ਵੱਡੇ ਘਰਾਂ ਦੀਆਂ ਵੱਡੀਆਂ ਮਿਰਚਾਂ

ਮਾਸੀ ਦੇ ਨਿਆਣੇ ਨੇ ਦੋ ਵਾਰ ਪੁਰ ਜੋਰ
ਮੰਗ ਕੀਤੀ ਕਿ ਕੰਮਪਿਊਟਰ ਚਾਹੀਦਾ
ਪਰਾਈਵੇਟ ਬੱਸ ਵਾਂਗੂੰ ਕੰਮਪਿਊਟਰ,
ਉਸਦੇ ਜਨਮ ਤਰੀਕਵਾਲੇ ਦਿਨ
ਅੈਨ ਟੈਮ ਤੇ ਪਹੁੰਚ ਗਿਆ ਸੀ.
ਮੈਨੂੰ ਆਪਣੇ ਦਿਨ ਯਾਦ ਆ ਗਏ.
ਨਵੀਂ ਸਲੇਟ ਜਾਂ ਕਾਪੀ ਲੈਣ ਲਈ
ਬਾਪੂ ਨੂੰ ਵਿਸਥਾਰ ਸਹਿਤ
ਵਿਆਖਿਆ ਦੱਸਣੀ ਪੈਂਦੀ ਕਿ
ਪਹਿਲਾਂ ਵਾਲੀ ਕਿਵੇਂ ਮੁੱਕੀ.
ਮਾਸੜ, ਕਾਰ ਚ ਬੈਠੇ ਨਿਆਣੇ ਨੂੰ ਜੇਬ ਖਰਚ
ਘਟਾਉਣ ਬਾਰੇ ਸਮਝਾ ਰਿਹਾ ਸੀ.
ਕਾਰ ਤੋਂ ਯਾਦ ਆ ਗਿਆ-
ਸਰਪੰਚਾਂ ਦੀ ਕਨੇਡੇ ਵਾਲੀ ਕੁੜੀ
ਦੇ ਵਿਆਹ ਚ
ਡੋਲੀ ਤੋਂ ਸਿੱਟੇ ਪੈਸੇ ਚੁਗਦੇ ਦੇ ਮੇਰੇ
ਹੱਥ ਦੋ ਰੁਪਇਆਂ ਦਾ ਠੋਲੂ ਲੱਗ ਗਿਆ,
ਓਦੋਂ ਨਵੇਂ ਨਵੇਂ ਚੱਲੇ ਸੀ…
ਮੈਂ ਪੰਜੀਆਂ ਦਸੀਆਂ ਚੁਗੀ ਜਾਂਦੇ ਨਾਲ ਦਿਆਂ
ਤੋਂ ਸਭ ਤੋਂ ਅਮੀਰ ਸੀ,
ਅੱਜ ਦੁਪੈਹਰੇ ਰੇਹੜੀ ਵਾਲੇ ਤੋਂ
ਖੋਏ ਵਾਲੀ ਕੁਲਫੀ ਖਾਊੰ
ਉਹ ਵੀ ਦਿਖਾ ਦਿਖਾ ਕੇ..
ਮੈਨੂੰ ਕੁਲਫੀ ਦਾ ਸਵਾਦ ਯਾਦ ਸੀ
ਇੱਕ ਦਿਨ ਅੱਧੀ ਛੁੱਟੀ ਵੇਲੇ
ਆृੜਤੀਆਂ ਦੇ ਰਕੇਸ਼ ਤੋਂ
ਮੈਂ ਖੋਹ ਕੇ ਭੱਜ ਗਿਆ ਸੀ..
ਓਹਨੇ ਊੜੇ ਆੜੇ ਵਾਲੀ ਫੱਟੀ
ਮੇਰੇ ਮਗਰ ਚਲਾਵੀਂ ਛੱਡੀ..
ਗਿਆਰਾਂ ਟੰਕੇ ਲੱਗੇ ਸੀ,
ਓਹ ਨਿਸ਼ਾਨ ਅੱਜ ਵੀ
ਮੱਥੇ ਤੇ ਇੰਝ ਚਮਕਦਾ ਜਿਵੇਂ
‘ਰਾਰੇ ਦੇ ਪੈਰ ਚ ਹਾਹਾ’ ਪਾਇਆ ਹੋਵੇ.
ਓਹ ਆਪਣੀ ਵਰੇਗੰਢ ਦਾ ਜਸ਼ਨ
ਮਨਾਉਣ ਜਾ ਰਿਹਾ ਸੀ,
ਮਾਸੜ ਨੇ ਬਿਨਾ ਉਸਦੇ ਮੰਗੇ ਤੇ ਬਿਨਾ ਗਿਣੇ
ਪੰਜ ਪੰਜ ਸੌ ਦੇ ਕਈ ਨੋਟ ਓਹਦੀ ਹਥੇਲੀ
ਤੇ ਰੱਖ ਦਿੱਤੇ..
ਮੈਨੂੰ ਆਪਣਾ ਪੰਜਾਹ ਦੇ ਨੋਟ ਦਾ ਕੱਦ (ਜੋ ਕਿ
ਬੇਬੇ ਨੇ ਸ਼ਗਨ ਦੇਣ ਲਈ ਫੜਾਇਆ ਸੀ)
ਅੈਨਾ ਛੋਟਾ ਲੱਗਿਆ ਜਿਵੇਂ
ਕਿਸੇ ਤੂੜੀ ਵਾਲੇ ਕੁੱਪ ਕੋਲੇ ਪਾਥੀਆਂ
ਵਾਲਾ ਗਹੀਰਾ ਲਾ ਦਿੱਤਾ ਹੋਵੇ.
“ਤੈਨੂੰ ਅੱਡੇ ਤੱਕ ਜਾਂਦਾ ਜਾਂਦਾ
ਛੱਡ ਜੂ”
ਮਾਸੜ ਨੇ ਕਿਹਾ.
ਮੈਂ ਆਪਣੀ ਜੁੱਤੀ
ਕਈ ਵਾਰ ਝਾੜ ਕੇ ਬੈਠਾ.
ਅੱਡੇ ਤੇ ਉਤਰ ਕੇ ਓਹਦਾ
ਸਿਰ ਪਲੋਸਿਆ ਤੇ ਅਣਮੁੱਲੀ
ਅਸੀਸ ਦਿੱਤੀ “ਜਵਾਨੀਆਂ ਮਾਣੋ ਕਾਕਾ ਜੀ”
ਤੇ ਜੇਬ ਚੋਂ ਮੇਰੇ ਵਾਂਗੂੰ ਸ਼ਰਮ ਨਾਲ
ਨਿੰਮੋਝੀਣਾ ਜਾ ਹੋਇਆ ਪੰਜਾਹ ਦਾ ਨੋਟ
ਦੋਵੇਂ ਹਥੇਲੀਆਂ ਦੇ ਵਿਚਾਲੇ ਰੱਖ ਸਿੱਧਾ
ਕਰਕੇ ਬਟੂਏ ਪਾ ਲਿਆ ਤੇ ਪਿੰਡ ਵਾਲੀ
ਬੱਸ ਚृੜ ਆਏਆ.

Published in: on ਅਕਤੂਬਰ 22, 2008 at 5:00 ਪੂਃ ਦੁਃ  ਟਿੱਪਣੀ ਕਰੋ  
Tags:

The URI to TrackBack this entry is: https://premjeetnainewalia.wordpress.com/2008/10/22/%e0%a8%b5%e0%a9%b1%e0%a8%a1%e0%a9%87-%e0%a8%98%e0%a8%b0%e0%a8%be%e0%a8%82-%e0%a8%a6%e0%a9%80%e0%a8%86%e0%a8%82-%e0%a8%b5%e0%a9%b1%e0%a8%a1%e0%a9%80%e0%a8%86%e0%a8%82-%e0%a8%ae%e0%a8%bf%e0%a8%b0/trackback/

RSS feed for comments on this post.

ਟਿੱਪਣੀ ਕਰੋ