ਕੱਚੀ ਨੀਂਦ ਸੋਚਾਂ ਦੀ ਪੀਂਘ-

ਡੇਢ ਵਜੇ ਵਾਲੀ ਰੇਲ ਜਿਵੇਂ
ਕਦੇ ਆਉਣਾ ਨਾ ਭੁੱਲਦੀ
ਅੱਜ ਫੇਰ ਅੱਧੀ ਰਾਤੀਂ
ਮੇਰੀ ਅੱਖ ਖੁੱृਲ ਗੀ
ਸੋਚਾਂ ਤੋੜ ਮੈਨੂੰ ਲਾਈ
ਰਾਤ ਨਾ ਕੱਟੇ..
ਅੰਗੜਾਈਆਂ,ਉਬਾਸੀਆਂ,ਉੱਸਲਵੱਟੇ…
ਪਹਿਲਾ ਖੱਬੇ ਪਾਸਾ ਲਿਆ-
“ਆਪਣਾ ਵਿਆਹ ਹੋਜੂ-ਸੀ ਮਾਸ਼ੂਕ ਨੇ ਕਿਹਾ
ਪਹਿਲੀ ਉਬਾਸੀ-ਵਿਆਹ ਦਾ ਖਰਚ ਕਿਥੋਂ ਆਊ,
ਸਿਉਣਾ,ਸੂਟ ਵਰੀ ਦੇ,ਛਾਂਪਾਂ
ਟੈਂਟ ਵੀ ਲੱਗਦਾ ਆਪ ਈ ਲਾਊੰ.
ਦੂਜੀ ਉਬਾਸੀ-“ਵਿਆਹ ਤੋਂ ਬਾਅਦ ਘੁੰਮਣ
ਠੰਡੇ ਮੁਲਕ ਜਿੱਥੇ ਪੈਂਦੀ ਬਰਫ ਆ,
ਮੇਰੇ ਬੈਂਕ ਖਾਤੇ ਜਮਾਂ ਨਕਦੀ
ਪਾਕਿਸਤਾਨ ਦੇ ਵੀਜ਼ੇ ਤੋਂ ਵੀ ਅਸਮਰਥ ਆ.
ਦੂਜਾ ਪਾਸਾ ਖੱਬੇ-
“ਸੋਹਣਾ ਜਾ ਘਰ ਬਣਾਵਾਂਗੇ “……
ਪਹਿਲੀ ਉਬਾਸੀ-
ਲੈਣਾ ਦਾਜ ਨੀ ਚੱਕਣਾ ਵਿਆਜ ਨੀ
ਫਰਿੱਜ,ਟੈਲੀਵੀਜ਼ਨ,ਕੂਲਰ,ਸੋਫੇ,ਪੇਟੀ
ਕਿੱਥੋਂ ਲਿਆਵਾਂਗੇ……
ਦੂਜੀ ਉਬਾਸੀ-“ਮੇਰਾ ਪਿਉ ਸ਼ਾਹੂਕਾਰ
ਮੇਰੇ ਭਾਈ ਕੋਲ ਵੱਡੀ ਕਾਰ”
ਪਰ ਮੇਰੇ ਸਕੂਟਰ ਦਾ ਇੰਜਨ
ਮਹੀਨੇ ਚ ਖੁੱਲੇ ਦੋ ਵਾਰ
ਕੀਹਤੋਂ ਮੰਗ ਕੇ ਲਿਜਾਊੰ ਕਾਰ…
“ਅੰਮਰਿਤ ਵੇਲੇ ਦਾ ਜਾਗਣਾ ਜੇ ਕੋਈ ਜਾਗੇ ਨਿੱਤ..”(ਗੁਰਬਾਣੀ)
 ਏਦਾਂ ਦੇ ਲਫਜ਼
ਫਿਕਰ ਹਵਾ ਵਿੱਚ ਰੋਲ ਗਏ
ਰੇਲ ਪੰਜ ਵਾਲੀ ਤੇ ਨੀਂਦ ਆ ਗਈ
ਡੇਰੇ ਵਿੱਚ ਪਾਠੀ ਬੋਲ ਪਏ.

