ਢੋਲ ਵਾਲਾ ਗੁਸਲਖਾਨਾ-

ਮੈਨੂੰ ਮੇਰੇ ਬਾਹਰਲੇ ਮੁਲਕ ਵਸਦਿਆਂ ਯਾਰ ਬੇਲੀਆਂ ਦੀਆਂ ਫੋਟੋਮਾਂ ਦੇਖਣ ਦੀ ਆਦਤ ਐ, ਪਿੱਛੇ ਜੇ ਮੇਰੇ ਨਾਲ ਦਸਵੀਂ ਤੱਕ ਪੜੇ ਧਨੌਲੇ ਵਾਲੇ ਭੁਪਿੰਦਰ ਗਿੱਲ ਦੇ ਕਨੇਡਾ ਚ ਨਵੇਂ ਲਏ
ਘਰ ਦੀਆਂਤਸਵੀਰਾਂ ਦੇਖੀਆਂ ਚਿੱਤ ਬਾਗੋ ਬਾਗ ਹੋ ਗਿਆ, ਜਿਵੇਂ ਫਿਲਮਾਂ ਚ ਹੁੰਦੇ ਆ ਹੂ ਬਹੂ ਓਹੀ ਘਰ, ਓਥੋਂ ਮੇਰੇ ਸਾਡੇ ਪਿੰਡ ਵਾਲੇ ਮਿਸਤਰੀ ਬਾਬਾ ਬਖਤੌਰੇ ਦੀ ਗੱਲ ਯਾਦ ਆ ਗਈ| ਬਖਤੌਰਾ ਬਾਬਾ ਮੇਰੇ ਦਾਦੇ ਦਾ ਚੰਗਾ ਬੇਲੀ ਸੀ, ਦਾਦੇ ਨੇ 1961 ਚ ਹਵੇਲੀ ਪਾਉਣ ਦੀ ਜਿੰਮੇਵਾਰੀ ਬਾਬੇਨੂੰ ਦਿੱਤੀ| ਕਹਿੰਦੇ ਕੰਮ ਲੱਗ ਭੱਗ ਪੂਰਾ ਹੋ ਚੁੱਕਿਆ ਸੀ,ਇੱਕ ਗੁਸਲਖਾਨਾ ਤੇ ਰਸੋਈ ਰਹਿ ਗੇ| ਚਾਰੇ ਕੰਧਾਂ ਕੱਢ ਕੇ, ਛੱਤ ਤੇ ਬਾਲਿਆਂ ਤੇ ਟਾਇਲਾਂ ਰੱਖਣ ਲਈ (ਉਹ ਵੇਲਿਆਂ ਚ ਸੀਮਿੰਟ ਯਾਂ ਲੈਂਟਰ ਨਹੀਂ ਹੁੰਦੇ ਸੀ,) ਗੁਸਲਖਾਨੇ ਦੇ ਵਿਚਕਾਰ ਡੀਜਲ ਵਾਲਾ ਢੋਲ ਰੱਖ ਲਿਆ ਜਿਸਤੇ ਖੜੇ ਹੋ ਕੇ ਛੱਤ ਤੇ ਟਾਇਲਾਂ ਚਿਣੀਆਂ ਗਈਆਂ , ਛੱਤ ਪੂਰੀ ਹੋ ਗਈ ਗੁਸਲਖਾਨਾ ਬਾਣ ਗਿਆ, ਯੱਭ ਇਹ ਪੇ ਗਿਆ ਕਿ ਗੁਸਲਖਾਨੇ ਦਾ ਬਾਰ ਛੋਟਾ ਰਹਿ ਗਿਆ ਢੋਲ ਬਾਹਰ ਨਾ ਨਿੱਕਲੇ, ਸਦਕੇ ਪਿੰਡ ਵਾਲੇ ਮਿਸਤਰੀਆਂ ਦੇ ਸਿਆਣੇ ਆਪਣੀ ਆਪਣੀ ਸਲਾਹ ਦੇਣ ਲੱਗ ਪਏ , ਸਦਾਗਰ ਡਰੈਵਰ ਕਹਿੰਦਾ ਕੰਧ ਢਾਹ ਕੇ ਬਾਰ ਵੱਡਾ ਕਰ ਲੋ, ਜੋਰਾ ਮੈਂਬਰ ਆਖੇ ਛੱਤ ਧੇੜ ਲੋ ਹਾਰ ਕੇ ਬਖਤੌਰੇ ਬਾਬੇ ਨੇ ਸਲਾਹ ਦਿੱਤੀ  ਕਹਿੰਦਾ ਜਗਹ ਬਥੇਰੀ ਆ ਇਹਨੂੰ ਇੱਕ ਖੂੰਜੇ ਚ ਪਿਆ ਰਹਿਣ ਦੇਓ ਇਹ ਦੇ ਤੇ ਈ ਸਾਬਣ ਤੇਲ ਰੱਖ ਲਿਆ ਕਰੋ| ਸਾਰਿਆਂ ਨੂੰ ਸਲਾਹ ਜਚ ਗੀ ਤੇ ਮੇਰੇ ਯਾਦ ਆ ਕਿ ਬਾਬਾ ਗਾਂਧਾ ਸਿੰਘ ਸਕੂਲ ਪੜਦਿਆਂ ਮੈਂ ਦਸਵੀਂ ਤੱਕ ਢੋਲ ਵਾਲੇ ਗੁਸਲਖਾਨੇ ਚੋਂ ਈ ਈਸ਼ਨਾਨੇ ਸੋਧ ਕੇ ਜਾਂਦਾ ਰਿਹਾਂ| ਭਾਵੇਂ ਬਾਅਦ ਚੋਂ ਮਗਰਲੇ ਪਾਸੇ ਤੂੜੀ ਵਾਲੀ ਸਬਾਤ ਤੇ ਪਸ਼ੂਆਂ ਵਾਲਾ ਵਰਂਡਾ ਢਾਹ ਕੇ ਓਥੇ ਸ਼ਹਿਰੀ ਹਿਸਾਬ ਨਾਲ ਘਰ ਪਾਇਆ ਗਿਆ ਮਤਲਬ ਡਰਾਇੰਗ ਰੂਮ ਬੈੱਡ ਰੂਮ ਆਦਿ ਤੇ ਢੋਲ ਵੱਢ ਕੇ ਕੱਢਿਆ ਗਿਆ ਪਰ ਉਹ ਅਜੇ ਵੀ ਢੋਲ ਵਾਲਾ ਗੁਸਲਖਾਨਾ ਈ ਵੱਜਦਾ|
ਮੇਰੇ ਸਾਰੇ ਰਿਸ਼ਤੇਦਾਰ ਭੂਆ ਮਾਸੀਆਂ ਮਾਮੇ ਸਭ ਲਈ “ਢੋਲ ਵਾਲਾ ਗੁਸਲਖਾਨਾ” ਸਾਡੇ ਘਰੇ ਇੱਕ ਆਮ ਸ਼ਬਦ ਆ| ਨਵੀ ਕੋਠੀ ਤਾਂ ਪਾ ਲਈ ਪਰ ਨਾਂ ਤਾਂ ਸਾਡੇ ਡਰਾਇੰਗ ਰੂਮ ਰੱਖਣ ਲਈਸੋਫੇ ਸੀ, ਨਾਂ ਬੈੱਡ ਸੀ ਨਾ ਡਾਈਨਿੰਗ ਟੇਬਲ ਵਗੈਰਾ ਤੇ ਹੁਣ ਲੌਬੀ ਆ ਕਿ ਗੈਸਟ ਰੂਮ ਚਾਰੇ ਪਾਸੇ ਦਾਦੀ ਦੇ ਬੁਣੇ ਵੇ ਮੰਜੇ ਈ ਪਏ ਆ ਵੱਡੇ ਪਾਵਿਆਂ ਵਾਲੇ| ਪਿੱਛੇ ਜੇ ਬਾਬਾ ਬਖਤੌਰਾ ਨਵੀਂ ਪਾਈ ਕੋਠੀ ਦੇਖਣ ਆ ਗਿਆ ਮੈਂ ਵੀ ਪਿੰਡ ਗਿਆ ਵਾ ਸੀ , ਬਾਬੇ ਨੇ ਨਰੀਖਣ ਕੀਤਾ ਤੇ ਸਿੱਟਾ ਕੱਢ ਮਾਰਿਆ ਕਹਿੰਦਾ ਗੱਲ ਬਾਤ ਪੇਸ਼ ਨੀ ਹੋਈ, ਕਹਿੰਦਾ ਆਪਾਂ ਇਹਦੇ ਤੇ ਚੁਬਾਰੇ ਪਾਉਣੇ ਆਂ ਮੈਨੂੰ ਮਿਣਤੀ ਲੈਣ ਦੇ ਜਾਹ ਮੇਰਾ ਝੋਲੇ ਚੋਂ ਫੀਤਾ ਕੱਢ ਕੇ ਲਿਆ ਮੈਂ ਕਿਹਾ ਝੋਲਾ ਕਿੱਥੇ ਆ ਬਾਬਾ ਉਹ ਦੇ ਮੂੰਹੋਂ ਸਭਾਵਿਕ ਈ ਨਿੱਕਲ ਗਿਆ ” ਢੋਲ ਵਾਲੇ ਗੁਸਲਖਾਨੇ ਦੇ ਬਾਹਰ ਕਿੱਲੇ ਤੇ” ਮੈਂ ਦੰਦੀਆਂ ਕੱਢਦਾ ਫੀਤਾ ਲੈਣ ਤੁਰ ਪਿਆ|

