ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਲੋਕੀਂ ਪੁੱਜਦੇ ਸੀ ਹੁੰਮ ਹੁੰਮਾ ਕੇ ਕੱਠ ਬੇਹਿਸਾਬਾ

ਕੁੜੀ ਕੱਢ ਕੇ ਲੈ ਗਿਆ ਸੁਣਿਆ ਸਤਸੰਗੀਆ ਬਾਬਾ

ਗਰੀਬ ਗੁਰਬੇ ਪੰਜਾਬੀਆਂ ਨੂੰ ਹੁਣ ਫੇਰ ਭੜਕਾਉਂਦੇ ਨੇ

ਕਈ ਵਿੱਚ ਵਲੈਤਾਂ ਬੈਠੇ ਖਾਲਿਸਤਾਨ ਬਣਾਉਂਦੇ ਨੇ

ਵੋਟ ਪਵਾ ਕੇ ਤੇਰੇ ਖੁੱਡੇ ਖੂੰਜੇ ਲਾ ਦੇਣੇ

ਤੈਨੂੰ ਕੱਖ ਨੀ ਮਿਲਣਾ ਚਿੱਟੀਆਂ ਨੀਲੀਆਂ ਪੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

 

ਪੰਜਾਬ ਚ ਕਹਿੰਦੇ ਦਿੱਲੀ ਵਾਂਗੂ ਮੈਟਰੋ ਲਿਆਉਣੀ ਆਂ,

ਲੈਟ ਤਾਂ ਸਾਲੀ ਆਉਂਦੀ ਨੀ ਮੈਟਰੋ ਪਾਥੀਆਂ ਤੇ ਚਲਾਉਣੀ ਆਂ,

ਵੱਡੇ ਪਲਾਜੇ ਖੋਲਤੇ ਕਹਿੰਦੇ ਸੂਬੇ ਚ ਤਰੱਕੀਆਂ ਨੇ

ਕਈ ਪਿੰਡਾਂ ਚ ਗਲੀਆਂ ਨਾਲੀਆਂ ਅਜੇ ਵੀ ਕੱਚੀਆਂ ਨੇ

ਬਠਿੰਡੇ ਕਰ ਦੇਣਾ ਨੀਊ ਯਾਰਕ ਚ ਤਬਦੀਲ

ਡਾਂਗਾਂ ਪੈਂਦੀਆਂ ਬੇਰੁਜਗਾਰਾਂ ਹੱਡਾਂ ਉੱਤੇ ਨੀਲ

ਲਹਿਰ ਖਾੜਕੂ ਉੱਠੀ ਕੋਹਾੜਾ ਆਪਣੇ ਪੈਰਾਂ ਤੇ

ਮਾਂ ਨੂੰ ਕਰਦੇ ਮਸ਼ਕਰੀਆਂ ਬਚ ਕੇ ਪੁੱਤ ਸਲੱਗਾਂ ਤੋਂ 

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

 

ਇਟਲੀ ਵਿੱਚ ਇੱਕ ਸਿੱਖਾਂ ਦਾ ਕੋਈ ਬਾਬਾ ਮਾਰ ਦਿੱਤਾ

ਯੱਭਲ ਕੌਮ ਨੇ ਸਾਰਾ ਜਲੰਧਰ ਸ਼ਹਿਰ ਸਾੜ ਦਿੱਤਾ

ਸਰਸੇ ਵਾਲੇ ਦਾ ਰੁਜਗਾਰ ਮਰਾਤਾ ਗੋਬਿੰਦ (ਸ਼ਰੀ ਗੁਰੂ ਗੋਬਿੰਦ ਸਿੰਘ) ਦੇ ਬਾਣੇ ਨੇ

ਹਿੰਦੂ ਸਿੱਖਾਂ ਦੇ ਦੰਗੇ ਹੁੰਦੇ ਵਿੱਚ ਲੁਧੀਆਣੇ ਦੇ

ਨਿੱਤ ਨਵੇਂ ਕਨੂੰਨ ਬੇਗਾਨੇ ਕਰ ਦਿੰਦੇ ਲਾਗੂ

ਮਾਨਸਾ ਜਿਲੇ ਵਿੱਚ ਠੋਕਿਆ ਕਿਸਾਨ ਯੂਨੀਅਨ ਆਗੂ

ਜਾਂ ਤਾਂ ਵੀਜ਼ੇ ਲਾਵਕੇ ਬਾਹਰਲੇ ਮੁਲਕੀਂ ਨਿੱਕਲ ਜੋ

ਜਾਂ ਰਹਿਣਾ ਕਿਵੇਂ ਪੰਜਾਬ ਚ ਹੋ ਜੋ ਜਾਣੂ ਚੱਜਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

 

ਕਿਤੇ ਕੈਪਟਨ ਕਿਤੇ ਬਾਦਲ ਆ ਗਿਆ ਧੰਨ ਧੰਨ ਕਰਵਾਤੀ

ਇਹ ਬਾਹਰੋਂ ਦੇਖਣ ਨੂੰ ਚੰਗਾ ਲੱਗਦਾ ਚਿੱਟੇ ਰੰਗ ਦਾ ਹਾਥੀ

ਨਿਚੋੜ ਲਿਆ ਪੰਜਾਬ ਸਾਰਾ ਨਾ ਪੱਲੇ ਏਹਦੇ ਕੱਖ

ਰੱਬ ਨੇ ਦਿੱਤੀਆਂ ਗਾਜਰਾਂ ਵਿੱਚੇ ਈ ਰੰਬਾ ਰੱਖ

ਫਿਲਮਾਂ ਗਾਣਿਆਂ ਵਿੱਚ ਪੰਜਾਬੀ ਖੌਰੂ ਪਾਉਂਦੇ ਆ

ਕਿਤੇ ਸੱਥ ਬਹਿ ਕੇ ਸੁਣੀਂ ਗੰਢੇ ਕੀ ਭਾਅ ਅਉਂਦੇ ਆ

ਝੋਨਾ ਨਾ ਬੀਜਕੇ ਦੱਸ ਅਸੀਂ ਭੁੱਖੇ ਮਰਨਾ ਹੈ

ਕਹਿੰਦੇ ਵਾਤਾਵਰਣ ਪਰਦੂਸ਼ਤ ਹੁੰਦਾ ਪਰਾਲੀ ਦੀਆਂ ਅੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

 

ਪੜੇ ਲਿਖੇ ਸਿਆਣਿਆਂ ਤੋਂ ਕੋਈ ਅਕਲ ਤੂੰ ਸਿੱਖਿਆ ਕਰ

ਲੋਕਾਂ ਵਾਂਗੂੰ ਇਸ਼ਕ ਮਸ਼ੂਕ ਦੀ ਕਵਿਤਾ ਲਿਖਿਆ ਕਰ

ਛੱਡਦੇ ਕਿਸਾਨ ਮਜਦੂਰ ਦੀ ਫਿਰਦੀ ਜਿਉਂਦੀ ਲਾਸ਼ ਨੂੰ

ਏਥੇ ਬਟਾਲਵੀ ਬਹੁਤ ਮਸ਼ਹੂਰ ਨਾ ਕੋਈ ਜਾਣੇ ਪਾਸ਼ ਨੂੰ

ਝੁੱਗਾ ਚੱਕਿਆਂ ਢਿੱਡ ਨੰਗਾ ਤੇਰਾ ਸ਼ਰੇਆਮ ਉਏ

ਨੈਣੇਵਾਲੀਆ ਚੜਦੇ ਨੂੰ ਆਖੀਦੀ ਸਲਾਮ ਉਏ

ਸਿੱਖਿਆ ਕਰ ਕੁਛ ਚਮਚਿਆਂ ਤੋਂ ਕੁਛ ਲਾਈ ਲੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

