ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ

ਖੜੀ ਐਂ ਤਸੱਲੀ ਬਣ ਪਹਿਲੇ ਦਿਨੋਂ ਫੱਕਰ ਨਾ
ਰੱਬ ਦੀ ਸੌਂਹ ਸਾਨੂੰ ਨਾ ਕੋਈ ਤੇਰੇ ਜਿਹਾ ਟੱਕਰਨਾ
ਸਾਹਾਂ ਉਹਦਿਆਂ ਦੀ ਖੈਰ ਅਰਜੋਈ ਸਾਡੀ ਰੱਬ ਨੂੰ
ਯਾਰ ਦੀ ਖਾਤਰ ਜੀਹਨੇ ਵੈਰੀ ਕੀਤਾ ਜੱਗ ਨੂੰ
ਸੁਫਨੇ ਖਿਆਲਾਂ ਚ ਜੋ ਮੈਨੂੰ ਰਹਿੰਦੀ ਵੇਖ ਦੀ
ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ

ਹੰਝੂਆਂ ਚ ਗੁੰਨੀ ਪੱਕੇ ਵਾਅਦਿਆਂ ਦੀ ਮਿੱਟੀ
ਫੇਰ ਉਹਦੇ ਵਿੱਚ ਰੇਹ ਹੌਂਸਲੇ ਦੀ ਸਿੱਟੀ
ਜੜਾਂ ਵਿੱਚ ਪਾਣੀ ਦਿੱਤਾ ਰਾਂਝੇ ਮਿਰਜੇ ਦਾ ਜੂਠਾ
ਅੱਜ ਹੋ ਗਿਆ ਏ ਸਿਰ ਕੱਢ ਮੇਰੇ ਇਸ਼ਕੇ ਦਾ ਬੂਟਾ
ਮੂੰਹ ਜਵਾਨੀ ਤੈਨੂੰ ਇਸ਼ਕੇ ਦਾ ਊੜਾ ਆੜਾ ਦੱਸਿਆ
ਰਹੀ ਨਾ ਕੋਈ ਲੋੜ ਕੈਦੇ ਕਲਮ ਸਲੇਟ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਪਹਿਲੀ ਵਾਰੀ ਮਿਲੇ ਜਿੱਥੇ ਉਹ ਨਿੰਮ ਵਾਲੀ ਛਾਂ ਚੇਤੇ
ਇੰਜਨੀਅਰਿੰਗ ਕਾਲਜ ਫਿਰੋਜਪੁਰ ਨਾਂ ਚੇਤੇ
ਸ਼ੌਪਿੰਗ ਕੰਪਲੈਕਸ ਦਾ ਉਹ ਸਰਕਲ ਸਮਿੰਟ ਦਾ
ਜਿੱਥੇ ਤੇਰਾ ਹਿੱਲਿਆ ਸੀ ਸਿਰ ਕਹਿ ਕੇ ਹਾਂ ਚੇਤੇ
ਸ਼ਰਮ ਦੇ ਨਾਲ ਨੀ ਗੜੁੱਚ ਦੋਵੇਂ ਜਾਣੇ
ਮੈਂ ਤੈਨੂੰ ਦੇਖੀ ਗਿਆ ਤੂੰ ਮੈਨੂੰ ਰਹੀ ਦੇਖ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਤੇਰੇ ਲਈ ਤੇਰੇ ਭਾਈ ਜਦੋਂ ਬਾਹੁਤੇ ਵੱਡੇ ਗੁੰਡੇ ਸੀ
ਡੌਲਿਆਂ ਜਿਹੇ ਯਾਰ ਓਦੋਂ ਮੇਰੇ ਨਾਲ ਹੁੰਦੇ ਸੀ
ਬੰਨ ਸਬਰਾਂ ਦੇ ਊਣੇ ਹਾਲੇ ਦੇਖੀ ਜਾਊ ਜਦੋਂ ਭਰਗੇ
ਗੱਲ ਤੇਰੇ ਤੇ ਨੀ ਔਣ ਦਿੱਤੀ ਉੱਚੀ ਨੀਵੀਂ ਜਰ ਗੇ
ਜਿੰਦਗੀ ਚ ਉੰਜ ਝੱਖੜ ਤਾਂ ਝੁੱਲੇ ਨੇ ਬਥੇਰੇ
ਅਸੀਂ ਹੱਸ ਹੱਸ ਕੱਟੇ ਇੱਕ ਹੌਂਸਲੇ ਨਾਲ ਤੇਰੇ
ਸਾਡੀ ਜਿੰਦਗੀ ਦਾ ਰੂਟ ਹੁਣ ਤੇਰੇ ਪੈਰਾਂ ਦੇ ਹੈਠ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

