ਜੁਗਨੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ
ਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਇਹ ਜੁਗਨੀ ਆੜਤੀਆਂ ਦੀ
ਜੁਗਨੀ ਸੇਠਾਂ ਦੀ
ਠੰਡੇ ਬਾਹਰਲੇ ਦੇਸ਼ਾਂ ਦੀ
ਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ

ਉਸ ਕੋਠੀ ਦੇ ਬੰਦ ਪਏ ਗੇਟਾਂ ਦੀ

ਜੁਗਨੀ ਬਰਗਰਾਂ ਤੇ ਪੀਜੇਆਂ ਦੀ
ਜੁਗਨੀ ਸ਼ਹਿਰੀ ਸ਼ਾਹੂਕਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਜੁਗਨੀ ਵੱਡੇ ਘਰਾਂ ਦੇ ਕਾਕੇਆਂ ਦੀ
ਜਾਂ ਲੁਧਿਆਣੇ ਤੇ ਦਿੱਲੀ ਦੇਆਂ ਭਾਪੇਆਂ ਦੀ
ਨਾ ਇਹ ਕਰਜਈ ਕਿਸਾਨਾਂ ਦੀ
ਨਾ ਉਹ ਘਰਾਂ ਚ ਹੁੰਦੇ ਸਿਆਪਿਆਂ ਦੀ
ਇਹ ਨੂਡਲ ਸ਼ੇਕ ਤੇ ਕੌਫੀਆਂ ਦੀ
ਨਾ ਜੁਗਨੀ ਚਟਨੀ ਅਚਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਜੁਗਨੀ ਸੈਂਡੀ ਦੀ ਜੁਗਨੀ ਜੈਜੀ ਦੀ
ਨਾ ਬੇਬੇ ਦੀ ਨਾ ਬਾਪੂ ਦੀ
ਜੁਗਨੀ ਮੌਮ ਬਰੋ ਤੇ ਡੈਡੀ ਦੀ
ਇਹ ਅੰਗਰੇਜੀ ਸਕੂਲਾਂ ਵਿੱਚ ਪੜਦਿਆਂ ਦੀ
ਨਾ ਊੜੇ ਅਾੜੇ ਈੜੀ ਦੀ
ਇਹ ਮੁਟਿਆਰ ਕਾਰ ਚਲਾਉਂਦੀ ਦੀ
ਨਾ ਗੋਹਾ ਕੂੜਾ ਕਰਦੀ ਭੈੜੀ ਦੀ
ਇਹ ਜੁਗਨੀ ਕਨੇਡੀਅਨ ਨਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਇਹ ਜੁਗਨੀ ਪੰਜਾਬੋਂ ਭੱਜਿਆਂ ਦੀ
ਕਈ ਮਾੜੇ ਤੇ ਕਈ ਰੱਜਿਆਂ ਦੀ
ਨਾ ਜੁਗਨੀ ਸਪਰੇਹ ਚੜ ਮਰਿਆਂ ਦੀ
ਨਾ ਬੋਰ ਆਲੇ ਟੋਏ ਚ ਗਏ ਦੱਬਿਆਂ ਦੀ
ਨਾ ਇਹ ਟਰਾਂਸਫਾਰਮਰ ਚੜਿਆਂ ਦੀ
ਨਾ ਆਟੋਮੈਟਿਕ ਮੋਟਰ ਦੇ ਡੱਬਿਆਂ ਦੀ
ਇਹ ਜੁਗਨੀ ਸਟੂਡੈਂਟ ਸੈਂਟਰ ਦੀ
ਜੁਗਨੀ ਸ਼ੌਪਿੰਗ ਸਤਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

(ਸਤਿਕਾਰਯੋਗ) ਮਾਣਕ ਸਾਹਬ ਨਾ ਜੁਗਨੀ ਜਲਾਲ ਦੀ
ਨਾ ਪੱਛੜੇ ਹੋਏ ਨੈਣੇਵਾਲ ਦੀ
ਨਾ ਜੁਗਨੀ ਮੱਝਾਂ ਦੀ ਨਾ ਬਲਦਾਂ ਦੀ
ਨਾ ਖੇਤਾਂ ਦੀ ਨਾ ਖਾਲ ਦੀ
ਜੁਗਨੀ ਸ਼ਹਿਰੋਂ ਦਾਹੜੀ ਸੈੱਟ ਕਰਾਉਂਦੀ
ਲੰਬੂ ਦੇ ਮੁੰਡੇ ਦੇ ਨਾਲ ਦੀ
ਜੁਗਨੀ ਪੰਜਾਬੀ ਗੀਤਾਂ ਦੀ
ਮਿੱਸ ਪੂਜਾ ਜੁਹੇ ਕਲਾਕਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

