ਕੱਟ ਗਏ ਭੌਰ ਚੁਬਾਰੇ-

ਵਿਚ ‘ਖਾੜੇ ਦੇ ਪਾਉਂਦਾ ਬੋਲੀਆਂ
ਚੋਬਰ ਸੁਣਦੇ ਸਾਰੇ
ਕਾਲੀ ਚੁੰਨੀ ਵਿਚ ਸੋਂਹਦੇ ਨੇਤਰ
ਚਮਕਣ ਹੋਰ ਸਿਤਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟਗੇ ਭੌਰ ਚੁਬਾਰੇ

ਸ਼ਹਿਰ ਨੂੰ ਬੱਸ ਦਾ ਟੈਮ ਨਾ ਕੋਈ
ਤੂੰ ਕੀਹਨੂੰ ਉਡੀਕੇਂ ਮੁਟਿਆਰੇ
ਅੱਚਵੀ ਕਰਦੀ ਖੜ ਕੇ ਅੱਡੇ ਤੇ
ਖੂੰਜੇ ਚੱਬਤੇ ਚੁੰਨੀ ਦੇ ਚਾਰੇ
ਐਂਵੇ ਨਾ ਕਿਸੇ ਦੀ ਖੁੰਭ ਠਪਾ ਦੀਂ
ਤੈਂ ਮਾਰੂ ਹਥਿਆਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

ਇਹ ਮਸਤ ਮਲੰਗੇ ਕੈਂਠਿਆਂ ਵਾਲੇ
ਨਾ ਹੁਸਨ ਦਾ ਭਰਦੇ ਪਾਣੀ
ਨਖਰੇ ਰਕਾਨਾਂ ਲੱਖ ਕਰਦੀਆਂ
ਇਹਨਾਂ ਟਿੱਚ ਨਾ ਜਾਣੀ
ਸਕੋਡਾ ਟਰੱਕਾਂ ਦੇ ਵਿੱਚ ਨਾ ਫਸਜੀਂ
ਤੇਰੀ ਉਲਝ ਜਾਊ ਤਾਣੀ
ਦੰਦ ਨਾ ਕੱਢੀਏ ਨੀਵੀਂ ਪਾ ਲੰਘੀਏ
ਜਦੋਂ ਚੋਬਰ ਕਰਨ ਇਸ਼ਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

ਸੁਣ ਕਾਰਾਂ ਵਿੱਚ ਰਹਿਣ ਵਾਲੀਏ
ਇਹਨਾਂ ਦੇ ਚਲਦੇ ਗੱਡੇ
ਕਰਕੇ ਪੱਧਰ ਸੌ ਮਣ ਝੋਨਾ
ਦੇਖ ਟਿੱਬਿਆਂ ਵਿੱਚ ਲੱਗੇ ਖੱਡੇ
ਗੇਟ ਲੋਹੇ ਦੇ ਖੁਲੇ ਰਹਿੰਦੇ
ਇਹਨਾਂ ਘਰਾਂ ਦੇ ਵੇਹੜੇ ਵੱਡੇ
ਅੱਖ ਦੇ ਇਸ਼ਾਰੇ ਛਤਰੀ ਬਹਿੰਦੇ
ਚੀਨੇ ਅੰਬਰੀਂ ਛੱਡੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

ਮਾੜੀ ਮੋਟੀ ਤਾਂ ਗੌਲਦੇ ਹੈਣੀ
ਕਹਿ ਕੇ “ਚੱਕਰ ਕੋਈ ਨੀ” ਹੱਸ ਦਿੰਦੇ ਨੇ
ਇੱਕ ਡਰਦੇ ਬੱਸ ਬਾਜਾਂ ਵਾਲੇ ਤੋਂ
ਘੜੇ ਤੋਂ ਕੌਲਾ ਚੱਕ ਦਿੰਦਾ ਨੇ
ਗੁੜ ਵਿੱਚ ਸੌਂਫ ਲੈਚੀਆਂ ਪਾਕੇ
ਰੂੜੀ ਥੱਲੇ ਨੱਪ ਦਿੰਦੇ ਨੇ
ਅਚਾਰ ਗੰਢਾ ਨਾਲ ਲਾਹਣ ਦੇ
ਗਿਲਾਸ ਸਟੀਲ ਦਾ ਰੱਖ ਦਿੰਦੇ ਨੇ
ਦੁੱਧ ਘਿਓ ਤੈਨੂੰ ਕਰੇ ਅਲਰਜੀ
ਇਹਨਾਂ ਦੇ ਮੇਹਦੇ ਭਾਰੇ
ਬਲਦ ਨਗੌਰੀ ਤੇਲ ਸਿੰਗਾਂ ਨੂੰ
ਦੂਰੋਂ ਪੈਂਦੇ ਲਿਸ਼ਕਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