ਇਹ ਦੁਨੀਆਂ ਮਤਲਬ ਦੀ ਬੀਬਾ ਬਚ ਕੇ ਠੱਗਾਂ ਤੋਂ

Published in: on ਅਕਤੂਬਰ 14, 2010 at 11:59 ਪੂਃ ਦੁਃ  Comments (3)  

ਜਿਹੜੀ ਧੀ ਘਰਾਣੇ ਦੀ

ਹੱਡ ਦੀ ਸੱਟ ਵਾਂਗ ਘਰ ਕਰ ਜਾਂਦੀ

ਚੀਸ ਇਸ਼ਕ ਨਿਆਣੇ ਦੀ

ਪਹਿਲੇ ਤੋੜ ਦੀ ਨਿੱਤਰਿਆ ਪਾਣੀ

ਕੱਢੀਏ ਗੁੜ ਪੁਰਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ

ਜਿਹੜੀ ਧੀ ਘਰਾਣੇ ਦੀ

 

ਜਦ ਇਸ਼ਕ ਲੈਂਦਾ ਫਿਰਦਾ

ਹੁਸਨ ਦੇ ਲੱਕ ਹਿੱਕ ਦਾ ਮੇਚ,

ਘਿਓ ਆਖਰ ਪਿਘਲ ਗਿਆ

ਨਾ ਸਹਿੰਦਾ ਬਹੁਤਾ ਸੇਕ,

ਜੋੜਾਂ ਵਿੱਚ ਚੀਸਾਂ ਉੱਠਦੀਆਂ ਨੇ

ਜਦ ਲੈਂਦੀ ਅੰਗੜਾਈ,

ਹੁਣ ਪਛਤਾਵਾਂ ਕਿਉਂ ਮੋਢੇ ਤੋਂ

ਮੈਂ ਚੁੰਨੀ ਸਰਕਾਈ

ਹੰਝੂਆਂ ਦੇ ਨਾਲ ਭਿੱਜ ਗਈ ਅੜਿਆ

ਇੱਕ ਕੰਨੀ ਸਿਰਹਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ…..

 

ਨਾ ਇਹ ਕਿਸੇ ਝਨਾ ਦੀ ਸੁਣਦਾ

ਨਾ ਟੁੱਟੇ ਹੋਏ ਤੀਰਾਂ ਦੀ

ਨਾ ਪਰਵਾਹ ਇਹਨੂੰ ਮਾਰੂਥਲ ਦੀ

ਨਾ ਮਾਸ਼ੂਕ ਦੇਆਂ ਵੀਰਾਂ ਦੀ

ਦੱਸ ਕੀ ਵਧ ਜੂ ਕੀ ਘਟ ਜੂ ਇੱਜਤ

ਕਿੱਕਰ ਟੰਗੀਆਂ ਲੀਰਾਂ ਦੀ

ਇਹ ਗੱਲ ਹੈ ਆਸ਼ਿਕ ਲੋਕਾਂ ਦੀ ਫਰੀਦ

ਜਿਹੇ ਫਕੀਰਾਂ ਦੀ

ਗੋਹਾ ਕੂੜਾ ਸਿੱਟ ਦੀਆਂ ਦੀ

ਪਾਥੀਆਂ ਪੱਥ ਦੀਆਂ ਹੀਰਾਂ ਦੀ

ਅਣਜੰਮੀਆਂ ਕੁੱਖਾਂ ਵਿੱਚ ਰੀਝਾਂ ਦੀ

ਨਿੰਮ ਬੂਹੇ ਪੁੱਤ ਸਿਆਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ………..

 

ਨਾ ਇਹ ਖੂਲੇ ਝੱਥਰੇ ਜਚਦੀਆਂ ਦੀ

ਨਾ ਵਿੱਚ ਕਲੱਬਾਂ ਨਚਦੀਆਂ ਦੀ

ਇਹ ਬਲੀ ਦਾਜ ਦੀ ਚੜੀਆਂ ਦੀ

ਲਾਟਾਂ ਸਟੋਵ ਵਿੱਚ ਮੱਚਦੀਆਂ ਦੀ

ਗੱਲ ਅਨਪੜ ਪੇਂਡੂ ਕੁੜੀਆਂ ਦੀ

ਸਿਰ ਤੇ ਚੁੰਨੀ ਰਖਦੀਆਂ ਦੀ

ਇਹ ਬਪੂ ਦੀ ਘੂਰ ਤੋਂ ਡਰਦੀਆਂ ਦੀ

ਨਾ ਖੁੱਲ ਕੇ ਉੱਚੀ ਹਸਦੀਆਂ ਦੀ

ਇਹ ਕੱਚੇ ਘਰਾਂ ਵਿੱਚ ਰਹਿੰਦੀਆਂ ਦੀ

ਮਾਹੀ ਦੇ ਦਿਲ ਵਿੱਚ ਵਸਦੀਆਂ ਦੀ

ਇਹ ਗੱਲ ਕਪਾਹ ਦੇਂਆ ਫੁੱਟਾਂ ਦੀ

ਝੋਨੇ ਕਣਕ ਦੇ ਦਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ………..

 

ਬੇਬੇ ਤੋਂ ਪੱਟੀਆਂ ਗੁੱਤਾਂ ਦੀ

ਬਾਪੂ ਤੋਂ ਪਈਆਂ ਗਾਲਾਂ ਦੀ

ਇਹ ਪੀਚੋ ਬੱਕਰੀ ਖੇਡਦੀਆਂ

ਡੱਬੇ ਟੱਪ ਮਾਰੀਆਂ ਛਾਲਾਂ ਦੀ

ਇਹ ਉਲਝੀਆਂ ਜੀਆਂ ਗੁੱਤਾਂ ਦੀ

ਜੂੰਆਂ ਵਾਲੇ ਵਾਲਾਂ ਦੀ

ਇਹ ਗੱਲ ਨਾ ਚੰਡੀਗੜ ਰਹਿੰਦੀਆਂ ਦੀ

ਗੱਲ ਸੈਂਕੜੇ ਹੀ ਨੈਣੇਵਾਲਾਂ ਦੀ

ਬਾਜਾਂ ਵਾਲਿਆ ਜੇ ਸੁਣਦੈਂ ਸੁਲਝਾ ਦੇ

ਗੱਲ ਉਲਝੇ ਹੋਏ ਤਾਣੇ ਦੀ

ਬਾਬੁਲ ਦੀ ਪੱਗ ਨੂੰ ਦਾਗ ਨਾ ਲਾਉਂਦੀ

ਜਿਹੜੀ ਧੀ ਘਰਾਣੇ ਦੀ…

Published in: on ਅਕਤੂਬਰ 14, 2010 at 11:57 ਪੂਃ ਦੁਃ  Comments (3)  