Published in: on ਦਸੰਬਰ 5, 2009 at 7:17 ਪੂਃ ਦੁਃ  Comments (3)  

ਅੰਨਦਾਤਾ

ਸਿਰ ਤੇ ਮਾੜਾਸਾ ਮਾਰੇ ਪਰਨੇ ਚੋਂ ਮੁੜਕਾ ਕੰਨ ਨੂੰ ਲੱਗੇ ਫੋਨ ਨੂੰ ਤਰ ਕਰ ਰਿਹਾ ਸੀ,

ਉਹ ਕਿਸੇ ਧੁੱਪ ਤੋਂ ਬਚਣ ਵਾਲੀ ਕਰੀਮ ਬਾਰੇ ਦੱਸ ਰਹੀ ਸੀ
ਜੋ ਉਸਦੀ ਕਨੇਡਾ ਵਾਲੀ ਮਾਸੀ ਨੇ ਸਮਾਨ ਸਹਿਤ ਘੱਲੀ ਸੀ,

ਰੇਤਾ ਮੁੜਕੇ ਨਾਲ ਰਲ ਕੇ ਕਰੀਮ ਬਣ ਗਿਆ, ਮੋਬੈਲ ਮੇਰੇ ਹੱਥੋਂ ਪਾਣੀ ਨਾਲ ਨੱਕੋ ਨੱਕ ਭਰੇ ਝੋਨੇ ਦੇ ਵਾਹਣ
ਚ ਜਾ ਡਿੱਗਿਆ, ਲੱਗਿਆ ਹਜ਼ਾਰ ਰਪੀਏ ਚ ਪਾਣੀਪੈ ਗਿਆ,

ਢੂਹੀ ਤੇ ਬੰਨੀ ਸਪਰੇ ਵਾਲੀ ਢੋਲੀ ਨੇ ਸ਼ਾਬਾਸ਼ ਦਿੱਤੀ, ਕੋਡੇ ਹੋਏ ਦੇ ਮੱਥੇ ਚੋਂ ਨਮਕੀਨ ਬੂੰਦਾਂ, ਭਾਈ ਲਾਲੋ ਦੇ ਖਿਲਾਫ
ਮਰਦਾਨੇ ਦੀਆਂਰੋਟੀਆਂ ਚੋਂ ਡਿੱਗਦੀਆਂ ਦੁੱਧ ਦੀਆਂ ਬੂੰਦਾਂ ਲੱਗੀਆਂ|

ਮੈਨੂੰ ਮੋਬੈਲ ਸਮੇਤ ਮੇਰਾ ਅਕਸ ਖੜੇ ਪਾਣੀ ਚੋਂ ਦਿਖਾਈ ਦਿੱਤਾ “ਉੱਠ ਸ਼ੇਰਾ ਕਿਉਂ ਹੌਂਸਲਾ ਸਿੱਟਿਆ..” ਜਿਵੇਂ
ਸੁਰਗਾਂ ਚੋਂ ਬਾਪੂ ਬੋਲ ਰਿਹਾ ਸੀ, ਜੋ ਬੋਲੇ ਸੋ ਨਿਹਾਲ ਮੇਰਾ ਅੰਦਰ ਬੋਲਿਆ..”ਸਤਿ ਸ਼ਰੀ ਅਕਾਲ…..” ਹਜ਼ਾਰਾਂ ਝੋਨੇ ਦੇ ਬੂਟੇ ਬੋਲੇ…

ਮੋਬੈਲ ਵੀ ਮੇਰੇ ਵਾਂਗੂੰ ਢੀਠ ਸੀ..ਫੇਰ ਟਾਵਰ ਫੜ ਗਿਆ, ਢੀਠ ਜੀਹਨੂੰ ਧੁੱਪ ਨੀ ਲੱਗਦੀ, ਜਿਹਦਾ ਚੰਮ ਹਰ ਛਿਮਾਹੀਂ ਹਾੜੀ ਜਾਂ ਝੋਨੇ ਲੱਗਦਾ, ਜਿਹੜਾ ਪਿੰਡ ਚ ਰਹਿੰਦਾ ਸੀ,
ਮੋਬੈਲ ਫੇਰ ਖੜਕਿਆ ਉਹ ਫੇਰ ਬੋਲੀ ” ਮੇਰਾ ਕਨੇਡਾ ਦਾ ਸ਼ਾਇਦ ਕੇਸ ਬਣ ਜੇ, ਮਾਸੀ ਨੇ ਕਾਗਜ਼ ਭੇਜੇ ਆ.. ਤੂੰ ਵੀ ਕਾਗਜ਼ ਭਰਦੇ..”
ਮੈਂ ਨੀਲੇ ਫੋੜ ਦੀ ਸੀਟ ਤੇ ਡਿਪਟੀ ਬਣਿਆ ਬੈਠਾ ਸੀ ਖੇਤੋਂ ਜਾਂਦੀ ਪਹੀ ਚ ਟੋਏ ਮੈਨੂੰ ਝੂਟੇ ਦੇ ਰਹੇ ਸੀ ਫੇਰ ਮੈਂ ਬੋਲਿਆ ” ਤੈਨੂੰ ਤਾਂ ਮੰਨੀਏਂ ਜੇ ਨੈਣੇਵਾਲ ਦਾ ਵੀਜ਼ਾ ਲਵਾਕੇ ਦਿਖਾਵੇਂ…”
ਰੇਸ ਮੱਲੋਜੋਰੀ ਨੱਪੀ ਗਈ ਫੋੜ ਨੇ ਲਲਕਾਰਾ ਮਾਰਿਆ, ਕੱਚਾ ਰਾਹ ਮਸ਼ੂਕ ਵਾਂਗੂੰ ਪਿੰਡ ਵਾਲੀ ਸੜਕ ਨੂੰ ਮਿਲ ਗਿਆ, ਟਰੈਕਟਰ ਟਰਾਲੀ ਦੀ ਉੰਗਲੀ ਫੜੀ ਜਿਵੇਂ ਮੈਨੂੰ ਟਰਾਲੀ ਦੇ ਡਾਲੇ
ਵੱਲ ਇਸ਼ਾਰਾ ਕਰ ਰਿਹਾ ਸੀ, ਡਾਲੇ ਤੇ ਲਿਖਿਆ ਸੀ- ਅੰਨਦਾਤਾ

Published in: on ਦਸੰਬਰ 4, 2009 at 4:54 ਪੂਃ ਦੁਃ  ਟਿੱਪਣੀ ਕਰੋ