Published in: on ਸਤੰਬਰ 24, 2010 at 9:36 ਪੂਃ ਦੁਃ  ਟਿੱਪਣੀ ਕਰੋ  

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ

ਕੋਈ ਮੱਛਰਦਾਨੀ ਲਾਈ ਬੈਠਾ ਮੋਟਰ ਵਾਲੇ ਕੋਠੇ ਤੇ

ਫੇਜ ਬਦਲਣਾ ਪੈਂਦਾ “ਆਗੀ ਉਏ” ਦੇ ਹੋਕੇ ਤੇ

ਖਾਲੇ ਖਾਲ ਜਵਾਨੀ ਸਧਰਾਂ ਦਾ ਨੱਕਾ ਮੋੜਨ ਜਾਵੇ

ਕਹੀ ਮੋਢੇ ਤੇ ਸੱਪਾਂ ਦੀਆਂ ਕੋਈ ਸਿਰੀਆਂ ਮਸਲਦਾ ਆਵੇ

ਬਾਬਿਆਂ ਦੀਆਂ ਮਟੀਆਂ ਰਾਤ ਪੈਣ ਤੇ ਦੀਵੇ ਵਾਂਗ ਜਗਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ

ਪੱਕੀ ਫਸਲ ਤੇ ਵਰ ਨਾ ਜਾਵੇ ਮੀਂਹ ਦੀ ਤਿਆਰੀ ਪੂਰੀ

ਬੱਦਲ ਤੋਂ ਪਹਿਲਾਂ ਦਾਣੇ ਮੰਡੀ ਸਿੱਟਣੇ ਬੜੀ ਜਰੂਰੀ

ਇਸ ਟੈਮ ਵਿੱਚ ਯਾਰਾਂ ਦੇ ਦਿਨ ਤੀਆਂ ਵਰਗੇ ਲੰਘਦੇ

ਆਥਣੇ ਜੇ ਤਿੰਨ ਲੰਡੂ ਜੇ ਪੈੱਗ ਸਿੱਟ ਲੀਏ ਵਿੱਚ ਸੰਘਦੇ

ਹੀਰ ਛੇੜ ਲੇ ਫੇਰ ਕੋਈ ਕਰ ਯਾਦ ਜਿਗਰ ਦੇ ਫੱਟ ਨੂੰ

ਪਿੜ ਵਿੱਚ ਪਈ ਸਿਔਨੌ ਵਰਗੀ ਹੁਣ ਨਾ ਬੁਲਾਈਂ ਜੱਟ ਨੂੰ

ਅਖਾਣ ਮੁਹਾਵਰੇ ਬੋਲੀਆਂ ਕਲੀਆਂ ਇਹਨਾਂ ਦੇ ਮੂੰਹੋਂ ਸਜਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ……