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ

ਖੜੀ ਐਂ ਤਸੱਲੀ ਬਣ ਪਹਿਲੇ ਦਿਨੋਂ ਫੱਕਰ ਨਾ
ਰੱਬ ਦੀ ਸੌਂਹ ਸਾਨੂੰ ਨਾ ਕੋਈ ਤੇਰੇ ਜਿਹਾ ਟੱਕਰਨਾ
ਸਾਹਾਂ ਉਹਦਿਆਂ ਦੀ ਖੈਰ ਅਰਜੋਈ ਸਾਡੀ ਰੱਬ ਨੂੰ
ਯਾਰ ਦੀ ਖਾਤਰ ਜੀਹਨੇ ਵੈਰੀ ਕੀਤਾ ਜੱਗ ਨੂੰ
ਸੁਫਨੇ ਖਿਆਲਾਂ ਚ ਜੋ ਮੈਨੂੰ ਰਹਿੰਦੀ ਵੇਖ ਦੀ
ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ

ਹੰਝੂਆਂ ਚ ਗੁੰਨੀ ਪੱਕੇ ਵਾਅਦਿਆਂ ਦੀ ਮਿੱਟੀ
ਫੇਰ ਉਹਦੇ ਵਿੱਚ ਰੇਹ ਹੌਂਸਲੇ ਦੀ ਸਿੱਟੀ
ਜੜਾਂ ਵਿੱਚ ਪਾਣੀ ਦਿੱਤਾ ਰਾਂਝੇ ਮਿਰਜੇ ਦਾ ਜੂਠਾ
ਅੱਜ ਹੋ ਗਿਆ ਏ ਸਿਰ ਕੱਢ ਮੇਰੇ ਇਸ਼ਕੇ ਦਾ ਬੂਟਾ
ਮੂੰਹ ਜਵਾਨੀ ਤੈਨੂੰ ਇਸ਼ਕੇ ਦਾ ਊੜਾ ਆੜਾ ਦੱਸਿਆ
ਰਹੀ ਨਾ ਕੋਈ ਲੋੜ ਕੈਦੇ ਕਲਮ ਸਲੇਟ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਪਹਿਲੀ ਵਾਰੀ ਮਿਲੇ ਜਿੱਥੇ ਉਹ ਨਿੰਮ ਵਾਲੀ ਛਾਂ ਚੇਤੇ
ਇੰਜਨੀਅਰਿੰਗ ਕਾਲਜ ਫਿਰੋਜਪੁਰ ਨਾਂ ਚੇਤੇ
ਸ਼ੌਪਿੰਗ ਕੰਪਲੈਕਸ ਦਾ ਉਹ ਸਰਕਲ ਸਮਿੰਟ ਦਾ
ਜਿੱਥੇ ਤੇਰਾ ਹਿੱਲਿਆ ਸੀ ਸਿਰ ਕਹਿ ਕੇ ਹਾਂ ਚੇਤੇ
ਸ਼ਰਮ ਦੇ ਨਾਲ ਨੀ ਗੜੁੱਚ ਦੋਵੇਂ ਜਾਣੇ
ਮੈਂ ਤੈਨੂੰ ਦੇਖੀ ਗਿਆ ਤੂੰ ਮੈਨੂੰ ਰਹੀ ਦੇਖ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

ਤੇਰੇ ਲਈ ਤੇਰੇ ਭਾਈ ਜਦੋਂ ਬਾਹੁਤੇ ਵੱਡੇ ਗੁੰਡੇ ਸੀ
ਡੌਲਿਆਂ ਜਿਹੇ ਯਾਰ ਓਦੋਂ ਮੇਰੇ ਨਾਲ ਹੁੰਦੇ ਸੀ
ਬੰਨ ਸਬਰਾਂ ਦੇ ਊਣੇ ਹਾਲੇ ਦੇਖੀ ਜਾਊ ਜਦੋਂ ਭਰਗੇ
ਗੱਲ ਤੇਰੇ ਤੇ ਨੀ ਔਣ ਦਿੱਤੀ ਉੱਚੀ ਨੀਵੀਂ ਜਰ ਗੇ
ਜਿੰਦਗੀ ਚ ਉੰਜ ਝੱਖੜ ਤਾਂ ਝੁੱਲੇ ਨੇ ਬਥੇਰੇ
ਅਸੀਂ ਹੱਸ ਹੱਸ ਕੱਟੇ ਇੱਕ ਹੌਂਸਲੇ ਨਾਲ ਤੇਰੇ
ਸਾਡੀ ਜਿੰਦਗੀ ਦਾ ਰੂਟ ਹੁਣ ਤੇਰੇ ਪੈਰਾਂ ਦੇ ਹੈਠ ਦੀ

ਲੱਗ ਜੇ ਉਮਰ ਤੈਨੂੰ ਆਸ਼ਿਕ ਹਰੇਕ ਦੀ…….

Published in: on ਸਤੰਬਰ 24, 2010 at 9:36 ਪੂਃ ਦੁਃ  ਟਿੱਪਣੀ ਕਰੋ  

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ

ਕੋਈ ਮੱਛਰਦਾਨੀ ਲਾਈ ਬੈਠਾ ਮੋਟਰ ਵਾਲੇ ਕੋਠੇ ਤੇ

ਫੇਜ ਬਦਲਣਾ ਪੈਂਦਾ “ਆਗੀ ਉਏ” ਦੇ ਹੋਕੇ ਤੇ

ਖਾਲੇ ਖਾਲ ਜਵਾਨੀ ਸਧਰਾਂ ਦਾ ਨੱਕਾ ਮੋੜਨ ਜਾਵੇ

ਕਹੀ ਮੋਢੇ ਤੇ ਸੱਪਾਂ ਦੀਆਂ ਕੋਈ ਸਿਰੀਆਂ ਮਸਲਦਾ ਆਵੇ

ਬਾਬਿਆਂ ਦੀਆਂ ਮਟੀਆਂ ਰਾਤ ਪੈਣ ਤੇ ਦੀਵੇ ਵਾਂਗ ਜਗਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ

ਪੱਕੀ ਫਸਲ ਤੇ ਵਰ ਨਾ ਜਾਵੇ ਮੀਂਹ ਦੀ ਤਿਆਰੀ ਪੂਰੀ

ਬੱਦਲ ਤੋਂ ਪਹਿਲਾਂ ਦਾਣੇ ਮੰਡੀ ਸਿੱਟਣੇ ਬੜੀ ਜਰੂਰੀ

ਇਸ ਟੈਮ ਵਿੱਚ ਯਾਰਾਂ ਦੇ ਦਿਨ ਤੀਆਂ ਵਰਗੇ ਲੰਘਦੇ

ਆਥਣੇ ਜੇ ਤਿੰਨ ਲੰਡੂ ਜੇ ਪੈੱਗ ਸਿੱਟ ਲੀਏ ਵਿੱਚ ਸੰਘਦੇ

ਹੀਰ ਛੇੜ ਲੇ ਫੇਰ ਕੋਈ ਕਰ ਯਾਦ ਜਿਗਰ ਦੇ ਫੱਟ ਨੂੰ

ਪਿੜ ਵਿੱਚ ਪਈ ਸਿਔਨੌ ਵਰਗੀ ਹੁਣ ਨਾ ਬੁਲਾਈਂ ਜੱਟ ਨੂੰ

ਅਖਾਣ ਮੁਹਾਵਰੇ ਬੋਲੀਆਂ ਕਲੀਆਂ ਇਹਨਾਂ ਦੇ ਮੂੰਹੋਂ ਸਜਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ……