ਨੈਣੇਵਾਲ ਮੇਰਾ ਪਿੰਡ ਗੋਰੀਏ
ਜਿਲਾ ਨਵਾਂ ਬਣਿਆ ਬਰਨਾਲਾ
ਮਾਲਵੇ ਦੀ ਨੂੰਹ ਜੇ ਬਣਨਾ
ਦੇਖ ਲਾ ਮਨ ਬਣਾ ਲਾ
ਗਰਮੀ ਚ ਪੱਖੀਆਂ ਝਾਲਰ ਵਾਲੀਆਂ
ਕੰਬਲ ਬੰਬਲਾਂ ਵਾਲੇ ਸਿਆਲਾਂ
ਜਦੋਂ ਲੱਪ ਮੱਖਣ ਦੀ ਪਾਈ ਸਾਗ ਚ
ਦੇਖੀਂ ਆਉਂਦੇ ਨਜਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

Published in: on ਜੂਨ 25, 2010 at 9:29 ਪੂਃ ਦੁਃ  Comments (4)  

ਬਿਹਾਬੀ (ਬਿਹਾਰੀ + ਪੰਜਾਬੀ)

ਚਾਚਾ ਸਾਸਰੀਕਾਲ ਐ ਤੇਂਨੂੰ
ਇੱਕ ਗੱਲ ਤੋਂ ਲਾਹ ਅੱਜ ਪੱਲਾ ਉਏ
ਤੂੰ ਕਾਹਤੋਂ ਵਿਆਹ ਕਰਵਾਇਆ ਨਾ
ਸਾਰੇ ਪਿੰਡ ਚ ਛੜਾ ਤੂੰ ਕੱਲਾ ਉਏ..
ਭਤੀਜ ਢਕੀਆਂ ਰਹਿਣ ਦੇ ਮੇਰੀ ਗੱਲ ਮੰਨ ਲੈ
ਤੈਨੂੰ ਸੱਚ ਸੁਣਨਾ ਮਹਿੰਗਾ ਪੈ ਜੂਗਾ
ਜਿਹੜੇ ਪੰਜਾਬ ਪੰਜਾਬੀਆਂ ਦਾ ਭੁਲੇਖਾ ਐ
ਉਹ ਮੂਤ ਦੀ ਝੱਗ ਵਾਂਗੂੰ ਬਹਿ ਜੂਗਾ

ਧੀ ਚੰਗੀ ਅੰਨੀ ਪੁੱਤ ਯੱਭਲ ਤੋਂ
ਸੀ ਕਿੰਨੇ ਪੁਰਖ ਸਾਡੇ ਹਿਸਾਬੀ ਦੇਖ
ਅੱਜ ਕੱਲ ਕੁੱਖ ਚ ਘੁੱਗੀ ਘੈਂ ਕਰਦੇ
ਅਣਖੀ ਕੁੜੀਮਾਰ ਪੰਜਾਬੀ ਦੇਖ
ਜੇ ਇੱਕ ਅੱਧੀ ਪਿੰਡ ਚੋਂ ਪੜ ਜਾਵੇ
ਉਹ ਆਖੂ ਸ਼ਹਿਰ ਚ ਕੋਠੀ ਪਾ
ਪਹਿਲਾਂ ਤਾਂ ਸ਼ਹਿਰਣ ਪੇਂਡੂ ਦੇ ਆਉਂਦੀ ਨੀ
ਜੇ ਆਊ ਤਾਂ ਆਖੂ ਜਹਾਜ ਚੜਾ

ਜੇਂ ਤੂੰ ਬੂ ਸ਼ਲਟ ਪੈਂਟ ਦੇ ਵਿੱਚ ਦੇਲੀ ‘
ਤੇਰੀ ਅੱਲ ਪੈ ਜੂ “ਫਲਾਨੇ ਪਾਡੇ ਕੇ”
ਜੁਹਾਜ ਦਾ ਤਾਂ ਮੈਨੂੰ ਪਤਾ ਨੀ
ਮੈਂ ਤਾਂ ਵੱਧ ਤੋਂ ਵੱਧ ਚੜਿਆਂ ਸੁਹਾਗੇ ਤੇ