ਪਸ਼ੂ ਬਿਮਾਰ ਹੋਵੇ ਪਿੰਡ ਸਾਰੇ ਵਿੱਚ ਬਣ ਜਾਂਦਾ ਏ ਕਿੱਸਾ

ਗਾਈਆਂ, ਮੱਝਾਂ, ਬਲਦ ਤੇ ਘੋੜੇ ਇਸ ਜਿੰਦਗੀ ਦਾ ਹਿੱਸਾ

ਸ਼ੌਂਕਾਂ ਚੋਂ ਇੱਕ ਮੰਡੀ ਧਨੌਲੇ ਲੱਗਦੀ ਹਰ ਮਹੀਨੇ

ਕੁੱਕੜ ਲੜਾਉਂਦੇ, ਕੁੱਤੇ ਭਜਾਉਂਦੇ, ਜਾਂ ਬਾਜੀ ਤੇ ਉੱਡਦੇ ਚੀਨੇ

ਦਾਲ ਪਤੀਲੇ ਤੂੜੀ ਕੋਠੇ ਇਹਨਾਂ ਘਰਾਂ ਚ ਕਦੇ ਨਾ ਮੁੱਕੀ

ਖਲ ਵੜੇਵੇਂ ਦੀ ਰਲਦੀ ਸੰਨੀ ਭਾਵੇਂ ਆਪੇ ਖਾਈਏ ਰੁੱਖੀ

ਖੜੀਆਂ ਕਿੱਲਿਆਂ ਤੇ ਚਾਰ ਬੂਰੀਆਂ ਰਿਸ਼ਤੇਦਾਰੀ ਚੋਂ ਲਗਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ……

ਰਾਹਗੀਰ ਨੂੰ ਰਾਹ ਦੱਸਦੇ ਨੇ ਰੋਟੀ ਟੁੱਕ ਖਵਾਕੇ

ਬਾਬੇ ਬੋਹੜਾਂ ਵਰਗੇ ਬਹਿੰਦੇ ਸੱਥ ਚ ਮਹਜਮਾਂ ਲਾਕੇ

ਜਿਹੜੇ ਤੋਰ ਦੇਖ ਕੇ ਪਿੰਡ ਦੱਸਦੇ ਨੇ, ਵੱਟ ਤੇ ਖੜਕੇ ਵਾਹਣ ਚ ਵਿੰਗ ਦੱਸਦੇ ਨੇ

ਇਹ ਉਹ ਪਾਰਖੂ ਹੁੰਦੇ

ਗੱਲਾਂ ਚੋਂ ਗੱਲ ਕੱਢੀ ਜਾਂਦੇ ਲੱਗਣ ਨਾ ਦਿੰਦੇ ਭੁੰਜੇ

ਮੁੱਲੇ ਦੀ ਦੌੜ ਮਸੀਤਾਂ ਤਾਂਈ ਸਾਡੀ ਪਿੰਡ ਦੀ ਜੂਹ ਤੱਕ

ਤੈਥੋਂ ਬਿਨਾ ਤੈਨੂੰ ਦੱਸ ਦਿੱਤਾ ਨੀ ਜੋ ਵਸਦਾ ਸਾਡੀ ਰੂਹ ਵਿੱਚ

ਵਲੈਤੀ ਕਾਰਾਂ ਤੇ ਨਾ ਮੇਮਾਂ ਸਾਡੇ ਦਿਲ ਨੂੰ ਠੱਗਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ

–  ਨੈਣੇਵਾਲੀਆ

Published in: on ਸਤੰਬਰ 23, 2010 at 9:13 ਪੂਃ ਦੁਃ  Comments (1)  

ਹੋਈ ਫਕੀਰ ਦੀ ਮੈਂ ਹੀਰ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ਉਹ ਇਸ਼ਕੇ ਦਾ ਝੋਕਾ
ਅੱਗ ਹਿਜਰਾਂ ਦੀ ਲੱਗੀ ਨੀ ਸਿਆਣੀ ਗਈ ਠੱਗੀ
ਮੇਰੇ ਲਾਰਿਆਂ ਤੋਂ ਲੰਮੀ ਉਹਦੇ ਵਾਅਦਿਆਂ ਦੀ ਸੂਚੀ
ਕੱਚੀ ਕੰਧ ਕਲੀ ਕੀਤੀ ਫੇਰ ਪਿਆਰ ਵਾਲੀ ਕੂਚੀ