Published in: on ਨਵੰਬਰ 28, 2008 at 7:12 ਪੂਃ ਦੁਃ  ਟਿੱਪਣੀ ਕਰੋ  
Tags:

ਜਿਓਣ ਜੋਗਾ ਜੋਗੀ ਜੱਗੋਂ ਤੇਹਰਵਾਂ-

ਦੁੱਖ ਤੋੜ ਗਿਆ ਜੋ ਪਾਪਣ ਦੇ
ਇੱਕ ਜੋਗੀ ਖੱਟ ਗਿਆ ਪੁੰਨ ਕੁੜੀਓ
ਪੈਂਡੇ ਅੱਖੀਆਂ ਹਿਰਦੇ ਝਾਕ ਗਿਆ
ਜੇਠ ਦੁਪੈਹਰੇ ਹੋ ਗੀ ਸੁੰਨ ਕੁੜੀਓ
ਜੋ ਨਿੱਬੜਨਾ ਸੀ ਝੱਖੜਾਂ ਤੋਂ
ਓਹ ਹਵਾ ਦਾ ਬੁੱਲਾ ਸਾਰ ਗਿਆ
ਖਿੰਡ ਗੀ ਡੇਹਕ ਦੇਆਂ ਫੁੱਲਾਂ ਜਈ
ਓਹ ਚੋਲੇ ਦੀ ਝੱਲ ਮਾਰ ਗਿਆ
ਡੌਲੇ ਤਵੀਤ ਦੁਆਲੇ ਧੌਣ ਮਾਲਾ
ਪਾਈ ਖੈਰ ਮੈਂ ਕਿਉਂ ਕਮਲੀ ਨੇ
ਮੈਂ ਪੱਟਤੀ ਕੰਨ ਦੀਆਂ ਮੁੰਦਰਾਂ ਨੇ
ਮੈਂ ਲੁੱਟ ਲਈ ਹੱਥ ਵਿੱਚ ਵੰਝਲੀ ਨੇ
ਪਹਿਲੀ ਦਿੱਖ ਦਰਵੇਸ਼ ਜਾਪੇ ਨਾ
ਲੱਗੇ ਸਿੱਧ ਨਾ ਜਿਹੜਾ ਗੱਲਾਂ ਤੋਂ
ਚਿਹਰਾ ਸੁਰਖ ਦਾਹੜੀ ਸ਼ਾਹ ਕਾਲੀ
ਪੈਰ ਗੋਰੇ ਜੱਟੀ ਦੀਆਂ ਗੱृਲਾਂ ਤੋਂ
ਜਾਮ-ਏ-ਇਸ਼ਕ ਹਲਕੋਂ ਪਾਰ ਹੋਇਆ
ਹੋਈ ਨਸ਼ੇ ਚ ਫਿਰਾਂ ਟੁੰਨ ਕੁੜੀਓ
ਦੁੱਖ ਤੋੜ ਗਿਆ ਜੋ ਪਾਪਣ ਦੇ
ਇੱਕ ਜੋਗੀ ਖੱਟ ਗਿਆ ਪੁੰਨ ਕੁੜੀਓ

Published in: on ਨਵੰਬਰ 27, 2008 at 4:59 ਪੂਃ ਦੁਃ  ਟਿੱਪਣੀ ਕਰੋ  
Tags:

