ਹਰੇਕ ਕਾਲੀ ਕਾਰ ਪਿੱਛੇ ਉਸਨੇ
ਪੂਰਾ ਜੋਰ ਲਾ ਕੇ, ਕਿਸੇ ਸ਼ਿਕਾਰੀ ਕੁੱਤੇ ਵਾਂਗੂੰ
ਪਿੰਡ ਦੀ ਜੂਹ ਤੱਕ ਭੱਜਣਾ,
ਓਥੇ ਖੜ ਜਿੰਨਾ ਚਿਰ ਕਾਰ ਧੂੜ ਰੋਲ ਹੋ
ਅੱਖੋਂ ਓਝਲ ਨਾ ਹੋ ਜਾਂਦੀ, ਦੇਖਦੇ ਰਹਿਣਾ
ਫਿਰ ਮੁੜ ਆਉਣਾ.
ਅੰਬਰੀਂ ਉਡਦਾ ਕੋਈ ਹਵਾਈ ਜਹਾਜ਼
ਜੇ ਪਿੰਡ ਉਪਰੋਂ ਲੰਘਣਾ
ਉਹਨੇ ਗਿਰਝ ਦੇਆਂ ਫੰਗਾਂ ਵਾਂਗ
ਹੱਥ ਮਾਰਨੇ ਸ਼ੁਰੂ ਦੇਣੇ
“ਆਜੋ ਆਜੋ, ਨਾ ਜਾਓ,ਉਤਾਰ ਲੋ
ਬੱਸ ਐਥੇ ਈ, ਹਾਂ ਠੀਕ ਆ,ਰੋਕੇ.”
ਜਿਵੇਂ ਮਿੰਨੀ ਦਾ ਕਨੈਟਰ
ਬੱਸ ਬੈਕ ਲਵਾ ਰਿਹਾ ਹੋਵੇ.
ਓਸ ਗੱਲ ਨੂੰ ਸੱਤ ਸਾਲ ਹੋ ਗਏ ਸੀ,
ਭੂਤ ਕਾਲ ਦੀ ਘੁੱਦੇ ਦੀ ਜੀਤੋ ਨੂੰ
ਬਾਹਰਲੇ ਦੇਸ਼ੋਂ ਆਏ ਵਪਾਰੀ
ਕਾਲੇ ਰੰਗ ਦੀ ਡੋਲੀ ਵਾਲੀ ਕਾਰ ਚ
ਬਿਠਾ ਠੰਡੇ ਮੁਲਕ ਲੈ ਗਏ ਸੀ.
ਡਾਲਰ ਰੁਪਈਆਂ ਨਾਲ ਜਰਬ ਹੋਏ-
ਪਿੰਡ ਦੇ ਲੋਕਾਂ ਕੋਲ ਨੋਟ ਵਧ ਗੇ
ਨੋਟ ਵਧੇ-ਕਾਲੀਆਂ ਕਾਰਾਂ ਵਧ ਗੀਆਂ
ਕਾਰਾਂ ਵਧੀਆਂ-ਘੁੱਦੇ ਦੀ ਉਮਰ ਵਧ ਗੀ.
ਪੋਹ ਚृੜ ਗਿਆ ਸੀ,
ਵਿਦੇਸ਼ੀ ਪੰਜਾਬੀ ਠੰਡ ਖੁਣੋਂ
ਦਿਹਾੜੀਆਂ ਲਾਉਣ ਤੋਂ ਅਸਮਰਥ
ਸਿਉਣੇ ਨਾਲ ਲੱਦੇ ਪਿੰਡ ਆ ਵੜੇ ਸਨ.
ਬਿੱਲੀਆਂ ਅੱਖਾਂ,ਭੂਰੇ ਵਾਲ, ਗੋਰਾ ਰੰਗ,
ਗੋਲ ਮਟੋਲ ਦੋ ਨਿਆਣੇ ਘੁੱਦੇ ਨੂੰ ਦੇਖ
ਤਾੜੀਆਂ ਮਾਰ ਰਹੇ ਸੀ,
“ਇਹ ਪਾਗਲ ਆ ਬੇਟੇ ਕੋਈ,
ਅੰਦਰ ਆਓ”
ਜੀਤੋ ਨੇ ਨਿਆਣੇ ਕਾਰ ਚ ਬਿਠਾਏ
ਕਾਲੀ ਕਾਰ ਦੀ ਤਾਕੀ ਬੰਦ,
ਕਾਰ ਸੜਕ ਤੇ-ਨਿਆਣੇ ਜੀਤੋ ਨੂੰ ਕਹਿ ਰਹੇ ਸੀ
“ਮੰਮੀ ਪਾਗਲ ਅੰਕਲ ਕਿੰਨੀ ਤੇਜ਼ ਭੱਜਿਆ ਆ ਰਿਹਾ”
ਕਾਰ ਜੂਹ ਟੱਪ ਗੀ
ਘੁੱਦਾ ਪਿੰਡ ਨੂੰ ਮੁੜ ਗਿਆ.
ਘੁੱਦਾ ਕਨੇਡਾ ਵਾਲਾ

The URI to TrackBack this entry is: https://premjeetnainewalia.wordpress.com/2008/12/03/%e0%a8%98%e0%a9%81%e0%a9%b1%e0%a8%a6%e0%a8%be-%e0%a8%95%e0%a8%a8%e0%a9%87%e0%a8%a1%e0%a8%be-%e0%a8%b5%e0%a8%be%e0%a8%b2%e0%a8%be/trackback/
nice one
ਕੋਟੀ ਕੋਟੀ ਧੰਨਵਾਦ ਵੀਰ ਜੀ
ਤੁਹਾਡੇ ਸਿਖਾਏ ਅਨੁਸਾਰ ਚੱਲਣ ਦੀ ਕੋਸ਼ਿਸ਼ ਵਿੱਚ
ਤੁਹਾਡਾ ਛੋਟਾ ਵੀਰ-
ਨੈਣੇਵਾਲੀਆ