ਪਸ਼ੂ ਬਿਮਾਰ ਹੋਵੇ ਪਿੰਡ ਸਾਰੇ ਵਿੱਚ ਬਣ ਜਾਂਦਾ ਏ ਕਿੱਸਾ

ਗਾਈਆਂ, ਮੱਝਾਂ, ਬਲਦ ਤੇ ਘੋੜੇ ਇਸ ਜਿੰਦਗੀ ਦਾ ਹਿੱਸਾ

ਸ਼ੌਂਕਾਂ ਚੋਂ ਇੱਕ ਮੰਡੀ ਧਨੌਲੇ ਲੱਗਦੀ ਹਰ ਮਹੀਨੇ

ਕੁੱਕੜ ਲੜਾਉਂਦੇ, ਕੁੱਤੇ ਭਜਾਉਂਦੇ, ਜਾਂ ਬਾਜੀ ਤੇ ਉੱਡਦੇ ਚੀਨੇ

ਦਾਲ ਪਤੀਲੇ ਤੂੜੀ ਕੋਠੇ ਇਹਨਾਂ ਘਰਾਂ ਚ ਕਦੇ ਨਾ ਮੁੱਕੀ

ਖਲ ਵੜੇਵੇਂ ਦੀ ਰਲਦੀ ਸੰਨੀ ਭਾਵੇਂ ਆਪੇ ਖਾਈਏ ਰੁੱਖੀ

ਖੜੀਆਂ ਕਿੱਲਿਆਂ ਤੇ ਚਾਰ ਬੂਰੀਆਂ ਰਿਸ਼ਤੇਦਾਰੀ ਚੋਂ ਲਗਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ……

ਰਾਹਗੀਰ ਨੂੰ ਰਾਹ ਦੱਸਦੇ ਨੇ ਰੋਟੀ ਟੁੱਕ ਖਵਾਕੇ

ਬਾਬੇ ਬੋਹੜਾਂ ਵਰਗੇ ਬਹਿੰਦੇ ਸੱਥ ਚ ਮਹਜਮਾਂ ਲਾਕੇ

ਜਿਹੜੇ ਤੋਰ ਦੇਖ ਕੇ ਪਿੰਡ ਦੱਸਦੇ ਨੇ, ਵੱਟ ਤੇ ਖੜਕੇ ਵਾਹਣ ਚ ਵਿੰਗ ਦੱਸਦੇ ਨੇ

ਇਹ ਉਹ ਪਾਰਖੂ ਹੁੰਦੇ

ਗੱਲਾਂ ਚੋਂ ਗੱਲ ਕੱਢੀ ਜਾਂਦੇ ਲੱਗਣ ਨਾ ਦਿੰਦੇ ਭੁੰਜੇ

ਮੁੱਲੇ ਦੀ ਦੌੜ ਮਸੀਤਾਂ ਤਾਂਈ ਸਾਡੀ ਪਿੰਡ ਦੀ ਜੂਹ ਤੱਕ

ਤੈਥੋਂ ਬਿਨਾ ਤੈਨੂੰ ਦੱਸ ਦਿੱਤਾ ਨੀ ਜੋ ਵਸਦਾ ਸਾਡੀ ਰੂਹ ਵਿੱਚ

ਵਲੈਤੀ ਕਾਰਾਂ ਤੇ ਨਾ ਮੇਮਾਂ ਸਾਡੇ ਦਿਲ ਨੂੰ ਠੱਗਦੀਆਂ ਨੇ

ਪਿੰਡਾਂ ਵੱਲੋਂ ਸਦਾ ਹਵਾਵਾਂ ਚੜਦੀਕਲਾ ਚ ਵਗਦੀਆਂ ਨੇ

–  ਨੈਣੇਵਾਲੀਆ

Published in: on ਸਤੰਬਰ 23, 2010 at 9:13 ਪੂਃ ਦੁਃ  Comments (1)  

ਹੋਈ ਫਕੀਰ ਦੀ ਮੈਂ ਹੀਰ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ਉਹ ਇਸ਼ਕੇ ਦਾ ਝੋਕਾ
ਅੱਗ ਹਿਜਰਾਂ ਦੀ ਲੱਗੀ ਨੀ ਸਿਆਣੀ ਗਈ ਠੱਗੀ
ਮੇਰੇ ਲਾਰਿਆਂ ਤੋਂ ਲੰਮੀ ਉਹਦੇ ਵਾਅਦਿਆਂ ਦੀ ਸੂਚੀ
ਕੱਚੀ ਕੰਧ ਕਲੀ ਕੀਤੀ ਫੇਰ ਪਿਆਰ ਵਾਲੀ ਕੂਚੀ

ਨਾਂ ਲਿਖ ਗਿਆ ਗੂੜਾ ਨੀ ਕਿਹੜੇ ਸੰਗਲਾਂ ਨਾ ਨੂੜਾਂ
ਦਿਲ ਮੰਨਦਾ ਨਾ ਗੱਲ ਰੰਗ ਚੜ ਗਿਆ ਚੋਖਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਮੇਰੇ ਲੱਗਿਆ ਨਾ ਆਖੇ ਚਿੱਤ ਟੁੱਟ ਪੈਣਾ ਮੂਰਾ
ਨੀ ਮੈਂ ਆਪੇ ਘੋਲ ਪੀਤਾ ਮਿੱਠੇ ਸ਼ਹਿਦ ਚ ਧਤੂਰਾ
ਚੜ ਗਿਆ ਨੀ ਖੁਮਾਰ ਮੈਂ ਹੋਈ ਆਪੋਂ ਬਾਹਰ
ਮੈਥੋਂ ਉੱਠਿਆ ਨਾ ਜਾਵੇ ਬਾਗ ਕੱਢਦੀ ਅਧੂਰਾ
ਪੱਬਾਂ ਭਾਰ ਫਿਰਾਂ ਨੱਸੀ ਨੀ ਮੈਂ ਕੱਲੀ ਜਾਂਵਾਂ ਹੱਸੀ
ਮੇਰਾ ਫੁੱਲਾਂ ਨਾਲੋਂ ਹੌਲਾ ਕਰ ਭਾਰ ਗਿਆ
ਮਾਪਿਆਂ ਦੀ ਲਾਡਲੀ ਤੇ,
ਨੀ ਉਹ ਝੱਲ ਇਸ਼ਕੇ ਦਾ ਖਿਲਾਰ ਗਿਆ

