰਗਲਾਂ ਤੇ ਯਾਦ ਸੀ….

ਚੜ ਕੇ ਜਹਾਜੇ ਤੂੰ ਵੀ ਜੰਗ ਜਿੱਤ ਲੈ
ਗੁੱਡੀਆਂ ਪਟੋਲੇ ਛੱਡ ਯਾਰ ਤੇ ਸਹੇਲੀਆਂ
ਸਿਰਨਾਂਵਾਂ ਤੈਨੂੰ ਜਚਣਾ ਨੀ ‘ਪਿੰਡ ਤੇ ਡਾਕਖਾਨਾ’
ਫਲੈਟਾਂ ਵਾਲੀ ਨਈਓਂ ਸਾਂਭ ਸਕਦੀ ਹਵੇਲੀਆਂ
ਤੰਗ ਦਿਲ ਤੰਗ ਗਲੀਆਂ ਨਾ ਬੂਹੇ ਘੰਟੀ ਲੱਗੀ
ਖੁੱਲੇ ਦਿਲ ਦਰਵਾਜ਼ੇ ਸਦਾ ਖੁੱਲੇ ਸਾਡੇ ਵੇਹੜੇ
ਮੇਰੇ ਉੰਗਲਾਂ ਤੇ ਯਾਦ ਸੀ….

ਤੈਨੂੰ ਨਈਟ ਸ਼ਿਫਟਾਂ ਚ ਕੱਢੀ ਜਾਗੋ ਯਾਦ ਆਊ
ਕਿਵੇਂ ਚੜਦੀ ਸੀ ਪੀਂਘ ਤੀਆਂ ਗਿੱਧਾ ਪੈਂਦਾ ਸੀ
ਸੌ ਉੱਤੇ ਵੀਹ ਭਾੜਾ ਚੰਡੀਗੜੋਂ ਲੱਗੇ
ਭਦੌੜ ਤੋਂ ਨੈਣੇਵਾਲ ਰਾਹ ਸਿੱਧਾ ਪੈਂਦਾ ਸੀ
ਸਮੁੰਦਰਾਂ ਤੋਂ ਪਾਰ ਰਾਹ ਜਿਹੜੇ ਤੁਰ ਨਈਓਂ ਹੋਣੇ
ਉੰਝ ਤੇਰੇ ਪਿੱਛੇ ਅਸੀਂ ਕਈ ਰਾਹ ਨੇ ਨਬੇੜੇ
ਮੇਰੇ ਉੰਗਲਾਂ ਤੇ ਯਾਦ ਸੀ ਰੂਟ ਬੱਸ ਦੇ
ਉਹਨਾਂ ਪੁੱਛੀਆਂ ਹਵਈ ਅੱਡਾ ਪਿੰਡ ਨੇੜੇ

Published in: on ਮਈ 13, 2009 at 11:36 ਪੂਃ ਦੁਃ  ਟਿੱਪਣੀ ਕਰੋ