Published in: on ਅਗਸਤ 28, 2010 at 1:26 ਬਾਃ ਦੁਃ  Comments (2)  

ਪਰ ਅਸੀਂ ਮੁਰਝਾਏ ਨੀ

ਅਸੀਂ ਤੱਪੜ (ਬੋਰੀ) ਮਾਰਕਾ ਦੇ ਪੜੇ ਹੋਏ
ਕਲਮਾਂ ਘੜਦੇ ਦਵਾਤਾਂ ਚ ਸ਼ੀਆਹੀਆਂ ਘੋਲਦੇ
ਫੱਟੀਆਂ ਤੇ ਗਾਚੀ ਲਾਉਂਦੇ ਮੂੰਹ ਸਿਰ ਲਬੇੜ
ਕਾਬਿਲ ਹੋ ਗੇ ਮਿੰਨੀ ਤੇ ਚੜ ਕੇ ਕਾਲਜ ਚ ਪਹੁੰਚਣ ਦੇ
ਪਸ਼ੂ ਡੰਗਰ ਦਾ ਕੋਰਸ ਵੀ ਨਾਲ ਨਾਲ ਚੱਲਦਾ ਹੈ
ਪੱਠੇ ਵੱਢ ਕੇ ਲਿਆਓ ਸੰਨੀ ਰਲਾਓ
ਹਾਂ ਵੀ ਪਾੜਿਆ ਕਿੱਧਰ ਚੱਲਿਆਂ ਬੋਦੀਆਂ ਚੋਪੜੀ

ਇਹ ਚੱਲਿਆ ਮਤਰਗਸਤੀ ਕਰਨ ਸ਼ਹਿਰ

ਜਾ ਕੇ ਨੱਕੇ ਵੱਢ ਫੇਰ ਕੀ ਜੱਜ ਲੱਗ ਜੇਂਗਾ

ਅਸੀਂ ਹੌਂਸਲਾ ਨੀ ਹਾਰੇ,

ਮੈਂ, ਪੰਜਾਬੀ ਟਰਿਬੀਊਨ, ਜਲੰਧਰ ਦੂਰਦਰਸ਼ਨ, ਤੇ ਸਰਕਾਰੀ ਸਕੂਲ

ਹਾਂ ਅਸੀਂ ਚਾਰੇ,

ਫੁੱਲ ਬੂਟੀਆਂ ਵਾਲੇ ਝੋਲੇ ਚ ਮੋਮੀ ਜਾਮ ਦੇ ਲਿਫਾਫੇ ਚ

ਚਾਰ ਸਾਲਾਂ ਦੀ ਮਿਹਨਤ,

ਅਸੀਂ ਹਰੇਕ ਲਾਈਨ ਚ ਖੜੇ,

ਬੱਸ ਛੱਡ ਪਿੰਡ ਜਾਂਦੇ ਗੱਡੇ ਫੜੇ

ਪੱਚੀ ਰੁਪੀਏਆਂ ਦੇ ਮੁਨਾਫੇ ਚ

ਅੰਗਰੇਜੀ ਸਕੂਲਾਂ ਵਾਲੇ  ਚੰਗੇ ਘਰ ਦਿਆਂ ਵਾਲੇ

ਐਤਕੀਂ ਫੇਰ ਮਿੱਤ ਲੈਗੇ

ਸਾਫ ਸੁਥਰੀਆਂ ਸਕੂਲ ਵਰਦੀਆਂ ਵਾਲੇ

ਪਰ ਅਸੀਂ ਮੁਰਝਾਏ ਨੀ

ਗੱਲ ਫੇਰ ਓਥੋਂ ਈ ਚੱਲੀ

ਸਾਨੂੰ ਓਹੀ ਨੌਕਰੀ ਰਾਸ ਆਈ

ਕਹੀ ਦਾਤੀ ਪੱਲੀ

ਪਰ ਅਸੀਂ ਮੁਰਝਾਏ ਨੀ

ਆੜਤੀਏ ਦਾ ਹਿਸਾਬ ਉੰਗਲਾਂ ਤੇ ਕਰਨ ਜੋਗੇ

ਜੋ ਕਿਸੇ ਨੇ ਅੱਜ ਤੱਕ ਸਿਖਾਏ ਨੀ

ਪਰ ਅਸੀਂ ਮੁਰਝਾਏ ਨੀ

Published in: on ਅਗਸਤ 24, 2010 at 8:52 ਪੂਃ ਦੁਃ  ਟਿੱਪਣੀ ਕਰੋ