ਨੀ ਦੱਸ ਹਾਸਿਆਂ ਚ ਕੌਣ ਤੇਰਾ ਹਾਸਾ ਨਈਂਓਂ ਫੋਕਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨੀ ਮੈਂ ਚੁੰਨੀ ਨਾਲ ਢਕੀ ਹਾਰੇ ਹੌਂਸਲੇ ਦੇ ਰੱਖੀ
ਦੇਕੇ ਬੁੱਕਲ ਦੀ ਨਿੱਘ ਮਸਾਂ ਯਾਰੀ ਕੀਤੀ ਪੱਕੀ
ਉਮਰ ਕੱਚੀ ਦੀਆਂ ਲਾਈਆਂ ਜਿੰਨਾ ਤੋੜ ਨਿਭਾਈਆਂ
ਮੇਲੇ ਲਗਦੇ ਮਸੀਤੀਂ ਰੰਨਾਂ ਸੁੱਖ ਦੇਣ ਆਈਆਂ
ਕੱਲ ਸੁਫਨੇ ਚ ਆਕੇ ਉਹਨੇ ਬਾਂਹਵਾਂ ਵਿੱਚ ਚੱਕੀ
ਲੱਕ ਖਾ ਗਿਆ ਮਰੋੜਾ ਮੇਰੇ ਚੀਸ ਉੱਠੀ ਵੱਖੀ
ਪੀ ਗਿਆ ਨੀ ਨੀਝ ਲਾਕੇ ਵੈਰੀ ਜੋਬਨਾ ਦਾ ਡੋਕਾ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨਾ ਅੱਖ ਲੱਗੇ ਤੇ ਨਾ ਖੁੱਲੇ ਮੈਂਨੂੰ ਸੁਫਨੇ ਵੀ ਭੁੱਲੇ
ਬੱਦਲ ਤੇ ਨੈਣ ਕਈ ਵਾਰੀ ਕੱਠੇ ਡੁੱਲੇ
ਬੇਬੇ ਖਿੱਚੀ ਜੁੱਤੀ ਤੰਦ ਸੋਚਾਂ ਵਾਲੀ ਟੁੱਟੀ
ਦੁੱਧ ਉੱਬਲ ਕੇ ਨਿੱਤ ਪੈ ਜਾਵੇ ਵਿੱਚ ਚੁੱਲੇ
ਹੋਗੀ ਕੁੜਤੀ ਨੀ ਤੰਗ ਮੈਨੂੰ ਦੱਸ ਲੱਗੇ ਸੰਗ
ਜਦੋਂ ਲਵਾਂ ਅੰਗੜਾਈ ਟਿੱਚ ਬਟਨ ਆਪੇ ਖੁੱਲੇ
ਲੜ ਗਿਆ ਡੇਂਹਬੂ ਬਣ ਪਤਲੇ ਜੇ ਲੱਕ ਤੇ
ਢਾਕਾਂ ਤੇ ਨਿਸ਼ਾਨ ਨੀਲੇ ਲਾਲ ਅਣਮੁੱਲੇ

ਫਿਰਾਂ ਖੰਭ ਵਾਂਗੂ ਉੱਡੀ ਜਦੋਂ ਉਹਦੇ ਬਾਰ ਸੋਚਾਂ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ………

ਨੀ ਉਹਦਾ ਪਿੰਡ ਨੈਣੇਵਾਲਾ ਨਾ ਬਾਹਲਾ ਗੋਰਾ ਤੇ ਨਾ ਕਾਲਾ
ਜਦੋਂ ਸੰਗ ਕੇ ਜੇ ਹੱਸੇ ਰੁੱਗ ਭਰੇ ਦਿਲਵਾਲਾ
ਨੀ ਉਹਦੀ ਤੱਕਣੀ ਚ ਜਾਦੂ ਝੱਟ ਕਰ ਲੈਂਦਾ ਕਾਬੂ
ਖੇਤਾਂ ਮੰਡੀਆਂ ਦਾ ਰਾਜਾ ਵਾਧੇ ਘਾਟੇ ਦਾ ਹਿਸਾਬੂ
ਉਹ ਮਿੱਟੀ ਲਾਂਵਾ ਮੱਥੇ ਮੇਰਾ ਯਾਰ ਵਸੇ ਜਿੱਥੇ
ਨੀ ਮੇਰੇ ਮੂੰਹਜਵਾਨੀ ਯਾਦ ਰੂਟ ਮਿੰਨੀ ਬੱਸ ਵਾਲਾ
ਚਾਰ ਕੋਹ ਸ਼ਹਿਣੇ ਤੋਂ ਨਵਾਂ ਜਿਲਾ ਬਰਨਾਲਾ
ਜਾਂਦੀ ਪਿੰਡਾਂ ਵਿਚਦੀ ਬਠਿੰਡੇ ਨੀ ਮੈਂ ਹੱਥ ਦੇ ਕੇ ਰੋਕਾਂ

ਹੋਈ ਫਕੀਰ ਦੀ ਮੈਂ ਹੀਰ
ਗਲੀਏਂ ਦਿੰਦੀ ਫਿਰਾਂ ਹੋਕਾ
ਨੀ ਚੁੱਲੇ ਹੁਸਨਾਂ ਦੇ ਲਾ ਗਿਆ ਉਹ ਇਸ਼ਕੇ ਦਾ ਝੋਕਾ

Published in: on ਸਤੰਬਰ 14, 2010 at 5:34 ਪੂਃ ਦੁਃ  Comments (2)  

ਇਹ ਆ ਗੱਲ ਓਦੋਂ ਦੀ

ਕੱਟ ਚੱਪਲ ਨੂੰ ਕੜੇ ਨਾਲ ਟੈਰ ਬਨਾਉਣੇ
ਟੈਰਾਂ ਵਾਲੇ ਰੇਹੜੇ ਸਾਡੇ ਹੁੰਦੇ ਸੀ ਖਿਡਾਉਣੇ
ਬੰਟਿਆਂ ਦੇ ਨਾਲ ਗੀਝੇ ਰਹਿੰਦੇ ਭਰੇ ਤੇ ਭਰਾਏ
ਮੋਮੀ ਜਾਮ ਤੀਲਾਂ ਸੂਲਾਂ ਦੇ ਪਤੰਗ ਵੀ ਬਣਾਏ
ਅੱਧੀ ਕੈਂਚੀ ਸੈਂਕਲ ਆਪੇ ਸਿੱਖੇ ਹੁੰਦੇ ਸੀ
ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਛੂਹਣ ਛਲੀਕੀ ਸਾਰੇ ਪਿੰਡ ਵਿੱਚ ਭੱਜਣਾ
ਕਿਸੇ ਦਾ ਵੀ ਘਰ ਬੇਗਾਨਾ ਜਾ ਨਾ ਲੱਗਣਾ
ਨਿੱਤ ਹੀ ਬੇਬੇ ਕੋਲੋਂ ਪੈਦੀਆਂ ਸੀ ਚੰਡਾਂ
ਗਲੀਆਂ ਚ ਬੜਾ ਖੇਡਿਆ ਏ ਗੁੱਲੀ ਡੰਡਾ
ਦਾਤੀ ਮੂਹਰੇ ਹੈਂਡਲ ਚ ਟੰਗੀ ਹੁੰਦੀ ਸੀ
ਪੱਠੇ ਟੂਪ ਨਾਲ ਬੰਨੇ ਕਾਠੀ ਪਿੱਛੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਭੱਜਦਿਂਆ ਛਿੱਤਰਾਂ ਦੀ ਹੁੰਦੀ ਬਰਸਾਤ ਸੀ
ਬਾਂਦਰ ਕਿੱਲੇ ਦੀ ਬੜੀ ਖੇਡ ਖਤਰਨਾਕ ਸੀ
ਸੂਏ ਲੀਰਾਂ ਸੁੱਬੇ ਨਾਲ ਗੰਢ ਕੇ ਬਣਾਈ
ਅੱਧੀ ਛੁੱਟੀ ਵੇਲੇ ਖਿੱਦੋ ਮਾਰ ਕੁਟਾਈ
ਸਕੂਲੋਂ ਭੱਜ ਟਿੱਬੇ ਆਲੇ ਖੇਤ ਵੱਜਣਾ
ਬੇਰੀਆਂ ਅਮਰੂਦ ਮਲੇ ਜਿੱਥੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਝੁੱਗਿਆਂ ਦੀ ਜੇਬ ਤੋਂ ਨਾ ਜਾਮਣਾ ਦਾ ਰੰਗ ਜਾਂਦਾ
ਘਰੇ ਪਰਾਉਣਾ ਆਇਆ ਦੇਖ ਹਰ ਕੋਈ ਸੰਗ ਜਾਂਦਾ
ਫਿਲਮਾਂ ਦੀਆਂ ਫੋਟੋਮਾਂ ਦਾ ਸ਼ੌਂਕ ਬਹੁਤ ਹੁੰਦਾ ਸੀ
ਧਰਮਿੰਦਰ ਐਕਟਰ ਤੇ ਮਰੀਸ਼ ਪੁਰੀ ਗੁੰਡਾ ਸੀ
ਚੂਪ ਚੂਪ ਫੋਲਕ ਖਲਾਰ ਦੇਣੇ ਗਲੀਆਂ ਚ
ਗੰਨੇ ਅਸੀਂ ਟਰਾਲੀਆਂ ਚੋਂ ਖਿੱਚੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