ਮੈਂ ਵਸਨਾ ਪੰਜਾਬ ਚ ਜੇ ਕੋਈ ਕਹਿੰਦੀ ਏ
ਓਸੇ ਦਿਨ ਮੈਂ ਮੁਨਾ ਦੂੰ ਦਾਹੜੀ ਭਤੀਜ
ਏਹਨਾਂ ਮੂੰਹ ਚੱਕਿਆ ਸਾਰੀਆਂ ਵਲੈਤ ਕੰਨੀ
ਜੱਟੀ ਬਾਹਮਣੀ ਭਾਂਵੇ ਕਰਿਆੜੀ ਭਤੀਜ

ਜਦੋਂ ਨੂੰ ਤੇਰਾ ਮਿੱਤ ਨਿੱਕਿਆ ਆਉਣੀ ਆਂ
ਓਦ ਤੱਕ ਤਾਂ ਮੁੱਕ ਜੂ ਕੋਟਾ ਭਤੀਜ

ਭਈਆਰਾਣੀ ਕੋਈ ਲਿਆਵਾਂਗੇ ਕਾਟੀ ਮਾਰਕਾ
ਜਿਮੇ ਪਿੰਡ ਚ ਸਰਕਾਰੀ ਝੋਟਾ ਭਤੀਜ
ਖਾਲਸ ਦੇਸੀ ਪੰਜਾਬੀ ਪੈਦਾ ਹੋਣਗੇ
ਸਰਪੰਚ ਕੋਲ ਹੋਊ ਲਿਸਟ ਸਾਰੀ
ਕਿਮੇਂ ਠੀਕਰੀ ਪਹਿਰਾ ਤੇ ਨੰਬਰ ਆਉਂਦਾ
ਓਸੇ ਹਿਸਾਬ ਨਾਲ ਹਰੇਕ ਦੀ ਆਊ ਵਾਰੀ

ਜਿਹੜੀ ਇਸ ਪੋਸਟ ਤੇ ਆਊਗੀ
ਉਹ ਵੋਟਾਂ ਵਿੱਚ ਹੋ ਸਕੂ ਖੜੀ
ਕੁੱਲ ਸਹੂਲਤ ਉਸਦੇ ਟੱਬਰ ਨੁੰ
ਨਾਲੇ ਪੰਜਾਬ ਦੀ ਪੱਕੀ PR free
ਫਿਰ ਜਿਹੜੀ ਨਸਲ ਪੈਦਾ ਹੋਊਗੀ
ਆਪਣੇ ਮਲਕ  ਨੂੰ ਨਾ ਕਰੂ ਕਿਤੇ ਝਹੇਡਾਂ
ਉਹ ਬਿਹਾਬੀ (ਬਿਹਾਰੀ + ਪੰਜਾਬੀ) ਪੰਜਾਬ ਚ ਈ ਰਹਿਣਗੇ
ਕਿਉਂਕਿ ਉਹਨਾਂ ਲਈ ਤਾਂ ਏਹੀ ਕਨੇਡਾ

ਚਲ ਲਾਹ ਸਟੈਂਡ ਤੋਂ ਤੇ ਮਾਰ ਪੈਡਲ
ਨਹੀਂ ਤਾਂ ਬੁਰਾ ਭਲਾ ਤੇਰੀ ਮਾਂ ਕਹੂ
ਪਰ ਭਈਆਰਾਣੀ ਵਾਲੀ ਗੱਲ ਤੇ ਗੌਰ ਰੱਖੀਂ
ਚਲ ਏਨੇ ਨਾਲ ਪੰਜਾਬੀਆਂ ਦਾ ਜੱਗ ਤੇ ਨਾਂ ਰਹੂ

Published in: on ਜੂਨ 18, 2010 at 9:09 ਪੂਃ ਦੁਃ  Comments (1)  

ਪਿੰਡਾਂ ਵਿੱਚੋਂ ਆਏ ਸ਼ਿਕਾਰੀ

ਅੱਗ ਜੰਗਲ ਦੀ ਗੱਲ ਫੈਲਗੀ
ਵਿੱਚ ਬਜਾਰਾਂ ਦੇ
ਪਿੰਡਾਂ ਵਿੱਚੋਂ ਆਏ ਸ਼ਿਕਾਰੀ
ਕਾਲਜੇ ਫੜਲੇ ਨਾਰਾਂ ਨੇ….

