ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

ਲੈ ਲਿਆ ਫਾਹਾ ਬਚਨੇ ਨੇ ਕਹਿੰਦਾ ਬਹੁਤੀ ਜੀ ਲਈ
ਕੀੜੇਮਾਰ ਦਵਾਈ “ਮੋਨੋ” ਕੈਲੇ ਨੇ ਪੀ ਲਈ
ਪੰਜ ਕਿੱਲੇ ਰੱਖ ਗਹਿਣੇ ਦਾਜ ਲਿਆਂਦਾ ਸੀ ਧੀ ਲਈ
ਸਰਕਾਰ ਸਮੇਂ ਦੀ, ਸ਼ਾਹੂਕਾਰ ਕਿਤੇ ਸੁੰਡੀ ਅਮਰੀਕਾ ਦੀ
ਇਹ ਸਹਿੰਦੇ ਸਹਿੰਦੇ ਕਿੰਨੇ ਝੱਖੜ ਸਹਿ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

ਹਰੀ ਕਰਾਂਤੀ ਦੇ ਹੀਰੋ ਦਾ, ਰੰਗ ਹੋਰ ਹੋ ਗਿਆ
ਨੀਲੀਆਂ ਪੱਗਾਂ ਤੇ ਲਾਲ ਬੱਤੀਆਂ ਦਾ ਹੁਣ ਜੋਰ ਹੋ ਗਿਆ
ਚੌਂਕੀਦਾਰ ਜਿਹੜਾ ਵੀ ਚੁਣੀਏ ਓਹੀ ਚੋਰ ਹੋ ਗਿਆ
ਕਿਤੇ ਡੂੰਘੇ ਪਾਣੀ ਕਿਤੇ ਸੇਮ ਆਈ
ਖੇਤੀ ਸੌਦਾ ਘਾਟੇ ਦਾ ਤਜ਼ਰਬੇਕਾਰ ਕਹਿ ਗਏ
ਰੰਗਲੇ ਪੰਜਾਬ ਦੇ……..

ਤੇਈਏ ਦੇ ਤਾਪ ਵਾਂਗੂੰ ਸੱਪ ਕਰਜੇ ਦਾ ਲੜ ਜਾਂਦਾ
ਸੌਣੀ ਲਹਿ ਜਾਂਦਾ ਹਾੜੀ ਵੇਲੇ ਚੜ ਜਾਂਦਾ
ਜਦ ਜੀਮੀਂਦਾਰ ਬੁਢਾਪਾ ਪੈਨਸ਼ਨ ਦੀ ਲੈਨ ਚ ਖੜ ਜਾਂਦਾ
ਸਮਝੋ ਸਰਦਾਰੀ ਖੁੱਸ ਗਈ ਜਾਂ ਪੈਲੀ ਵਿਕ ਗਈ
ਜਾਂ ਟਰੈਕਟਰ ਖੜੀਆਂ ਕਿਸ਼ਤਾਂ ਦਾ ਬੈਂਕ ਵਾਲੇ ਲੈ ਗਏ
ਰੰਗਲੇ ਪੰਜਾਬ ਦੇ……

ਭੀੜ ਪਈ ਤੋਂ ਕਈ ਯੋਧੇ ਫਾਹੇ ਵੀ ਚੁੰਮ ਜਾਂਦੇ
ਕਈ ਜੰਮ ਪਲ ਪੜ ਲਿਖ ਏਥੋਂ ਠੰਢੇ ਮੁਲਕੀਂ ਗੁੰਮ ਜਾਂਦੇ
ਨਾਂ ਤਾਂ ਡਾਲਰ ਨਾਲ ਜਾਂਦੇ ਨਾ ਪਾਪ ਤੇ ਪੁੰਨ ਜਾਂਦੇ
ਜਿੰਦ ਲੇਖੇ ਲਾ ਇਸ ਧਰਤੀ ਦੇ ਝੁਟਾ ਆਊ ਸੁਰਗਾਂ ਦਾ
ਝਾੜ ਪਰਨੇ ਨਾਲ ਥੜੇ ਨੂੰ ਬਾਬੇ ਜਦ ਸੱਥ ਚ ਬਹਿ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

Published in: on ਫਰਵਰੀ 20, 2010 at 9:25 ਪੂਃ ਦੁਃ  Comments (6)  

ਸਾਡਾ ਪੁਰਾਣਾ ਘਰ

ਬਾਂਦਰ ਕਿੱਲਾ, ਗੁੱਲੀ ਡੰਡਾ, ਚੋਰ ਤੇ ਸਿਪਾਈ
ਊਚ ਨੀਚ, ਰੰਗ ਬੋਲ ਕਿਤੇ ਫਿਲਮੀ ਲੜਾਈ
ਪੁੱਛ ਕੇ ਜਵਾਨੀ ਨੂੰ ਉਹ ਕਿੱਥੇ ਗਈਆਂ ਖੇਡਾਂ
ਲੱਗੇ ਮੇਰਾ ਬਚਪਨ ਮੈਨੂੰ ਕਰੀ ਜਾਏ ਝਹੇਡਾਂ*
ਅੱਜ ਬੈਠੇ ਬੈਠੇ ਦੇ ਪੁਰਾਣਾ ਘਰ ਚੇਤੇ ਆ ਗਿਆ
ਕਿਤੇ ਡਿੱਗ ਕੇ ਕੰਧੋਲੀ* ਤੋਂ ਗਿਲਾਸ ਚਿੱਬਾ ਹੋ ਗਿਆ
ਕਿਤੇ ਵੇਹੜੇ ਵਾਲੀ ਤਾਰ* ਚ ਕਰੰਟ ਆ ਗਿਆ

ਪੱਠੇ* ਵੱਢ ਖੇਤੋਂ ਸੈਂਕਲ ਤੇ ਲੱਦ ਕੇ ਲਿਆਉਣੇ

ਹੋ ਟੋਕੇ* ਉੱਤੇ ਆਪ ਰੁੱਗ* ਸੀਰੀ ਤੋਂ ਲਵਾਉਣੇ

ਟਾਂਡਾ* ਕਾਣਾ ਕੋਈ ਚਰੀ ਦਾ ਝੁੱਗੇ ਤਾਂਈਂ ਰੰਗ ਗਿਆ

ਭਰ ਦਾਣਿਆਂ ਦਾ ਬਾਟਾ ਛੋਟਾ ਗੇਟ ਵੱਲ ਭੱਜਾ

ਕੁਲਫੀਆਂ ਵਾਲਾ ਭਾਂਪੂ ਮਾਰ ਗਲੀ ਵਿੱਚੋਂ ਲੰਘ ਗਿਆ

ਦਾਲ ਹਾਰੇ ਵਾਲੀ ਨਾਲੇ ਦੁੱਧ ਤੌੜੀ ਵਾਲਾ

ਬੇਬੇ ਦਾ ਉਹ ਚਰਖਾ ਪਹਾੜੀ ਕਿੱਕਰ ਵਾਲਾ

ਰਸੋਈ ਵਿੱਚ ਟਾਣ* ਉੱਤੇ ਮਰਤਬਾਨ* ਰੱਖੀ

ਭਰੇ ਗੰਢੀਆਂ ਦੇ ਟੋਕਰੇ  ਪਏ ਪੜਛੱਤੀ* ਉੱਤੇ

ਕਣਕ ਵਾਲੇ ਢੋਲ ਨਾਲ ਪੁੜਾਂ ਵਾਲੀ ਚੱਕੀ

ਪਹਿਲੇ ਦਿਨੋਂ ਪਿੰਡਾਂ ਵਾਲੇ ਹੁੰਦੇ ਨੇ ਘਤਿੱਤੀ*

ਗੰਨਾ ਖਿਚੇ ਬਿਣਾਂ ਟਰਾਲੀ ਕੋਈ ਜਾਣ ਨੀ ਸੀ ਦਿੱਤੀ

ਲੈ ਕੇ ਨੋਟ ਪੰਜਾਂ ਦਾ ਵਿਸਾਖੀ ਦੇਖਦੇ ਰਹੇ ਆਂ

ਕਈ ਲੁੱਟ ਕੇ ਗਹੀਰੇ* ਲੋਹੜੀ ਸੇਕਦੇ ਰਹੇ ਆਂ

ਮੋਟਰ ਵਾਲੀ ਕੋਠੀ ਤੇ ਕਲੀ ਨਾਲ ਹੈਪੀ ਦਿਵਾਲੀ ਲਿਖਿਆ

ਫੱਟੀ ਪੋਚ, ਕਲਮ ਘੜ, ਦਵਾਤ ਚ ਸ਼ਿਆਹੀ ਘੋਲੀ

ਫੇਰ ਕਿਤੇ ਜਾ ਕੇ ਅਸੀਂ ਊੜਾ ਆੜਾ ਸਿੱਖਿਆ

ਸ਼ਹਿਰੀਆਂ ਲਈ ਮਤਲਬ

*ਝਹੇਡਾਂ-ਵਿਅੰਗ, ਮਖੌਲ       *ਕੰਧੋਲੀ- ਰਸੋਈ ਨੂੰ ਬਾਕੀ ਘਰ ਤੋਂ ਵੱਖ ਕਰਦੀ ਦੀਵਾਰਨੁਮਾ ਨਿੱਕੀ ਕੰਧ

*ਚਿੱਬਾ-ਵਿੰਗਾ                     *ਤਾਰ-ਕੱਪੜੇ ਸੁੱਕਣੇ ਪਾਉਣ ਵਾਲੀ ਤਾਰ

*ਪੱਠੇ-ਚਾਰਾ ਪਸ਼ੂਆਂ ਦਾ         *ਟੋਕਾ-ਕੁਤਰੇ ਵਾਲੀ ਮਸ਼ੀਨ

*ਰੁੱਗ- ਭਰੀਆਂ, ਜੋ ਕਿ ਟੋਕੇ ਨੂੰ ਫੀਡ ਦਿੱਤੀ ਜਾਂਦੀ ਆ

*ਕਾਣਾ ਟਾਂਡਾ- ਮੱਕੀ ਜਾਂ ਚਰੀ ਦਾ ਕੋਈ ਪੌਦਾ ਖਰਾਬ ਹੋਣ ਦੇ ਕਾਰਨ ਲਾਲ ਰੰਗ ਦਾ ਜੂਸ ਤਰਾਂ ਪਾਣੀ ਛੱਡਦਾ

*ਟਾਣ-ਲੱਕੜ ਦੀ ਸ਼ੈਲਫ                       *ਮਰਤਬਾਨ- ਚੀਨੀ ਦਾ ਭਾਂਡਾ ਅਚਾਰ ਪਾਉਣ ਲਈ

*ਪੜਛੱਤੀ- ਵਰਾਂਡ ਚ ਇੱਕ ਸ਼ਤੀਰ ਰੱਖ ਕੇ ਉਪਰ ਫੱਟੇ ਲਾ ਕੇ ਸਮਾਨ ਰੱਖਣ ਲਈ ਬਾਣਾਈ ਜਗਹ, ਜਿਸਨੂੰ ਕਿ ਅੱਗੋਂ ਬੋਰੀਆਂ ਨਾਲ ਢਕ ਦਿੱਤਾ ਜਾਂਦਾ ਸੀ

*ਘਤਿੱਤੀ- ਵੈਹਬਤੀ, ਇੱਲਤੀ

*ਗਹੀਰਾ- ਪਾਥੀਆਂ ਸਟੋਰ ਕਰਨ ਲਈ ਕੋਨੀਕਲ ਸ਼ਕਲ

Published in: on ਫਰਵਰੀ 10, 2010 at 8:40 ਪੂਃ ਦੁਃ  Comments (4)