ਅਸੀਂ ਪਿੰਡਾਂ ਵਾਲੇ ਸੀ
ਸਾਡੀਆਂ ਸਕੀਰੀਆਂ (ਰਿਸ਼ਤੇਦਾਰੀਆਂ) ਵੀ ਪਿੰਡਾਂ ਚ
ਜੇ ਕੋਈ ਇੱਕ ਅੱਧਾ ਸ਼ਹਿਰ ਚ ਹੁੰਦਾ
ਓਹਦੇ ਨਾਲ ਸਾਡੀ ਬਣਦੀ ਨਾ
ਅਖੇ ਜੀ “ਇਹ ਤਾਂ ਰੋਟੀਆਂ ਗਿਣ ਕੇ ਪਕਾਉਂਦੇ ਆ”
“ਮਾਣ ਤਾਣ ਨੀ ਕਰਦੇ”.
ਅੈਨੀ ਨਕਦੀ ਕਿਸੇ ਕੋਲ ਹੈ ਨੀ ਸੀ
ਜਿਸਨੂੰ ਦਿਖਾ ਕੇ ਅੰਬੈਸੀ ਵਾਲਿਆਂ ਨੂੰ
ਧਰਵਾਸਾ ਹੋਜੇ ਕੇ ਇਹ ਵਲੈਤ ਗੁਜ਼ਾਰਾ ਕਰ ਸਕਦੇ ਨੇ
ਤੇ ਸਾਡਾ ਇੱਕ ਈ ਸੁਪਨਾ ਹੁੰਦਾ ਸੀ
“ਚੰਡੀਗृੜ ਦੇਖਣਾ,
ਕਹਿੰਦੇ ਬਾਹਰਲਾ ਮੁਲਕ ਈ ਆ”
ਜੇ ਕਿਸੇ ਕਿਸਮਤ ਵਾਲੇ ਨੇ
ਮਟਕਾ ਚੌਂਕ ਚ ਰੈਲੀ ਤੇ ਪੁਲਸ
ਦੀਆਂ ਡਾਂਗਾਂ ਖਾ ਆਉਣੀਆਂ
ਤਾਂ ਸਾਰੇ ਸਿਆਲ ਸੱਥ ਦਾ ਚੋਟੀ
ਦਾ ਬੁਲਾਰਾ ਓਹੀ ਰਹਿੰਦਾ.
ਮੇਰੇ ਵਰਗਿਆਂ ਨੇ ਮੂੰਹ ਚੱਕ ਸੁਣੀ ਜਾਣਾ.
ਅਸੀਂ ਕਦੇ ਬਰਨਾਲਾ ਨੀ ਟੱਪੇ ਸੀ
ਓਹ ਵੀ ਦੁਸ਼ੈਹਰੇ ਦਾ ਮੇਲਾ ਦੇਖਣ ਜਾਣਾ
ਇੱਕ ਵਾਰੀ ਰਾਵਣ ਦੇ ਕਾਲ ਦਾ ਕਿਰਦਾਰ
ਮੇਰੇ ਸੀਰੀ ਨੂੰ ਮਿਲ ਗਿਆ
ਓਹਦਾ ਕੱਦ ਖਾਸ਼ਾ ਸੀ ਤੇ ਰੰਗ
ਜਿਵੇਂ ਪੁੱਠੇ ਤਵੇ ਨਾਲ ਸ਼ਰਤ ਲਾਉਂਦਾ ਹੋਵੇ.
ਓਹਨੂੰ ਪੂਰਾ ਚਾਅ ਜਿਵੇਂ ਬੇਰੁਜਗਾਰ ਨੂੰ
ਸਰਕਾਰੀ ਕੁਰਸੀ ਮਿਲ ਗੀ ਹੋਵੇ.
ਦੁਪੈਹਰ ਤੋਂ ਲਾ ਗਿਆ
ਆਥਣ ਤੱਕ ਲਾਹਣ ਨਾਲ
ਅੈਣ ਚੋਟੀ ਤੇ ਹੋ ਗਿਆ.
ਸਟੇਜ ਤੇ ਰਾਵਣ ਦੀ ਥਾਂ
ਪਤੰਦਰ ਨੇ ਜੱਫਾ ਪਾ ਕੇ ਰਾਮ ਚੰਦਰ
ਨੂੰ ਗੋਡਿਆਂ ਥੱਲੇ ਲੈ ਲਿਆ
ਬਾਣੀਆਂ ਦੇ ਜਵਾਕਾਂ ਦੀ ਬਾਂਦਰ ਸੈਨਾ
ਬਿੱਲੂ(ਮੇਰਾ ਸੀਰੀ)ਨੂੰ ਆਂਏਂ
ਚੁੰਬੜ ਗੀ ਜਿਵੇਂ ਗੁੜ ਵਾਲਾ ਖਾਲੀ ਗੱਟਾ
ਕੀੜੇਆਂ ਦੇ ਭੌਣ ਤੇ ਸੁੱਟਿਆ ਹੁੰਦਾ.
ਸਾਰ ਪੰਡਾਲ ਹੱਸ ਹੱਸ ਦੂਹਰਾ ਹੋ ਗਿਆ.
ਤੇ ਬਿੱਲੂ “ਕਾਲ” ਇੱਕ ਇਤਿਹਾਸ ਬਣ ਗਿਆ.