ਮਾਸ਼ਟਰ ਜਦੋਂ ਨਤੀਜਾ ਦੱਸਣ ਲਈ ਢੁੱਕਣੇ
ਨਿੰਮ ਦੇ ਫੁੱਲ ਪਾਸ ਹੋਇਆਂ ਉੱਤੋਂ ਸੁੱਟਣੇ
ਬੋਰੀ ਵਾਲੇ ਝੋਲੇ ਉੱਤੇ ਡੁੱਲੀ ਸ਼ੀਆਹੀ ਦੇ ਚਟਾਕ
ਸਲੇਟ ਸਲੇਟੀ ਫੱਟੀ ਕਲਮ ਦਵਾਤ
ਟੀ ਵੀ ਤੇ ਸਮੂਚ ਸੀਨ ਲੁੱਚੀ ਗੱਲ ਲੱਗਦੀ
ਨਾ ਪਿੰਡਾਂ ਦੇ ਜਵਾਕ ਐਨੇ ਤਿੱਖੇ ਹੁੰਦੇ ਸੀ

ਇਹ ਆ ਗੱਲ ਓਦੋਂ ਦੀ
ਜਦੋਂ ਨਿਆਣੇ ਅਸੀਂ ਨਿੱਕੇ ਨਿੱਕੇ ਹੁੰਦੇ ਸੀ

Published in: on ਸਤੰਬਰ 3, 2010 at 9:59 ਪੂਃ ਦੁਃ  Comments (3)  

ਜੁਗਨੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ
ਜੁਗਨੀ ਚੰਡੀਗੜ ਰਹਿੰਦੇ ਸਰਦਾਰਾਂ ਦੀ
ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਇਹ ਜੁਗਨੀ ਆੜਤੀਆਂ ਦੀ
ਜੁਗਨੀ ਸੇਠਾਂ ਦੀ
ਠੰਡੇ ਬਾਹਰਲੇ ਦੇਸ਼ਾਂ ਦੀ
ਜਿਸ ਕੋਠੀ ਤੇ ਟੈਂਕੀ ਜਹਾਜ ਵਾਲੀ

ਉਸ ਕੋਠੀ ਦੇ ਬੰਦ ਪਏ ਗੇਟਾਂ ਦੀ

ਜੁਗਨੀ ਬਰਗਰਾਂ ਤੇ ਪੀਜੇਆਂ ਦੀ
ਜੁਗਨੀ ਸ਼ਹਿਰੀ ਸ਼ਾਹੂਕਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਜੁਗਨੀ ਵੱਡੇ ਘਰਾਂ ਦੇ ਕਾਕੇਆਂ ਦੀ
ਜਾਂ ਲੁਧਿਆਣੇ ਤੇ ਦਿੱਲੀ ਦੇਆਂ ਭਾਪੇਆਂ ਦੀ
ਨਾ ਇਹ ਕਰਜਈ ਕਿਸਾਨਾਂ ਦੀ
ਨਾ ਉਹ ਘਰਾਂ ਚ ਹੁੰਦੇ ਸਿਆਪਿਆਂ ਦੀ
ਇਹ ਨੂਡਲ ਸ਼ੇਕ ਤੇ ਕੌਫੀਆਂ ਦੀ
ਨਾ ਜੁਗਨੀ ਚਟਨੀ ਅਚਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਜੁਗਨੀ ਸੈਂਡੀ ਦੀ ਜੁਗਨੀ ਜੈਜੀ ਦੀ
ਨਾ ਬੇਬੇ ਦੀ ਨਾ ਬਾਪੂ ਦੀ
ਜੁਗਨੀ ਮੌਮ ਬਰੋ ਤੇ ਡੈਡੀ ਦੀ
ਇਹ ਅੰਗਰੇਜੀ ਸਕੂਲਾਂ ਵਿੱਚ ਪੜਦਿਆਂ ਦੀ
ਨਾ ਊੜੇ ਅਾੜੇ ਈੜੀ ਦੀ
ਇਹ ਮੁਟਿਆਰ ਕਾਰ ਚਲਾਉਂਦੀ ਦੀ
ਨਾ ਗੋਹਾ ਕੂੜਾ ਕਰਦੀ ਭੈੜੀ ਦੀ
ਇਹ ਜੁਗਨੀ ਕਨੇਡੀਅਨ ਨਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

ਇਹ ਜੁਗਨੀ ਪੰਜਾਬੋਂ ਭੱਜਿਆਂ ਦੀ
ਕਈ ਮਾੜੇ ਤੇ ਕਈ ਰੱਜਿਆਂ ਦੀ
ਨਾ ਜੁਗਨੀ ਸਪਰੇਹ ਚੜ ਮਰਿਆਂ ਦੀ
ਨਾ ਬੋਰ ਆਲੇ ਟੋਏ ਚ ਗਏ ਦੱਬਿਆਂ ਦੀ
ਨਾ ਇਹ ਟਰਾਂਸਫਾਰਮਰ ਚੜਿਆਂ ਦੀ
ਨਾ ਆਟੋਮੈਟਿਕ ਮੋਟਰ ਦੇ ਡੱਬਿਆਂ ਦੀ
ਇਹ ਜੁਗਨੀ ਸਟੂਡੈਂਟ ਸੈਂਟਰ ਦੀ
ਜੁਗਨੀ ਸ਼ੌਪਿੰਗ ਸਤਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

(ਸਤਿਕਾਰਯੋਗ) ਮਾਣਕ ਸਾਹਬ ਨਾ ਜੁਗਨੀ ਜਲਾਲ ਦੀ
ਨਾ ਪੱਛੜੇ ਹੋਏ ਨੈਣੇਵਾਲ ਦੀ
ਨਾ ਜੁਗਨੀ ਮੱਝਾਂ ਦੀ ਨਾ ਬਲਦਾਂ ਦੀ
ਨਾ ਖੇਤਾਂ ਦੀ ਨਾ ਖਾਲ ਦੀ
ਜੁਗਨੀ ਸ਼ਹਿਰੋਂ ਦਾਹੜੀ ਸੈੱਟ ਕਰਾਉਂਦੀ
ਲੰਬੂ ਦੇ ਮੁੰਡੇ ਦੇ ਨਾਲ ਦੀ
ਜੁਗਨੀ ਪੰਜਾਬੀ ਗੀਤਾਂ ਦੀ
ਮਿੱਸ ਪੂਜਾ ਜੁਹੇ ਕਲਾਕਾਰਾਂ ਦੀ

ਜੁਗਨੀ ਕੋਠੀਆਂ ਦੀ ਹੋ ਜੁਗਨੀ ਕਾਰਾਂ ਦੀ…..