ਨਾਂ ਲਿਖ ਗਿਆ ਗੂੜਾ ਨੀ ਕਿਹੜੇ ਸੰਗਲਾਂ ਨਾ ਨੂੜਾਂ
ਦਿਲ ਮੰਨਦਾ ਨਾ ਗੱਲ ਰੰਗ ਚੜ ਗਿਆ ਚੋਖਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਮੇਰੇ ਲੱਗਿਆ ਨਾ ਆਖੇ ਚਿੱਤ ਟੁੱਟ ਪੈਣਾ ਮੂਰਾ
ਨੀ ਮੈਂ ਆਪੇ ਘੋਲ ਪੀਤਾ ਮਿੱਠੇ ਸ਼ਹਿਦ ਚ ਧਤੂਰਾ
ਚੜ ਗਿਆ ਨੀ ਖੁਮਾਰ ਮੈਂ ਹੋਈ ਆਪੋਂ ਬਾਹਰ
ਮੈਥੋਂ ਉੱਠਿਆ ਨਾ ਜਾਵੇ ਬਾਗ ਕੱਢਦੀ ਅਧੂਰਾ
ਪੱਬਾਂ ਭਾਰ ਫਿਰਾਂ ਨੱਸੀ ਨੀ ਮੈਂ ਕੱਲੀ ਜਾਂਵਾਂ ਹੱਸੀ
ਮੇਰਾ ਫੁੱਲਾਂ ਨਾਲੋਂ ਹੌਲਾ ਕਰ ਭਾਰ ਗਿਆ
ਮਾਪਿਆਂ ਦੀ ਲਾਡਲੀ ਤੇ,
ਨੀ ਉਹ ਝੱਲ ਇਸ਼ਕੇ ਦਾ ਖਿਲਾਰ ਗਿਆ

ਨੀ ਦੱਸ ਹਾਸਿਆਂ ਚ ਕੌਣ ਤੇਰਾ ਹਾਸਾ ਨਈਂਓਂ ਫੋਕਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨੀ ਮੈਂ ਚੁੰਨੀ ਨਾਲ ਢਕੀ ਹਾਰੇ ਹੌਂਸਲੇ ਦੇ ਰੱਖੀ
ਦੇਕੇ ਬੁੱਕਲ ਦੀ ਨਿੱਘ ਮਸਾਂ ਯਾਰੀ ਕੀਤੀ ਪੱਕੀ
ਉਮਰ ਕੱਚੀ ਦੀਆਂ ਲਾਈਆਂ ਜਿੰਨਾ ਤੋੜ ਨਿਭਾਈਆਂ
ਮੇਲੇ ਲਗਦੇ ਮਸੀਤੀਂ ਰੰਨਾਂ ਸੁੱਖ ਦੇਣ ਆਈਆਂ
ਕੱਲ ਸੁਫਨੇ ਚ ਆਕੇ ਉਹਨੇ ਬਾਂਹਵਾਂ ਵਿੱਚ ਚੱਕੀ
ਲੱਕ ਖਾ ਗਿਆ ਮਰੋੜਾ ਮੇਰੇ ਚੀਸ ਉੱਠੀ ਵੱਖੀ
ਪੀ ਗਿਆ ਨੀ ਨੀਝ ਲਾਕੇ ਵੈਰੀ ਜੋਬਨਾ ਦਾ ਡੋਕਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨਾ ਅੱਖ ਲੱਗੇ ਤੇ ਨਾ ਖੁੱਲੇ ਮੈਂਨੂੰ ਸੁਫਨੇ ਵੀ ਭੁੱਲੇ
ਬੱਦਲ ਤੇ ਨੈਣ ਕਈ ਵਾਰੀ ਕੱਠੇ ਡੁੱਲੇ
ਬੇਬੇ ਖਿੱਚੀ ਜੁੱਤੀ ਤੰਦ ਸੋਚਾਂ ਵਾਲੀ ਟੁੱਟੀ
ਦੁੱਧ ਉੱਬਲ ਕੇ ਨਿੱਤ ਪੈ ਜਾਵੇ ਵਿੱਚ ਚੁੱਲੇ
ਹੋਗੀ ਕੁੜਤੀ ਨੀ ਤੰਗ ਮੈਨੂੰ ਦੱਸ ਲੱਗੇ ਸੰਗ
ਜਦੋਂ ਲਵਾਂ ਅੰਗੜਾਈ ਟਿੱਚ ਬਟਨ ਆਪੇ ਖੁੱਲੇ
ਲੜ ਗਿਆ ਡੇਂਹਬੂ ਬਣ ਪਤਲੇ ਜੇ ਲੱਕ ਤੇ
ਢਾਕਾਂ ਤੇ ਨਿਸ਼ਾਨ ਨੀਲੇ ਲਾਲ ਅਣਮੁੱਲੇ