ਮੇਰੀ ਇੱਕ ਜਮਾਤਣ ਦਾ ਸੱਦਾ ਪੱਤਰ
ਘਰ ਆਇਆ “ਮੰਮੀ ਡੈਡੀ ਦੇ ਵਿਆਹ ਦੀ
ਵृਰੇਗੰਢ”
ਸਾਡਾ ਸਾਰਾ ਟੱਬਰ ਸ਼ਸ਼ੋਪੰਜ ਚ ਪੈ ਗਿਆ
ਅੱਧਾ ਘੰਟਾ ਲਾ ਕੇ ਮੈਂ ਮਾਤਾ ਨੂੰ ਸਮਝਾਇਆ
“ਵੇਹ ਬਾ…ਸ਼ਰਮ ਨੀ ਆਉਂਦੀ ਲੋਕਾਂ ਨੂੰ”
ਬੇਬੇ ਨੇ ਕਿਹਾ.
ਜਦੋ ਸ਼ਹਿਰ ਜਾਣ ਬਾਰੇ ਬਾਪੂ ਕੋਲ ਗਿਆ
“ਕੀ ਲੈਣਾ ਤੂੰ ਕੰਜਰਪੁਣੇ ਤੋਂ”
ਬਾਪੂ ਨੇ ਕਿਹਾ.
ਯੂਰੀਆ ਰੇਹ ਲੈਣ ਦੇ ਬਹਾਨੇ ਮੈਂ
ਸ਼ਹਿਰ ਪਹੁੰਚਿਆ.
ਓਹ ਵਾਪਸੀ ਤੇ ਮੈਨੂੰ ਬੱਸ ਅੱਡੇ
ਤੱਕ ਛੱਡਣ ਆਈ
ਮੈਂ ਦੱਸਿਆ ਨਾ ਕਿ ਮੈਂ
ਟਰੈਕਟਰ ਲੈ ਕੇ ਆਇਆਂ.
ਮੇਰੀ ਪੂਰੀ ਕੋਸ਼ਿਸ਼ ਸੀ ਕਿ
ਮੈ ਪੇਂਡੂ ਤਾਂ ਨੀ ਲੱਗ ਰਿਹਾ.
ਅੱਜ ਫੇਰ ਬੋਹੜ ਹੇਠਾਂ
ਨੰਬਰਦਾਰ ਆਪਣੀ ਰੈਲੀ ਦੀਆਂ
ਵਾਰਾਂ ਸੁਣਾ ਰਿਹਾ ਸੀ
ਅਸਮਾਨੀ ਹੌਵਾਈ ਜਹਾਜ਼ ਲੰਘਿਆ
ਬੁਲਾਰਾ ਤੇ ਸਰੋਤੇ ਸਾਰੇ ਚੁ੮ਪ ਕਾਰ ਗੇ ਤੇ ਜਹਾਜ਼
ਵਲ ਮੂੰਹ ਚੱਕ ਵੇਖਣ ਲੱਗੇ.
ਮੈਨੂੰ ਮੇਰੀ ਜਮਾਤਣ ਦੀ
ਗੱਲ ਯਾਦ ਆ ਗਈ
ਅੱਡੇ ਪਹੁੰਚਦਿਆਂ ਉਹਨੇ ਕਿਹਾ ਸੀ
“ਥੋਡਾ ਪੇਂਡੂਆਂ ਦਾ ਦੋ ਗੱਲਾਂ ਤੋਂ
ਪੱਕਾ ਪਤਾ ਲੱਗ ਜਾਂਦਾ”
ਮੈਂ ਸ਼ਰਮ ਮਾਰੇ “ਕੀ” ਨਾ ਪੁੱਛਿਆ
ਪਰ ਉਹ ਬੋਲਦੀ ਗਈ
“ਇੱਕ ਤਾਂ ਤੁਰੇ ਜਾਂਦੇ ਰਾਹ ਚ
ਖृੜੀਆਂ ਕਾਰਾਂ ਤੇ ਉੰਗਲ ਨਾਲ
ਲਕੀਰ ਮਾਰਦੇ ਜਾਓਗੇ, ਪਿਛਲੇ
ਸ਼ੀਸ਼ੇ ਤੇ ਪਈ ਮਿੱਟੀ ਤੇ ਪਾਨ
ਦਾ ਪੱਤਾ ਜਾ ਬਣਾ ਕੇ ਵਿੱਚ ਦੀ ਤੀਰ
ਜਾ ਲੰਘਾ ਕੇ, ਆਪਨਾ ਨਾਮ ਲਿਖ ਦਿਨੇ ਓਂ.
ਇੱਕ ਹੋਰ ਗੱਲ
ਜਹਾਜ਼ ਜਾਂਦਾ ਵੇਖ ਗੱਲ
ਕਰਨੀ ਬੰਦ ਕਰ ਦਿੰਨੇ ਓਂ
ਤੇ ਮੂੰਹ ਚੱਕ ਉਤਾਂਹ ਨੂੰ ਵੇਖਣ
ਲੱਗ ਜਾਨੇ ਓਂ”
ਉਹਦੀ ਗੱਲ ਪੂਰੀਹੋ ਚੁੱਕੀ ਸੀ
ਉਹ ਚੁੱਪ ਹੋ ਗਈ
ਏਧਰ ਜਹਾਜ਼ ਅੱਖੋਂ ਓਝਲ ਹੋ ਗਿਆ ਸੀ
ਸੱਥ ਚ ਬੈਠੇ ਸਰੋਤਿਆਂ ਨੇ
ਅੱਖਾਂ ਅਸਮਾਨ ਚੋਂ ਲਾਹ
ਨੰਬਰਦਾਰ ਤੇ ਫੇਰ ਟਿਕਾ ਲਈਆਂ ਸਨ
ਨੰਬਰਦਾਰ ਬੁਲਾਰਾ
ਬੋਲਣਾ ਸ਼ੁਰੂ ਹੋ ਗਿਆ ਸੀ
ਜਮਾਤਣ ਦੀ ਗੱਲ ਪੱਕੀ ਸੀ
ਅਸੀਂ ਪਿੰਡਾਂ ਵਾਲੇ ਸੀ………..