ਮਰਜਾਣੀਆਂ

ਹਰੇਕ ਕੁੜੀ ਕਿੰਨੀ ਸਲੀਕੇ ਮੰਦ ਹੁੰਦੀ ਆ
ਹਰੇਕ ਦੀ ਜੀਵਨ ਜਾਂਚ ਕਿੰਨੀ
ਅਨੁਸ਼ਾਸਨਿਕ ਤੇ ਜ਼ਾਬਤ ਹੁੰਦੀ ਆ.
(ਮੈਂ ਪੰਜਾਬ ਦੀਆਂ ਕੁੜੀਆਂ ਦੀ ਗੱਲ ਕਰ ਰਿਹਾਂ)
ਐਨੇ ਲੰਬੇ ਪਰ ਪੂਰੇ ਸੁਚੱਜੇ ਢੰਗ ਨਾਲ
ਸੂਈਆਂ ਅਤੇ ਪਰਾਂਦੀ ਨਾਲ ਨੂੜੇ ਵਾਲ,
ਕਿੰਨੇ ਦਰੁਸਤ ਤੇ ਮੁਨਾਸਬ ਦਸਤੂਰ ਨਾਲ
ਵਲੇਹਟੀ ਚੁੰਨੀ, ਮੈਨੂੰ ਮੇਰੀ ਅੰਮੜੀ ਦੀ ਜਾਈ
(ਜੇ ਕੋਈ ਹੁੰਦੀ ਤਾਂ ) ਯਾਦ ਆਉਂਦੀ,
ਉਹਨੂੰ ਮੇਰੀ ਮਾਤਾ ਇਸ ਤਰਾਂ ਬਿਧ ਸਿਖਾਉਂਦੀ
ਅਸੀਂ ਨੀ ਸਿੱਖੇ, ਅਸੀਂ ਤਾਂ ਮੁੰਡੇ ਆਂ
ਨਿਕੰਮੇ,ਵੇਹਲੇ,ਖਾਣਸੂਰੇ,ਢੀਠ,ਲਾਪਰਵਾਹ ਮੁੰਡੇ
ਮੇਰੇ ਵਰਗੇ ਵੇਹਲੜਾਂ ਲਈ ਪਤਾ ਨੀ ਕਿੰਨੀਆਂ ਕੁ
ਸੁਘੜ ਸਿਆਣੀਆਂ ਕੁੱਖਾਂ ਵਿੱਚ ਹੀ ਵੱਢ ਸੁੱਟੀਆਂ,
ਮਾਤਾ ਨੇ ਕਹਿਣਾ “ਜੇ ਥੋਡੀ ਜਗਹ ਧੀ ਹੁੰਦੀ
ਸਾਰਾ ਘਰ ਸਾਂਭਦੀ, ਮੈਨੂੰ ਬੁੱਢੀ ਨੂੰ ਸਾਂਭਦੀ,
ਤੁਸੀਂ ਖਾਨੇ ਓਂ ਨਾਲੇ ਟੀਟਣੇ ਮਾਰਦੇ ਓਂ”
“ਹਰ ਧੀ ਦੇ ਪਿਉ ਕੋਲ ਐਨੇ ਕਿੱਲੇ
ਮੇਰੇ ਵਰਗੇ ਚੌਧਰੀ ਕੋਲ ਜਿੰਨੇ ਮਰਲੇ ਵੀ ਨਹੀਂ,
ਲਾੜੇ ਦਾ ਪਿਓ ਜਾਵੇ ਸਾਕ ਲੈ ਕੇ
ਧੀ ਵਾਲਿਆਂ ਪਾਉਣੇ ਹੋਰ ਹੁਣ ਤਰਲੇ ਵੀ ਨਹੀਂ”
ਜਦੋਂ ਵੀ ਕਿਸੇ ਸੋਹਣੀ ਸੁਨੱਖੀ ਨਜ਼ੁਕ ਦਾ ਕੁੱਖ ਚ ਕ਼ਤਲ ਹੋਇਆ
ਮੇਰੇ ਵਰਗੇ ਦਸ ਬਾਰਾਂ ਧਰਤੀ ਤੇ ਬੋਝ ਬਣੇ
ਲੋਕੀਂ ਐਂਵੇਂ ਈ ਬੂਹਿਆਂ ਸ਼ਰੀਂ ਬੰਨਦੇ ਰਹੇ…
“ਅਣਜੰਮੀਆਂ ਜੋ ਮੁੱਕ ਗਈਆਂ
ਮੇਰਾ ਵਾਸਤਾ ਈ ਮੋੜ ਲਿਆਈਂ ਇੱਕ ਵਾਰ ਰੱਬਾ
ਚਰਖੇ ਤਰਿੰਝਣ ਤੀਆਂ ਲੱਗ ਜਾਣ ਰੌਣਕਾਂ
ਧੀਆਂ ਭੈਣਾਂ ਨਾਲ ਰੌਣਕ ਵਿੱਚ ਪਰਿਵਾਰ ਰੱਬਾ..”

AMEN….

Published in: on ਨਵੰਬਰ 24, 2008 at 10:06 ਪੂਃ ਦੁਃ  Comments (5)  
Tags:

ਮਜਬੂਰਨ ਮਜਨੂੰ ਮੰਡੀ ਚ..

