…ਤੇ ਜੇਤੂ ਜੁੰਮੇਵਾਰੀ ਰਹੀ

ਵਾਰ ਐਂਤਵਾਰ ਜਦੋਂ ਹੋਸਟਲ ਤੋ ਪਿੰਡ ਆਉਣਾ
ਲੱਗਣਾ ਜਿਵੇਂ ਵੀਹ ਪੱਚੀ ਸਾਲ ਪਿੱਛੇ ਆ ਗਿਆ ਹੋਵਾਂ
ਜਿਵੇਂ ਸਮੇਂ ਦਾ ਚੱਕਾ ਕਿੰਨੇ ਸਾਲਾਂ ਤੋਂ ਇੱਥੇ ਹੀ ਖृੜਾ ਹੋਵੇ
ਮੈਂ ਮਨੁੱਖੀ ਉਮਰ ਦੀ ਸਭ ਤੋਂ ਪਿਆਰੀ ਰੁੱਤ,ਜਵਾਨੀ ਚ ਸੀ.
ਜਵਾਨੀ ਚ ਜੋਸ਼ ਹੁੰਦਾ,ਜੋਸ਼ ਸੁਪਨਿਆਂ ਨੂੰ ਜਨਮ ਦਿੰਦਾ.
ਮੇਰੇ ਵੀ ਸੁਪਨਿਆਂ ਜਨਮ ਲਿਆ..
ਮੈਂ ਅਫਸਰ ਲੱਗੂੰ,ਸ਼ਹਿਰ ਚ ਕੋਠੀ, ਕਾਰ, ਬੈਂਕਾਂ ਚ ਪੈਸਾ,
ਅੰਗਰੇਜੀ ਸਕੂਲਾਂ ਚ ਜਵਾਕ,ਮੈਂ ਇਹ ਕਰੂੰ,ਮੈਂ ਉਹ ਕਰੂੰ…..
ਉਹ ਬੋਹੜ, ਤੇ ਥੱਲੇ ਬਜ਼ੁਰਗ,ਹੱਥਾਂ ਚ ਤਾਸ਼…
ਕਿੰਨੀ ਮਘ ਰਹੀ ਸੀ ਖੇਡ..
ਕਿੰਨੇ ਵੇਹਲੇ ਨੇ ਇਹ ਲੋਕ…
ਨੈਬੀ ਪੈਂਚਰਾਂ ਵਾਲੇ ਤੋਂ ਪੁੱਛੋ ਕਿ ਸ਼ਹਿਰ ਨੂੰ ਬੱਸ ਕਦੋਂ
ਬਿਨਾ ਟੈਮ ਦੇਖੇ ਕਹਿਣਾ “ਆਉਣ ਵਾਲੀ ਆ”..
ਆਉਣ ਵਾਲੀ ਬੇਸ਼ੱਕ ਅੱਧਾ ਘੰਟਾ ਨਾ ਆਵੇ
ਹੂੰ… ਅਖੇ “ਆਉਣ ਵਾਲੀ ਆ”..
ਪਿੰਡ ਇਹ ਲੋਕਾਂ ਦੇ ਕਿਵੇਂ ਜੜਾਂ ਚ ਰਚਿਆ ਸੀ,
ਜਾਂ ਇਹ ਲੋਕ ਪਿੰਡ ਦੀਆਂ ਜੜਾਂ ਸਨ…
ਪਿੰਡ ਦੀ ਫਿਰਨੀ ਵਾਂਗੂੰ ਉਮਰ ਹੌਲੀ ਹੌਲੀ ਮੋੜ ਖਾਣ ਲੱਗੀ
ਕਵੀਲਦਾਰੀ ਦੀ ਦਾਤੀ ਨੇ ਚਾਅ ਅਤੇ ਸਧਰਾਂ ਵਲੂੰਧਰ ਸੁੱਟੀਆਂ
ਜੁੰਮੇਵਾਰੀਆਂ ਦੇ ਬੱਦਲਾਂ ਦੀ ਛਾਂ ਹੇਠ
ਸੁਪਨਿਆਂ ਦਾ ਜਲੌਅ ਅਲੋਪ ਹੋ ਗਿਆ.
ਬੱਸ ਅੱਡੇ ਵਾਲਾ ਬੋਹੜ ਓਹੀ ਸੀ..
ਮੇਰੇ ਮੂੰਹ ਤੇ ਝੁਰੜੀਆਂ ਵਾਂਗੂੰ
ਓਹਦੀ ਦਾਹੜੀ ਕੁਝ ਲੰਮੀ ਹੋ ਗਈ ਸੀ..
ਕਸਬਿਆਂ ਵਾਲੇ ਸ਼ਹਿਰੀਂ ਵਸ ਗਏ ਸੁਣਿਆ
ਤੇ ਸ਼ਹਿਰਾਂ ਵਾਲੇ ਵਲੈਤੀਂ…ਬਈ ਬੱਲਾ ਬੱਲਾ
ਦੁਨੀਆਂ ਤਰੱਕੀ ਕਰ ਗਈ.ਕਿਥੋਂ ਕਿਥੇ ਪਹੁੰਚ ਗਈ..
ਮੈਂ ਵੀ ਪਹੁੰਚ ਗਿਆ..ਬੋਹੜ ਹੇਠਾਂ…
ਹੱਥ ਚ ਪੱਤੇ..ਤਾਸ਼ ਦੇ..ਮੇਰੇ ਥੱਲੇ ਪੱਤੇ.. ਬੋਹੜ ਦੇ..
ਬੋਦੀਆਂ ਤੇਲ ਨਾਲ ਚੋਪੜੀਆਂ,ਬੂਟ ਪੈਂਟ ਕਸੀ
ਅੱਜ ਕੋਈ ਫੇਰ ਅਫਸਰ ਬਣਨ ਚੱਲਿਆ ਸੀ
ਮੇਰਾ ਧਿਆਨ ਲਵੀ ਉਮਰ ਦੇ ਪਾਹੜੇ ਤੇ ਗਿਆ
“ਸ਼ਹਿਰ ਨੂੰ ਬੱਸ ਕਦੋਂ ਕੁ ਆ”
ਓਹਨੇ ਪੁੱਛਿਆ
“ਆਉਣ ਆਲੀ ਆ ਕਾਕਾ”.
“ਲੈ ਐਤਕੀਂ ਸੀਫ ਪੱਕੀ”
ਮੇਰਾ ਧਿਆਨ ਟੁੱਟ ਗਿਆ ਸੀ
ਬਾਜ਼ੀ ਫੇਰ ਮਘ ਪਈ ਸੀ…

Published in: on ਨਵੰਬਰ 18, 2008 at 5:29 ਪੂਃ ਦੁਃ  Comments (4)  
Tags: