ਹੋਗੀ ਜੀਹਦਾ ਡਰ ਸੀ..

ਇਹ ਸੱਪਣੀ ਦੇ ਬੱਚੇ ਦੋ ਮੂੰਹ ਵਾਲੀਆਂ
ਬਾਰਾਂ ਬੋਰ ਦੀ ਬੰਦੂਕ ਦੀਆਂ ਦੋ ਨਾਲੀਆਂ
ਇਹਨਾਂ ਅੱਗੇ ਜੋਰ ਚਲਦਾ ਨੀ ਮਾਰੂ ਹਥਿਆਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ
ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

ਟੇਢੀ ਤੱਕਣੀ ਦੇ ਬਰਛੇ ਉਹ ਛੱਡੀ ਜਾਂਦੇ ਆ
ਕਸਰ ਸੁਰਮੇ ਦੇ ਨੇਜ਼ੇ ਰਹਿੰਦੀ ਕੱਢੀ ਜਾਂਦੇ ਆ
ਤਿੱਖੇ ਨੱਕ ਤੇ ਮਜਾਜ ਮੁੱਖ ਮੋੜੇ ਤਲਾਵਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ….

ਪਰਾਂਦਾ ਤੇਰਾ ਗੁੱਤ ਤੇ ਕਚੈਹਰੀ ਲਾਕੇ ਬਹਿ ਗਿਆ
ਸਰਪੰਚੀ ਗੋਰੇ ਮੁਖੜੇ ਦੀ ਕੋਕਾ ਤੇਰਾ ਲੈ ਗਿਆ
ਪੰਜ ਦਾਣਾ ਮਾਰੇ ਬੜਕਾਂ ਜਿਉਂ ਕਾਕਾ ਜੈਲਦਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ….

ਤਿੱਖੜ ਦੁਪੈਹਰੇ ਅੱਜ ਨਾਕਾ ਠੋਕਿਆ
ਤੀਂਆਂ ਵਿੱਚੋਂ ਮੁੜਦੀ ਨੇ ਮੇਰਾ ਰਾਹ ਰੋਕਿਆ
ਹੁਸਨ ਪੁਲਸ ਰੋਹਬ ਭੈੜਾ ਥਣੇਦਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ
ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

Published in: on ਮਈ 19, 2009 at 7:21 ਪੂਃ ਦੁਃ  Comments (1)  

ਹਵਈ ਅੱਡਾ ਪਿੰਡ ਨੇੜੇ

ਮਾਰਨ ਤਾਹਨੇ ਜੁੱਤੀਆਂ ਘਸੀਆਂ
ਕਰਦੇ ਟਿੱਚਰਾਂ ਸ਼ਹਿਰ ਜੋ ਲਾਏ ਗੇੜੇ
ਮੇਰੇ ਉੰਗਲਾਂ ਤੇ ਯਾਦ ਸੀ ਰੂਟ ਬੱਸ ਦੇ
ਉਹਨਾਂ ਪੁੱਛੀਆਂ ਹਵਈ ਅੱਡਾ ਪਿੰਡ ਨੇੜੇ

ਹੁਣ ਅਸੀਂ ਘੱਟਾ ਢੋ ਰਹੇ ਆਂ
ਜਿੰਦਗੀ ਤਾਂ ਬਾਹਰਲੇ ਜਿਉਂਦੇ ਨੇ
ਅਸੀਂ ਮਣ ਕੁਐਂਟਲ ਪੜਿਆਂ ਨੂੰ
ਉਹ ਡਾਲਰਾਂ ਦੇ ਭਾਅ ਸਮਝਾਉਂਦੇ ਨੇ
ਉਹ ਸਫਲ ਜੋ ਵਿੱਚ ਵਲੈਤਾਂ ਦੇ
ਰਹਿ ਗੇ ਖੂਹ ਦੇ ਡੱਡੂ ਪਿੰਡ ਜਿਹੜੇ
ਮੇਰੇ ਉੰਗਲਾਂ ਤੇ ਯਾਦ ਸੀ….

ਚੜ ਕੇ ਜਹਾਜੇ ਤੂੰ ਵੀ ਜੰਗ ਜਿੱਤ ਲੈ
ਗੁੱਡੀਆਂ ਪਟੋਲੇ ਛੱਡ ਯਾਰ ਤੇ ਸਹੇਲੀਆਂ
ਸਿਰਨਾਂਵਾਂ ਤੈਨੂੰ ਜਚਣਾ ਨੀ ‘ਪਿੰਡ ਤੇ ਡਾਕਖਾਨਾ’
ਫਲੈਟਾਂ ਵਾਲੀ ਨਈਓਂ ਸਾਂਭ ਸਕਦੀ ਹਵੇਲੀਆਂ
ਤੰਗ ਦਿਲ ਤੰਗ ਗਲੀਆਂ ਨਾ ਬੂਹੇ ਘੰਟੀ ਲੱਗੀ
ਖੁੱਲੇ ਦਿਲ ਦਰਵਾਜ਼ੇ ਸਦਾ ਖੁੱਲੇ ਸਾਡੇ ਵੇਹੜੇ
ਮੇਰੇ ਉੰਗਲਾਂ ਤੇ ਯਾਦ ਸੀ….

ਤੈਨੂੰ ਨਈਟ ਸ਼ਿਫਟਾਂ ਚ ਕੱਢੀ ਜਾਗੋ ਯਾਦ ਆਊ
ਕਿਵੇਂ ਚੜਦੀ ਸੀ ਪੀਂਘ ਤੀਆਂ ਗਿੱਧਾ ਪੈਂਦਾ ਸੀ
ਸੌ ਉੱਤੇ ਵੀਹ ਭਾੜਾ ਚੰਡੀਗੜੋਂ ਲੱਗੇ
ਭਦੌੜ ਤੋਂ ਨੈਣੇਵਾਲ ਰਾਹ ਸਿੱਧਾ ਪੈਂਦਾ ਸੀ
ਸਮੁੰਦਰਾਂ ਤੋਂ ਪਾਰ ਰਾਹ ਜਿਹੜੇ ਤੁਰ ਨਈਓਂ ਹੋਣੇ
ਉੰਝ ਤੇਰੇ ਪਿੱਛੇ ਅਸੀਂ ਕਈ ਰਾਹ ਨੇ ਨਬੇੜੇ
ਮੇਰੇ ਉੰਗਲਾਂ ਤੇ ਯਾਦ ਸੀ ਰੂਟ ਬੱਸ ਦੇ
ਉਹਨਾਂ ਪੁੱਛੀਆਂ ਹਵਈ ਅੱਡਾ ਪਿੰਡ ਨੇੜੇ

Published in: on ਮਈ 13, 2009 at 11:36 ਪੂਃ ਦੁਃ  ਟਿੱਪਣੀ ਕਰੋ  

ਅੱਜ ਫੇਰ ਉਸ ਰਾਤ ਵਾਂਗੂੰ………….

ਨਿਚੋੜ ਕੇ ਚੁੰਨੀ ਫੇਰ ਉਸਨੇ ਵਾਲ ਝਟਕਾਏ ਸੀ
ਕਾਲੇ ਬੱਦਲ ਉਸਦੇ ਪਿੰਡ ਜਿਉਂ ਜੰਨ ਚ ਆਏ ਸੀ
ਓਹੀ ਘਟਾਵਾਂ ਮੇਰੇ ਪਿੰਡ ਦੀਆਂ ਵਿੜਕਾਂ ਲੈ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ ਕਣੀਆਂ ਪੈ ਰਹੀਆਂ

ਇੱਕ ਉਹ ਚਮਕ ਰਹੀ ਸੀ, ਜੁਗਨੂੰ ਜਿਉਂ ਵਿੱਚ ਸਬਾृਤ ਦੇ
ਦੂਜੀ ਬਿਜਲੀ ਲਿਸ਼ਕੇ, ਕਾਲੇ ਬੱਦਲ ਵਿੱਚ ਕਾਲੀ ਰਾਤ ਦੇ
ਤੇਸੇ ਵਾਂਗੂੰ ਸੀਤ ਹਵਾਵਾਂ ਹਿੱਕ ਨਾਲ ਖਹਿ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ………….

ਬੱਦਲ ਗਰਜਣ ਤੇ ਸਾਹ ਉਹਨੂੰ ਰੁਕ ਕੇ ਆਉਂਦਾ ਸੀ
ਬੱਸ ਅੱਡੇ ਦੀ ਛੱਤ, ਤੇ ਵਾਲਾਂ ਦੇ ਕੁੰਡਲਾਂ ਚੋਂ ਪਾਣੀ ਚੋਂਦਾ ਸੀ
ਪਰਨਾਲਿਆਂ ਦੀ ਅੌਕਾਤ ਦੇਖਣੀ,ਕੱਚੀਆਂ ਛੱਤਾਂ ਕਹਿ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ………….

ਕਿਸੇ ਵੱਡੇ ਸ਼ਹਿਰ ਦੀ ਲੱਗੀ,ਬਠਿੰਡੇ ਜਾਂ ਬਰਨਾਲੇ ਦੀ
ਘੁੱਟਵੀਂ ਜੀਨ ਤੰਗ ਝੱਗੀ,ਕੰਜ ਜਿਉਂ ਕੌਡੀਆਂ ਵਾਲੇ ਦੀ
ਮੋੜੀਆਂ ਮੇਰੇ ਪਜਾਮੇ ਦੀਆਂ ਮੂਹਰੀਆਂ,ਮੈਨੂੰ ਪੇਂਡੂ ਕਹਿ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ………….

ਸੂਟ ਬੂਟ ਨੇ ਕਾਲੇ ਰੰਗ ਦੀ ਕਾਰ ਚ ਬਿਠਾ ਲਈ
ਲਾਹ ਕੇ ਸਟੈਂਡ ‘ਹੀਰੋ ਜੈੱਟ’ ਦੀ ਮੈਂ ਵੀ ਚੈਣ ਚੜਾ ਲਈ
ਪਸ਼ੂ ਵੇਹਲੜਾ ਅੰਦਰ ਕਰਦੇ,ਘਰਦੀਆਂ ਬੁੜੀਆਂ ਕਹਿ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ ਕਣੀਆਂ ਪੈ ਰਹੀਆਂ

Published in: on ਮਈ 4, 2009 at 6:48 ਪੂਃ ਦੁਃ  Comments (3)