Published in: on ਅਗਸਤ 28, 2010 at 1:26 ਬਾਃ ਦੁਃ  Comments (2)  

ਪਰ ਅਸੀਂ ਮੁਰਝਾਏ ਨੀ

ਅਸੀਂ ਤੱਪੜ (ਬੋਰੀ) ਮਾਰਕਾ ਦੇ ਪੜੇ ਹੋਏ
ਕਲਮਾਂ ਘੜਦੇ ਦਵਾਤਾਂ ਚ ਸ਼ੀਆਹੀਆਂ ਘੋਲਦੇ
ਫੱਟੀਆਂ ਤੇ ਗਾਚੀ ਲਾਉਂਦੇ ਮੂੰਹ ਸਿਰ ਲਬੇੜ
ਕਾਬਿਲ ਹੋ ਗੇ ਮਿੰਨੀ ਤੇ ਚੜ ਕੇ ਕਾਲਜ ਚ ਪਹੁੰਚਣ ਦੇ
ਪਸ਼ੂ ਡੰਗਰ ਦਾ ਕੋਰਸ ਵੀ ਨਾਲ ਨਾਲ ਚੱਲਦਾ ਹੈ
ਪੱਠੇ ਵੱਢ ਕੇ ਲਿਆਓ ਸੰਨੀ ਰਲਾਓ
ਹਾਂ ਵੀ ਪਾੜਿਆ ਕਿੱਧਰ ਚੱਲਿਆਂ ਬੋਦੀਆਂ ਚੋਪੜੀ

ਇਹ ਚੱਲਿਆ ਮਤਰਗਸਤੀ ਕਰਨ ਸ਼ਹਿਰ

ਜਾ ਕੇ ਨੱਕੇ ਵੱਢ ਫੇਰ ਕੀ ਜੱਜ ਲੱਗ ਜੇਂਗਾ

ਅਸੀਂ ਹੌਂਸਲਾ ਨੀ ਹਾਰੇ,

ਮੈਂ, ਪੰਜਾਬੀ ਟਰਿਬੀਊਨ, ਜਲੰਧਰ ਦੂਰਦਰਸ਼ਨ, ਤੇ ਸਰਕਾਰੀ ਸਕੂਲ

ਹਾਂ ਅਸੀਂ ਚਾਰੇ,

ਫੁੱਲ ਬੂਟੀਆਂ ਵਾਲੇ ਝੋਲੇ ਚ ਮੋਮੀ ਜਾਮ ਦੇ ਲਿਫਾਫੇ ਚ

ਚਾਰ ਸਾਲਾਂ ਦੀ ਮਿਹਨਤ,

ਅਸੀਂ ਹਰੇਕ ਲਾਈਨ ਚ ਖੜੇ,

ਬੱਸ ਛੱਡ ਪਿੰਡ ਜਾਂਦੇ ਗੱਡੇ ਫੜੇ

ਪੱਚੀ ਰੁਪੀਏਆਂ ਦੇ ਮੁਨਾਫੇ ਚ

ਅੰਗਰੇਜੀ ਸਕੂਲਾਂ ਵਾਲੇ  ਚੰਗੇ ਘਰ ਦਿਆਂ ਵਾਲੇ

ਐਤਕੀਂ ਫੇਰ ਮਿੱਤ ਲੈਗੇ

ਸਾਫ ਸੁਥਰੀਆਂ ਸਕੂਲ ਵਰਦੀਆਂ ਵਾਲੇ

ਪਰ ਅਸੀਂ ਮੁਰਝਾਏ ਨੀ

ਗੱਲ ਫੇਰ ਓਥੋਂ ਈ ਚੱਲੀ

ਸਾਨੂੰ ਓਹੀ ਨੌਕਰੀ ਰਾਸ ਆਈ

ਕਹੀ ਦਾਤੀ ਪੱਲੀ

ਪਰ ਅਸੀਂ ਮੁਰਝਾਏ ਨੀ

ਆੜਤੀਏ ਦਾ ਹਿਸਾਬ ਉੰਗਲਾਂ ਤੇ ਕਰਨ ਜੋਗੇ

ਜੋ ਕਿਸੇ ਨੇ ਅੱਜ ਤੱਕ ਸਿਖਾਏ ਨੀ

ਪਰ ਅਸੀਂ ਮੁਰਝਾਏ ਨੀ

Published in: on ਅਗਸਤ 24, 2010 at 8:52 ਪੂਃ ਦੁਃ  ਟਿੱਪਣੀ ਕਰੋ  

ਕੱਟ ਗਏ ਭੌਰ ਚੁਬਾਰੇ-

ਵਿਚ ‘ਖਾੜੇ ਦੇ ਪਾਉਂਦਾ ਬੋਲੀਆਂ
ਚੋਬਰ ਸੁਣਦੇ ਸਾਰੇ
ਕਾਲੀ ਚੁੰਨੀ ਵਿਚ ਸੋਂਹਦੇ ਨੇਤਰ
ਚਮਕਣ ਹੋਰ ਸਿਤਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟਗੇ ਭੌਰ ਚੁਬਾਰੇ

ਸ਼ਹਿਰ ਨੂੰ ਬੱਸ ਦਾ ਟੈਮ ਨਾ ਕੋਈ
ਤੂੰ ਕੀਹਨੂੰ ਉਡੀਕੇਂ ਮੁਟਿਆਰੇ
ਅੱਚਵੀ ਕਰਦੀ ਖੜ ਕੇ ਅੱਡੇ ਤੇ
ਖੂੰਜੇ ਚੱਬਤੇ ਚੁੰਨੀ ਦੇ ਚਾਰੇ
ਐਂਵੇ ਨਾ ਕਿਸੇ ਦੀ ਖੁੰਭ ਠਪਾ ਦੀਂ
ਤੈਂ ਮਾਰੂ ਹਥਿਆਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

ਇਹ ਮਸਤ ਮਲੰਗੇ ਕੈਂਠਿਆਂ ਵਾਲੇ
ਨਾ ਹੁਸਨ ਦਾ ਭਰਦੇ ਪਾਣੀ
ਨਖਰੇ ਰਕਾਨਾਂ ਲੱਖ ਕਰਦੀਆਂ
ਇਹਨਾਂ ਟਿੱਚ ਨਾ ਜਾਣੀ
ਸਕੋਡਾ ਟਰੱਕਾਂ ਦੇ ਵਿੱਚ ਨਾ ਫਸਜੀਂ
ਤੇਰੀ ਉਲਝ ਜਾਊ ਤਾਣੀ
ਦੰਦ ਨਾ ਕੱਢੀਏ ਨੀਵੀਂ ਪਾ ਲੰਘੀਏ
ਜਦੋਂ ਚੋਬਰ ਕਰਨ ਇਸ਼ਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

ਸੁਣ ਕਾਰਾਂ ਵਿੱਚ ਰਹਿਣ ਵਾਲੀਏ
ਇਹਨਾਂ ਦੇ ਚਲਦੇ ਗੱਡੇ
ਕਰਕੇ ਪੱਧਰ ਸੌ ਮਣ ਝੋਨਾ
ਦੇਖ ਟਿੱਬਿਆਂ ਵਿੱਚ ਲੱਗੇ ਖੱਡੇ
ਗੇਟ ਲੋਹੇ ਦੇ ਖੁਲੇ ਰਹਿੰਦੇ
ਇਹਨਾਂ ਘਰਾਂ ਦੇ ਵੇਹੜੇ ਵੱਡੇ
ਅੱਖ ਦੇ ਇਸ਼ਾਰੇ ਛਤਰੀ ਬਹਿੰਦੇ
ਚੀਨੇ ਅੰਬਰੀਂ ਛੱਡੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