ਬੰਦ ਕਰ ਕੇ ਦੁਕਾਨ ਨਾਈ ਵਾਹਣੀਂ ਵੜ ਗਿਆ
ਮੈਂ ਪੁਛਿਆ ਕਿਉਂ
ਕਹਿੰਦਾ “ਹਾृੜੀ ਆ ਗਈ”
ਸਿੱਟਾਂ ਮੰਡੀ ਵਿੱਚ ਦਾਣੇਂ ਲੋਕੀਂ ਕਹਿੰਦੇ ਮਜਨੂੰ
ਮੈਂ ਪੁਛਿਆ ਕਿਉਂ
ਕਹਿੰਦੇ “ਦਾਹੜੀ ਆ ਗਈ”

Published in: on ਨਵੰਬਰ 24, 2008 at 5:31 ਪੂਃ ਦੁਃ  Comments (1)  
Tags:

ਨਿੱਤਨੇਮ-

ਵਿੱਚ ਡਾਹ ਲਿਆ ਡਿਉੜੀ ਦੇ
ਲੈਂਦਾ ਹੁਸਨ ਇਸ਼ਕ ਦੀਆਂ ਪਰਖ਼ਾਂ
ਨੀ ਤੇਰਾ ਚਿੱਤ ਨਾ ਕੱਤਣ ਦਾ
ਬਿਨਾ ਪੂਣੀਓਂ ਘੁਮਾਈਂ ਜਾਵੇਂ ਚਰਖਾ
ਇੱਕ ਚੋਬਰਾਂ ਦੀ ਜਿੰਦ ਟੁੱਟਦੀ
ਦੂਜੀ ਤੰਦ ਟੁੱਟੇ ਬਿੰਦ ਬਿੰਦ ਨੀ
ਪਹਿਲੀ ਤੇਰੀ ਟੇਢੀ ਤੱਕਣੀ
ਦੂਜਾ ਚਰਖ਼ੇ ਦੇ ਤੱਕਲੇ ਚ ਵਿੰਗ ਨੀ
ਪਾਈ ਜਾਣ ਡੰਡ ਇੱਕ ਘੁੰਗਰੂ ਅਵੈੜੇ
ਦੂਜਾ ਚਰਖਾ ਵੀ ਨਾਲ ਮਾਰੀ ਜਾਵੇ ਕੂਕ ਨੀ
ਝਾਂਜਰਾਂ ਨੂੰ ਕਸ ਗਿੱਟੇ ਮੇਚ ਕਰਾਲੈ
ਨੂੜ ਚਰਖੇ ਦੀ ਮਾਹਲ ਲਾ ਕੇ ਗਿੱਲੀ ਗੂੰਦ ਨੀ
ਮਧਾਣੀਆਂ ਦੇਆਂ ਗੇੜੇਆਂ ਮਗਜ਼ ਘੁੰਮਦਾ
ਕਿਹੜੇ ਚੱਕਰਾਂ ਚ ਪੈ ਗਈ ਮੈਂ ਕੱਚੀ ਉਮਰੇ
ਯਾਰ ਲੰਘਿਆ ਗਲੀ ਚੋਂ ਮੈਨੂੰ ਜੋਸ਼ ਆ ਗਿਆ
ਲੱਸੀ ਉੱਛਲ ਕੇ ਬਾਹਰ ਦੱਸ ਚਾਟੀ ਕੀ ਕਰੇ
ਲੜ ਇਸ਼ਕੇ ਦੇ ਲੱਗੀ ਜਦੋਂ ਹੋਸ਼ ਸੰਭਲੀ
ਦਾਜ਼ ਵਰੀਆਂ ਵਿਚੋਲੇ ਫਾਹਾ ਵੱਢ ਹੋ ਗਿਆ
ਨੀ ਤੇਰੇ ਸਿਰ ਫੁਲਕਾਰੀ ਤੂੰ ਬਾਗ ਕੱਢੀ ਜਾਵੇਂ
ਖੱਬੇ ਖੂੰਜੇ ਸਿਰਨਾਂਵਾਂ ਯਾਰ ਕੱਢ ਹੋ ਗਿਆ.

Published in: on ਨਵੰਬਰ 21, 2008 at 9:28 ਪੂਃ ਦੁਃ  Comments (5)  
Tags:

ਲੋਕ ਤੱਥ-

ਗਿੱਲੀ ਖ਼ਲ ਤੂੜੀ ਵਿੱਚ ਮਲ
ਸੰृਨੀ ਗਈ ਰਲ
ਦੋਵੇਂ ਇੱਕ ਮਿੱਕ ਹੋ ਗਈਆਂ
ਮੇਰੀ ਰੂਹ ਵਿੱਚ ‘ਉਹ’ ਰਲ ਗਈ….
ਕਿੱਲੇ ਤੇ ਸੱਜਰ ਲੱਗੇ ਨਾ ਨਜ਼ਰ
ਕੱਟੀ ਇੱਕ ਮਗਰ…
ਸੌਦੇ ਹੁੰਦੇ ਨਾ ਹਕੀਕੀ ਇਸ਼ਕੀਂ
ਉੰਝ ਮੰਡੀ ਡੰਗਰਾਂ ਧਨੌਲੇ ਲੱਗਦੀ..
ਦੋਵੇਂ ਇੱਕ ਮਿੱਕ ਹੋ ਗਈਆਂ
ਮੇਰੀ ਰੂਹ ਵਿੱਚ ‘ਉਹ’ ਰਲ ਗਈ….
ਧੀ ਪੁੱਤ ਸਾਊ ਪਿਉ ਕਮਾਊ
ਨਾ ਗੱਲ ਲੁਕਾਊ
ਵਿਚੋਲਾ ਇੱਜ਼ਤਦਾਰ ਹੁੰਦਾ
 ਗੱਲ ਕਰੇ ਜੋ ਦੋਹਾਂ ਵੱਲ ਦੀ
ਦੋਵੇਂ ਇੱਕ ਮਿੱਕ ਹੋ ਗਈਆਂ
ਮੇਰੀ ਰੂਹ ਵਿੱਚ ‘ਉਹ’ ਰਲ ਗਈ…
ਗੋਹਾ ਗਿੱਲਾ ਬਾਲਣ ਸਿृਲਾ
ਸਾਧ ਦਾ ਟਿੱਲਾ
ਧੂੰਆਂ ਚृੜੇ ਅਸਮਾਨਾਂ ਨੂੰ
ਜਿੰਦ ਜੈਲਦਾਰਾਂ ਦੇ ਤੰਦੂਰ ਵਾਂਗੂੰ ਬਲਦੀ
ਦੋਵੇਂ ਇੱਕ ਮਿੱਕ ਹੋ ਗਈਆਂ
ਮੇਰੀ ਰੂਹ ਵਿੱਚ ‘ਉਹ’ ਰਲ ਗਈ….

Published in: on ਨਵੰਬਰ 21, 2008 at 7:26 ਪੂਃ ਦੁਃ  ਟਿੱਪਣੀ ਕਰੋ  
Tags:

…ਤੇ ਜੇਤੂ ਜੁੰਮੇਵਾਰੀ ਰਹੀ

ਵਾਰ ਐਂਤਵਾਰ ਜਦੋਂ ਹੋਸਟਲ ਤੋ ਪਿੰਡ ਆਉਣਾ
ਲੱਗਣਾ ਜਿਵੇਂ ਵੀਹ ਪੱਚੀ ਸਾਲ ਪਿੱਛੇ ਆ ਗਿਆ ਹੋਵਾਂ
ਜਿਵੇਂ ਸਮੇਂ ਦਾ ਚੱਕਾ ਕਿੰਨੇ ਸਾਲਾਂ ਤੋਂ ਇੱਥੇ ਹੀ ਖृੜਾ ਹੋਵੇ
ਮੈਂ ਮਨੁੱਖੀ ਉਮਰ ਦੀ ਸਭ ਤੋਂ ਪਿਆਰੀ ਰੁੱਤ,ਜਵਾਨੀ ਚ ਸੀ.
ਜਵਾਨੀ ਚ ਜੋਸ਼ ਹੁੰਦਾ,ਜੋਸ਼ ਸੁਪਨਿਆਂ ਨੂੰ ਜਨਮ ਦਿੰਦਾ.
ਮੇਰੇ ਵੀ ਸੁਪਨਿਆਂ ਜਨਮ ਲਿਆ..
ਮੈਂ ਅਫਸਰ ਲੱਗੂੰ,ਸ਼ਹਿਰ ਚ ਕੋਠੀ, ਕਾਰ, ਬੈਂਕਾਂ ਚ ਪੈਸਾ,
ਅੰਗਰੇਜੀ ਸਕੂਲਾਂ ਚ ਜਵਾਕ,ਮੈਂ ਇਹ ਕਰੂੰ,ਮੈਂ ਉਹ ਕਰੂੰ…..
ਉਹ ਬੋਹੜ, ਤੇ ਥੱਲੇ ਬਜ਼ੁਰਗ,ਹੱਥਾਂ ਚ ਤਾਸ਼…
ਕਿੰਨੀ ਮਘ ਰਹੀ ਸੀ ਖੇਡ..
ਕਿੰਨੇ ਵੇਹਲੇ ਨੇ ਇਹ ਲੋਕ…
ਨੈਬੀ ਪੈਂਚਰਾਂ ਵਾਲੇ ਤੋਂ ਪੁੱਛੋ ਕਿ ਸ਼ਹਿਰ ਨੂੰ ਬੱਸ ਕਦੋਂ
ਬਿਨਾ ਟੈਮ ਦੇਖੇ ਕਹਿਣਾ “ਆਉਣ ਵਾਲੀ ਆ”..
ਆਉਣ ਵਾਲੀ ਬੇਸ਼ੱਕ ਅੱਧਾ ਘੰਟਾ ਨਾ ਆਵੇ
ਹੂੰ… ਅਖੇ “ਆਉਣ ਵਾਲੀ ਆ”..
ਪਿੰਡ ਇਹ ਲੋਕਾਂ ਦੇ ਕਿਵੇਂ ਜੜਾਂ ਚ ਰਚਿਆ ਸੀ,
ਜਾਂ ਇਹ ਲੋਕ ਪਿੰਡ ਦੀਆਂ ਜੜਾਂ ਸਨ…
ਪਿੰਡ ਦੀ ਫਿਰਨੀ ਵਾਂਗੂੰ ਉਮਰ ਹੌਲੀ ਹੌਲੀ ਮੋੜ ਖਾਣ ਲੱਗੀ
ਕਵੀਲਦਾਰੀ ਦੀ ਦਾਤੀ ਨੇ ਚਾਅ ਅਤੇ ਸਧਰਾਂ ਵਲੂੰਧਰ ਸੁੱਟੀਆਂ
ਜੁੰਮੇਵਾਰੀਆਂ ਦੇ ਬੱਦਲਾਂ ਦੀ ਛਾਂ ਹੇਠ
ਸੁਪਨਿਆਂ ਦਾ ਜਲੌਅ ਅਲੋਪ ਹੋ ਗਿਆ.
ਬੱਸ ਅੱਡੇ ਵਾਲਾ ਬੋਹੜ ਓਹੀ ਸੀ..
ਮੇਰੇ ਮੂੰਹ ਤੇ ਝੁਰੜੀਆਂ ਵਾਂਗੂੰ
ਓਹਦੀ ਦਾਹੜੀ ਕੁਝ ਲੰਮੀ ਹੋ ਗਈ ਸੀ..
ਕਸਬਿਆਂ ਵਾਲੇ ਸ਼ਹਿਰੀਂ ਵਸ ਗਏ ਸੁਣਿਆ
ਤੇ ਸ਼ਹਿਰਾਂ ਵਾਲੇ ਵਲੈਤੀਂ…ਬਈ ਬੱਲਾ ਬੱਲਾ
ਦੁਨੀਆਂ ਤਰੱਕੀ ਕਰ ਗਈ.ਕਿਥੋਂ ਕਿਥੇ ਪਹੁੰਚ ਗਈ..
ਮੈਂ ਵੀ ਪਹੁੰਚ ਗਿਆ..ਬੋਹੜ ਹੇਠਾਂ…
ਹੱਥ ਚ ਪੱਤੇ..ਤਾਸ਼ ਦੇ..ਮੇਰੇ ਥੱਲੇ ਪੱਤੇ.. ਬੋਹੜ ਦੇ..
ਬੋਦੀਆਂ ਤੇਲ ਨਾਲ ਚੋਪੜੀਆਂ,ਬੂਟ ਪੈਂਟ ਕਸੀ
ਅੱਜ ਕੋਈ ਫੇਰ ਅਫਸਰ ਬਣਨ ਚੱਲਿਆ ਸੀ
ਮੇਰਾ ਧਿਆਨ ਲਵੀ ਉਮਰ ਦੇ ਪਾਹੜੇ ਤੇ ਗਿਆ
“ਸ਼ਹਿਰ ਨੂੰ ਬੱਸ ਕਦੋਂ ਕੁ ਆ”
ਓਹਨੇ ਪੁੱਛਿਆ
“ਆਉਣ ਆਲੀ ਆ ਕਾਕਾ”.
“ਲੈ ਐਤਕੀਂ ਸੀਫ ਪੱਕੀ”
ਮੇਰਾ ਧਿਆਨ ਟੁੱਟ ਗਿਆ ਸੀ
ਬਾਜ਼ੀ ਫੇਰ ਮਘ ਪਈ ਸੀ…

Published in: on ਨਵੰਬਰ 18, 2008 at 5:29 ਪੂਃ ਦੁਃ  Comments (4)  
Tags: