ਕੋਈ ਮੱਛਰਦਾਨੀ ਲਾਈ ਬੈਠਾ ਮੋਟਰ ਵਾਲੇ ਕੋਠੇ ਤੇ
ਫੇਜ ਬਦਲਣਾ ਪੈਂਦਾ “ਆਗੀ ਉਏ” ਦੇ ਹੋਕੇ ਤੇ
ਖਾਲੇ ਖਾਲ ਜਵਾਨੀ ਸਧਰਾਂ ਦਾ ਨੱਕਾ ਮੋੜਨ ਜਾਵੇ
ਕਹੀ ਮੋਢੇ ਤੇ ਸੱਪਾਂ ਦੀਆਂ ਕੋਈ ਸਿਰੀਆਂ ਮਸਲਦਾ ਆਵੇ
ਬਾਬਿਆਂ ਦੀਆਂ ਮਟੀਆਂ ਰਾਤ ਪੈਣ ਤੇ ਦੀਵੇ ਵਾਂਗ ਜਗਦੀਆਂ ਨੇ
ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ
ਪੱਕੀ ਫਸਲ ਤੇ ਵਰ ਨਾ ਜਾਵੇ ਮੀਂਹ ਦੀ ਤਿਆਰੀ ਪੂਰੀ
ਬੱਦਲ ਤੋਂ ਪਹਿਲਾਂ ਦਾਣੇ ਮੰਡੀ ਸਿੱਟਣੇ ਬੜੀ ਜਰੂਰੀ
ਇਸ ਟੈਮ ਵਿੱਚ ਯਾਰਾਂ ਦੇ ਦਿਨ ਤੀਆਂ ਵਰਗੇ ਲੰਘਦੇ
ਆਥਣੇ ਜੇ ਤਿੰਨ ਲੰਡੂ ਜੇ ਪੈੱਗ ਸਿੱਟ ਲੀਏ ਵਿੱਚ ਸੰਘਦੇ
ਹੀਰ ਛੇੜ ਲੇ ਫੇਰ ਕੋਈ ਕਰ ਯਾਦ ਜਿਗਰ ਦੇ ਫੱਟ ਨੂੰ
ਪਿੜ ਵਿੱਚ ਪਈ ਸਿਔਨੌ ਵਰਗੀ ਹੁਣ ਨਾ ਬੁਲਾਈਂ ਜੱਟ ਨੂੰ
ਅਖਾਣ ਮੁਹਾਵਰੇ ਬੋਲੀਆਂ ਕਲੀਆਂ ਇਹਨਾਂ ਦੇ ਮੂੰਹੋਂ ਸਜਦੀਆਂ ਨੇ
ਪਿੰਡਾਂ ਵੱਲੋਂ ਸਦਾ ਹਵਾਵਾਂ……
ਪਸ਼ੂ ਬਿਮਾਰ ਹੋਵੇ ਪਿੰਡ ਸਾਰੇ ਵਿੱਚ ਬਣ ਜਾਂਦਾ ਏ ਕਿੱਸਾ
ਗਾਈਆਂ, ਮੱਝਾਂ, ਬਲਦ ਤੇ ਘੋੜੇ ਇਸ ਜਿੰਦਗੀ ਦਾ ਹਿੱਸਾ
ਸ਼ੌਂਕਾਂ ਚੋਂ ਇੱਕ ਮੰਡੀ ਧਨੌਲੇ ਲੱਗਦੀ ਹਰ ਮਹੀਨੇ
ਕੁੱਕੜ ਲੜਾਉਂਦੇ, ਕੁੱਤੇ ਭਜਾਉਂਦੇ, ਜਾਂ ਬਾਜੀ ਤੇ ਉੱਡਦੇ ਚੀਨੇ
ਦਾਲ ਪਤੀਲੇ ਤੂੜੀ ਕੋਠੇ ਇਹਨਾਂ ਘਰਾਂ ਚ ਕਦੇ ਨਾ ਮੁੱਕੀ
ਖਲ ਵੜੇਵੇਂ ਦੀ ਰਲਦੀ ਸੰਨੀ ਭਾਵੇਂ ਆਪੇ ਖਾਈਏ ਰੁੱਖੀ
ਖੜੀਆਂ ਕਿੱਲਿਆਂ ਤੇ ਚਾਰ ਬੂਰੀਆਂ ਰਿਸ਼ਤੇਦਾਰੀ ਚੋਂ ਲਗਦੀਆਂ ਨੇ
ਪਿੰਡਾਂ ਵੱਲੋਂ ਸਦਾ ਹਵਾਵਾਂ……
ਰਾਹਗੀਰ ਨੂੰ ਰਾਹ ਦੱਸਦੇ ਨੇ ਰੋਟੀ ਟੁੱਕ ਖਵਾਕੇ
ਬਾਬੇ ਬੋਹੜਾਂ ਵਰਗੇ ਬਹਿੰਦੇ ਸੱਥ ਚ ਮਹਜਮਾਂ ਲਾਕੇ
ਜਿਹੜੇ ਤੋਰ ਦੇਖ ਕੇ ਪਿੰਡ ਦੱਸਦੇ ਨੇ, ਵੱਟ ਤੇ ਖੜਕੇ ਵਾਹਣ ਚ ਵਿੰਗ ਦੱਸਦੇ ਨੇ
ਇਹ ਉਹ ਪਾਰਖੂ ਹੁੰਦੇ
ਗੱਲਾਂ ਚੋਂ ਗੱਲ ਕੱਢੀ ਜਾਂਦੇ ਲੱਗਣ ਨਾ ਦਿੰਦੇ ਭੁੰਜੇ
ਮੁੱਲੇ ਦੀ ਦੌੜ ਮਸੀਤਾਂ ਤਾਂਈ ਸਾਡੀ ਪਿੰਡ ਦੀ ਜੂਹ ਤੱਕ
ਤੈਥੋਂ ਬਿਨਾ ਤੈਨੂੰ ਦੱਸ ਦਿੱਤਾ ਨੀ ਜੋ ਵਸਦਾ ਸਾਡੀ ਰੂਹ ਵਿੱਚ
ਵਲੈਤੀ ਕਾਰਾਂ ਤੇ ਨਾ ਮੇਮਾਂ ਸਾਡੇ ਦਿਲ ਨੂੰ ਠੱਗਦੀਆਂ ਨੇ
ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ
– ਨੈਣੇਵਾਲੀਆ