ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ..

ਜੇਠ ਹਾੜ ਦੇ ਦੁਪੈਹਰੇ ਬਾਬੇ ਬਹਿੰਦੇ ਬੋਹੜ ਛਾਵੇਂ
ਜਾਂ ਫਿਰ ਧੂੰਈਂ ਦੇ ਦੁਆਲੇ ਦਾ ਸਿਆਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ
ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ.

ਪਹੁ ਫੁੱਟਦੇ ਹੀ ਗੁਰੂ ਘਰ ਦੇ ਸਪੀਕਰ ਚੋਂ ਬਾਣੀ
ਓਹ ਸਕੂਲ ਦਾ ਮੈਦਾਨ ਕੌਡੀ ਖੇਡਦੇ ਸੀ ਹਾਣੀ
ਝੋਨੇ ਵਾਲੀ ਢੇਰੀ ਉੱਤੇ ਬਾਪੂ ਮੰਜਾ ਡਾਹਕੇ ਬਹਿੰਦਾ
ਜਾਂਦੀ ਨਹਿਰ ਦਾਣਾ ਮੰਡੀ ਨਾਲੋ ਨਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਜੀਹਨੇ ਦੇਸੀ ਘਿਓ ਵਿੱਚ ਕੁੱਟ ਕੇ ਖਵਾਈਆਂ ਚੂਰੀਆਂ
ਮੂੰਹ ਹਨੇਰੇ ਚੋਅ ਕੇ ਲਿਆਉਂਦੀ ਰਹੀ ਬੂਰੀਆਂ
ਕਈ ਝੱਖੜਾਂ ਦੇ ਬਾਵਜੂਦ ਹੌਂਸਲਾ ਨਾ ਹਾਰੀ
ਜੰਮੇ ਸ਼ੇਰ ਜੀਹਨੇ ਉਹ ਮਾਂ ਸਦਕੇ ਕਮਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਟਾਹਲੀ ਦੇਆਂ ਦੋ ਗੇਟਾਂ ਵਾਲੀ ਇੱਕੋ ਪਿੰਡ ਚ ਹਵੇਲੀ
ਪਿਓ ਦਾਦੇ ਅਤੇ ਮੇਰੇ ਜਿੱਥੇ ਆਉਂਦੇ ਜਾਂਦੇ ਬੇਲੀ
ਖੁੱਲਾ ਹਵਾਦਾਰ ਜਾਲੀ ਮੱਖੀ ਮੱਛਰ ਤੋਂ ਲੱਗੀ
ਚੁਬਾਰੇ ਦੋਹਾਂ ਪਾਸੇ ਤੀਜਾ ਤੁੰ ਵਿਚਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਬੇਬੇ ਦੀ ਮੈਂ ਸੁਣਿਆ ਕਿ ਨਿਗਾਹ ਥੋੜੀ ਹੋ ਗਈ
ਮੇਰੇ ਕੋਲੋਂ ਦੂਰ ਮੇਰੇ ਪੋਤਿਆਂ ਦੀ ਜੋੜੀ ਹੋ ਗਈ
ਵੇਹੜੇ ਵਾਲੀ ਨਿੰਮ, ਬੇਬੇ ਅਤੇ ਉਹਦਾ ਚਰਖਾ
ਸੱਤਰਾਂ ਤੋਂ ਕਿੰਨੇ ਟੱਪੇ ਉਹ ਸਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਸ਼ਹਿਰ ਉਹਦੇ ਜਾਂਦਿਆਂ ਸੀ ਮੇਰਾ ਪਿੰਡ ਰਾਹ ਚ ਪੈਂਦਾ
ਉਹੀ ਬੱਸ ‘ਵਿਰਕਾਂ’ ਦੀ ਯਾਰ ਉਡੀਕਦਾ ਸੀ ਰਹਿੰਦਾ
ਮਾਰ ਬੁੱਕਲ ਖੇਸੀ ਦੀ ਸੀਟ ਪਿਛਲੀ ਤੇ ਬਹਿਨਾ
ਬੁਲਾਈ ਪਿੱਛੇ ਮੁੜ ਉਹਦੀ ਸਤਿ ਸ਼ਰੀ ਅਕਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…
ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ.

Published in: on ਅਗਸਤ 28, 2009 at 10:00 ਪੂਃ ਦੁਃ  Comments (1)