ਇਹ ਆਜਾਦ ਪਰਿੰਦੇ ਅੰਬਰਾਂ ਦੇ
ਕਈ ਕਾਕੇ ਪੰਚਾਇਤ ਮੰਬਰਾਂ ਦੇ

ਜਾਂ ਇਹ ਕਰਨ ਹਿਸਾਬ ਆਏ ਨੇ

ਆੜਤੀਏ ਦੇ ਨੰਬਰਾਂ ਦੇ
ਫਿਕਰਾਂ ਲਾਹਣ ਚ ਘੋਲ ਕੇ ਪੀਂਦੇ
ਦੇਖੇ ਹੌਂਸਲੇ ਮੈਂ ਪਤੰਦਰਾਂ ਦੇ
ਕਹਿੰਦੇ ਸਾਡੇ ਕਰਕੇ ਚੁੱਲੇ ਬਲਦੇ
ਸ਼ਾਹੂਕਾਰਾਂ ਦੇ
ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਹੱਥ ਪੈਰ ਮਿੱਟੀ ਨਾਲ ਲਿੱਬੜੇ ਨੇ
ਲੱਗਦਾ ਹੁਣੇ ਮੰਡੀ ਚੋਂ ਨਿੱਬੜੇ ਨੇ
ਕਈ ਚੋਬਰ ਤੇ ਕਈ ਬੁੱਢੜੇ ਨੇ
ਇਹ ਨਾਨਕ ਦੇ ਕਹਿਣ ਤੇ ਉੱਜੜੇ ਨੇ
ਹੱਥ ਚੱਕ ਚੱਕ ਗੱਲਾਂ ਕਰਦੇ ਨੇ
ਦੱਸ ਇਹਨਾਂ ਨੂੰ ਕੀ ਦੁੱਖੜੇ ਨੇ
ਪਾਣੀ ਬੋਰ ਦਾ ਮਿੱਠੇ ਪਰਸ਼ਾਦੇ
ਨਾਲ ਅਚਾਰਾਂ ਦੇ

ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਏ ਬੀ ਸੀ ਦੀ ਆਈ ਨਾ ਵਾਰੀ
ਅੱਡੇ ਲਾਗੇ ਸਕੂਲ ਸਰਕਾਰੀ
ਐਤਕੀਂ ਫੇਰ ਹੋਈ ਮਰਦਮਸ਼ੁਮਰੀ
ਲੁਧਿਆਣੇ ਐਮ ਐਲ ਏ ਬਿਹਰੀ
ਖਾਨੇ ਪੂਰੇ ਆ ਖੁੱਡੇ ਲੈਣ ਨੇ
ਸਦਕੇ ਬਈ ਸਰਕਾਰਾਂ ਦੇ

ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਜਵਾਨੀ ਲਾਂਘੀ ਨਰਮਾ ਗੁੱਡਦੀ
ਹਾਲੇ ਵੀ ਨੀ ਮਾਇਆ ਜੁੜਦੀ
ਖੰਡ ਮਹਿੰਗੀ ਆ ਚਾਹ ਪੀਓ ਗੁੜ ਦੀ
ਛੱਡ ਸਿਆਪਾ ਮੌਜਾਂ ਮਾਣ ਲੈ
ਦੁਨੀਆਂ ਨੇ ਨਿੱਤ ਰਹਿਣਾ ਕੁੜਦੀ
ਨੈਣੇਵਾਲੀਆ ਕੋਲ ਬੰਗਲੌਰ ਚੱਲੀਏ
ਫਿਲਮ ਵੇਖਾਂਗੇ ਹੌਲੀਵੁੱਡ ਦੀ
ਪਾਰਕਿੰਗ ਵਿੱਚ ਫੋਰਡ ਲਾਵਾਂਗੇ
ਵਿਚਾਲੇ ਕਾਰਾਂ ਦੇ….

ਅੱਗ ਜੰਗਲ ਦੀ ਗੱਲ ਫੈਲਗੀ
ਵਿੱਚ ਬਜਾਰਾਂ ਦੇ
ਪਿੰਡਾਂ ਵਿੱਚੋਂ ਆਏ ਸ਼ਿਕਾਰੀ
ਕਾਲਜੇ ਫੜਲੇ ਨਾਰਾਂ ਨੇ….

Published in: on ਜੂਨ 14, 2010 at 5:12 ਪੂਃ ਦੁਃ  Comments (1)