ਫਿਰਾਂ ਖੰਭ ਵਾਂਗੂ ਉੱਡੀ ਜਦੋਂ ਉਹਦੇ ਬਾਰ ਸੋਚਾਂ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨੀ ਉਹਦਾ ਪਿੰਡ ਨੈਣੇਵਾਲਾ ਨਾ ਬਾਹਲਾ ਗੋਰਾ ਤੇ ਨਾ ਕਾਲਾ
ਜਦੋਂ ਸੰਗ ਕੇ ਜੇ ਹੱਸੇ ਰੁੱਗ ਭਰੇ ਦਿਲਵਾਲਾ
ਨੀ ਉਹਦੀ ਤੱਕਣੀ ਚ ਜਾਦੂ ਝੱਟ ਕਰ ਲੈਂਦਾ ਕਾਬੂ
ਖੇਤਾਂ ਮੰਡੀਆਂ ਦਾ ਰਾਜਾ ਵਾਧੇ ਘਾਟੇ ਦਾ ਹਿਸਾਬੂ
ਉਹ ਮਿੱਟੀ ਲਾਂਵਾ ਮੱਥੇ ਮੇਰਾ ਯਾਰ ਵਸੇ ਜਿੱਥੇ
ਨੀ ਮੇਰੇ ਮੂੰਹਜਵਾਨੀ ਯਾਦ ਰੂਟ ਮਿੰਨੀ ਬੱਸ ਵਾਲਾ
ਚਾਰ ਕੋਹ ਸ਼ਹਿਣੇ ਤੋਂ ਨਵਾਂ ਜਿਲਾ ਬਰਨਾਲਾ
ਜਾਂਦੀ ਪਿੰਡਾਂ ਵਿਚਦੀ ਬਠਿੰਡੇ ਨੀ ਮੈਂ ਹੱਥ ਦੇ ਕੇ ਰੋਕਾਂ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ਉਹ ਇਸ਼ਕੇ ਦਾ ਝੋਕਾ

Published in: on ਸਤੰਬਰ 14, 2010 at 5:34 ਪੂਃ ਦੁਃ  Comments (2)  

ਇਹ ਆ ਗੱਲ ਓਦੋਂ ਦੀ

ਕੱਟ ਚੱਪਲ ਨੂੰ ਕੜੇ ਨਾਲ ਟੈਰ ਬਨਾਉਣੇ
ਟੈਰਾਂ ਵਾਲੇ ਰੇਹੜੇ ਸਾਡੇ ਹੁੰਦੇ ਸੀ ਖਿਡਾਉਣੇ
ਬੰਟਿਆਂ ਦੇ ਨਾਲ ਗੀਝੇ ਰਹਿੰਦੇ ਭਰੇ ਤੇ ਭਰਾਏ
ਮੋਮੀ ਜਾਮ ਤੀਲਾਂ ਸੂਲਾਂ ਦੇ ਪਤੰਗ ਵੀ ਬਣਾਏ
ਅੱਧੀ ਕੈਂਚੀ ਸੈਂਕਲ ਆਪੇ ਸਿੱਖੇ ਹੁੰਦੇ ਸੀ
ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਛੂਹਣ ਛਲੀਕੀ ਸਾਰੇ ਪਿੰਡ ਵਿੱਚ ਭੱਜਣਾ
ਕਿਸੇ ਦਾ ਵੀ ਘਰ ਬੇਗਾਨਾ ਜਾ ਨਾ ਲੱਗਣਾ
ਨਿੱਤ ਹੀ ਬੇਬੇ ਕੋਲੋਂ ਪੈਦੀਆਂ ਸੀ ਚੰਡਾਂ
ਗਲੀਆਂ ਚ ਬੜਾ ਖੇਡਿਆ ਏ ਗੁੱਲੀ ਡੰਡਾ
ਦਾਤੀ ਮੂਹਰੇ ਹੈਂਡਲ ਚ ਟੰਗੀ ਹੁੰਦੀ ਸੀ
ਪੱਠੇ ਟੂਪ ਨਾਲ ਬੰਨੇ ਕਾਠੀ ਪਿੱਛੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਭੱਜਦਿਂਆ ਛਿੱਤਰਾਂ ਦੀ ਹੁੰਦੀ ਬਰਸਾਤ ਸੀ
ਬਾਂਦਰ ਕਿੱਲੇ ਦੀ ਬੜੀ ਖੇਡ ਖਤਰਨਾਕ ਸੀ
ਸੂਏ ਲੀਰਾਂ ਸੁੱਬੇ ਨਾਲ ਗੰਢ ਕੇ ਬਣਾਈ
ਅੱਧੀ ਛੁੱਟੀ ਵੇਲੇ ਖਿੱਦੋ ਮਾਰ ਕੁਟਾਈ
ਸਕੂਲੋਂ ਭੱਜ ਟਿੱਬੇ ਆਲੇ ਖੇਤ ਵੱਜਣਾ
ਬੇਰੀਆਂ ਅਮਰੂਦ ਮਲੇ ਜਿੱਥੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਝੁੱਗਿਆਂ ਦੀ ਜੇਬ ਤੋਂ ਨਾ ਜਾਮਣਾ ਦਾ ਰੰਗ ਜਾਂਦਾ
ਘਰੇ ਪਰਾਉਣਾ ਆਇਆ ਦੇਖ ਹਰ ਕੋਈ ਸੰਗ ਜਾਂਦਾ
ਫਿਲਮਾਂ ਦੀਆਂ ਫੋਟੋਮਾਂ ਦਾ ਸ਼ੌਂਕ ਬਹੁਤ ਹੁੰਦਾ ਸੀ
ਧਰਮਿੰਦਰ ਐਕਟਰ ਤੇ ਮਰੀਸ਼ ਪੁਰੀ ਗੁੰਡਾ ਸੀ
ਚੂਪ ਚੂਪ ਫੋਲਕ ਖਲਾਰ ਦੇਣੇ ਗਲੀਆਂ ਚ
ਗੰਨੇ ਅਸੀਂ ਟਰਾਲੀਆਂ ਚੋਂ ਖਿੱਚੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਮਾਸ਼ਟਰ ਜਦੋਂ ਨਤੀਜਾ ਦੱਸਣ ਲਈ ਢੁੱਕਣੇ
ਨਿੰਮ ਦੇ ਫੁੱਲ ਪਾਸ ਹੋਇਆਂ ਉੱਤੋਂ ਸੁੱਟਣੇ
ਬੋਰੀ ਵਾਲੇ ਝੋਲੇ ਉੱਤੇ ਡੁੱਲੀ ਸ਼ੀਆਹੀ ਦੇ ਚਟਾਕ
ਸਲੇਟ ਸਲੇਟੀ ਫੱਟੀ ਕਲਮ ਦਵਾਤ
ਟੀ ਵੀ ਤੇ ਸਮੂਚ ਸੀਨ ਲੁੱਚੀ ਗੱਲ ਲੱਗਦੀ
ਨਾ ਪਿੰਡਾਂ ਦੇ ਜਵਾਕ ਐਨੇ ਤਿੱਖੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

Published in: on ਸਤੰਬਰ 3, 2010 at 9:59 ਪੂਃ ਦੁਃ  Comments (3)