ਮਾੜੀ ਮੋਟੀ ਤਾਂ ਗੌਲਦੇ ਹੈਣੀ
ਕਹਿ ਕੇ “ਚੱਕਰ ਕੋਈ ਨੀ” ਹੱਸ ਦਿੰਦੇ ਨੇ
ਇੱਕ ਡਰਦੇ ਬੱਸ ਬਾਜਾਂ ਵਾਲੇ ਤੋਂ
ਘੜੇ ਤੋਂ ਕੌਲਾ ਚੱਕ ਦਿੰਦਾ ਨੇ
ਗੁੜ ਵਿੱਚ ਸੌਂਫ ਲੈਚੀਆਂ ਪਾਕੇ
ਰੂੜੀ ਥੱਲੇ ਨੱਪ ਦਿੰਦੇ ਨੇ
ਅਚਾਰ ਗੰਢਾ ਨਾਲ ਲਾਹਣ ਦੇ
ਗਿਲਾਸ ਸਟੀਲ ਦਾ ਰੱਖ ਦਿੰਦੇ ਨੇ
ਦੁੱਧ ਘਿਓ ਤੈਨੂੰ ਕਰੇ ਅਲਰਜੀ
ਇਹਨਾਂ ਦੇ ਮੇਹਦੇ ਭਾਰੇ
ਬਲਦ ਨਗੌਰੀ ਤੇਲ ਸਿੰਗਾਂ ਨੂੰ
ਦੂਰੋਂ ਪੈਂਦੇ ਲਿਸ਼ਕਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

ਨੈਣੇਵਾਲ ਮੇਰਾ ਪਿੰਡ ਗੋਰੀਏ
ਜਿਲਾ ਨਵਾਂ ਬਣਿਆ ਬਰਨਾਲਾ
ਮਾਲਵੇ ਦੀ ਨੂੰਹ ਜੇ ਬਣਨਾ
ਦੇਖ ਲਾ ਮਨ ਬਣਾ ਲਾ
ਗਰਮੀ ਚ ਪੱਖੀਆਂ ਝਾਲਰ ਵਾਲੀਆਂ
ਕੰਬਲ ਬੰਬਲਾਂ ਵਾਲੇ ਸਿਆਲਾਂ
ਜਦੋਂ ਲੱਪ ਮੱਖਣ ਦੀ ਪਾਈ ਸਾਗ ਚ
ਦੇਖੀਂ ਆਉਂਦੇ ਨਜਾਰੇ
ਤਿੰਨ ਦਿਨ ਖੁਸ਼ੀਆਂ ਦੇ
ਕੱਟ ਗਏ ਭੌਰ ਚੁਬਾਰੇ

Published in: on ਜੂਨ 25, 2010 at 9:29 ਪੂਃ ਦੁਃ  Comments (4)  

ਬਿਹਾਬੀ (ਬਿਹਾਰੀ + ਪੰਜਾਬੀ)

ਚਾਚਾ ਸਾਸਰੀਕਾਲ ਐ ਤੇਂਨੂੰ
ਇੱਕ ਗੱਲ ਤੋਂ ਲਾਹ ਅੱਜ ਪੱਲਾ ਉਏ
ਤੂੰ ਕਾਹਤੋਂ ਵਿਆਹ ਕਰਵਾਇਆ ਨਾ
ਸਾਰੇ ਪਿੰਡ ਚ ਛੜਾ ਤੂੰ ਕੱਲਾ ਉਏ..
ਭਤੀਜ ਢਕੀਆਂ ਰਹਿਣ ਦੇ ਮੇਰੀ ਗੱਲ ਮੰਨ ਲੈ
ਤੈਨੂੰ ਸੱਚ ਸੁਣਨਾ ਮਹਿੰਗਾ ਪੈ ਜੂਗਾ
ਜਿਹੜੇ ਪੰਜਾਬ ਪੰਜਾਬੀਆਂ ਦਾ ਭੁਲੇਖਾ ਐ
ਉਹ ਮੂਤ ਦੀ ਝੱਗ ਵਾਂਗੂੰ ਬਹਿ ਜੂਗਾ

ਧੀ ਚੰਗੀ ਅੰਨੀ ਪੁੱਤ ਯੱਭਲ ਤੋਂ
ਸੀ ਕਿੰਨੇ ਪੁਰਖ ਸਾਡੇ ਹਿਸਾਬੀ ਦੇਖ
ਅੱਜ ਕੱਲ ਕੁੱਖ ਚ ਘੁੱਗੀ ਘੈਂ ਕਰਦੇ
ਅਣਖੀ ਕੁੜੀਮਾਰ ਪੰਜਾਬੀ ਦੇਖ
ਜੇ ਇੱਕ ਅੱਧੀ ਪਿੰਡ ਚੋਂ ਪੜ ਜਾਵੇ
ਉਹ ਆਖੂ ਸ਼ਹਿਰ ਚ ਕੋਠੀ ਪਾ
ਪਹਿਲਾਂ ਤਾਂ ਸ਼ਹਿਰਣ ਪੇਂਡੂ ਦੇ ਆਉਂਦੀ ਨੀ
ਜੇ ਆਊ ਤਾਂ ਆਖੂ ਜਹਾਜ ਚੜਾ

ਜੇਂ ਤੂੰ ਬੂ ਸ਼ਲਟ ਪੈਂਟ ਦੇ ਵਿੱਚ ਦੇਲੀ ‘
ਤੇਰੀ ਅੱਲ ਪੈ ਜੂ “ਫਲਾਨੇ ਪਾਡੇ ਕੇ”
ਜੁਹਾਜ ਦਾ ਤਾਂ ਮੈਨੂੰ ਪਤਾ ਨੀ
ਮੈਂ ਤਾਂ ਵੱਧ ਤੋਂ ਵੱਧ ਚੜਿਆਂ ਸੁਹਾਗੇ ਤੇ

ਮੈਂ ਵਸਨਾ ਪੰਜਾਬ ਚ ਜੇ ਕੋਈ ਕਹਿੰਦੀ ਏ
ਓਸੇ ਦਿਨ ਮੈਂ ਮੁਨਾ ਦੂੰ ਦਾਹੜੀ ਭਤੀਜ
ਏਹਨਾਂ ਮੂੰਹ ਚੱਕਿਆ ਸਾਰੀਆਂ ਵਲੈਤ ਕੰਨੀ
ਜੱਟੀ ਬਾਹਮਣੀ ਭਾਂਵੇ ਕਰਿਆੜੀ ਭਤੀਜ

ਜਦੋਂ ਨੂੰ ਤੇਰਾ ਮਿੱਤ ਨਿੱਕਿਆ ਆਉਣੀ ਆਂ
ਓਦ ਤੱਕ ਤਾਂ ਮੁੱਕ ਜੂ ਕੋਟਾ ਭਤੀਜ

ਭਈਆਰਾਣੀ ਕੋਈ ਲਿਆਵਾਂਗੇ ਕਾਟੀ ਮਾਰਕਾ
ਜਿਮੇ ਪਿੰਡ ਚ ਸਰਕਾਰੀ ਝੋਟਾ ਭਤੀਜ
ਖਾਲਸ ਦੇਸੀ ਪੰਜਾਬੀ ਪੈਦਾ ਹੋਣਗੇ
ਸਰਪੰਚ ਕੋਲ ਹੋਊ ਲਿਸਟ ਸਾਰੀ
ਕਿਮੇਂ ਠੀਕਰੀ ਪਹਿਰਾ ਤੇ ਨੰਬਰ ਆਉਂਦਾ
ਓਸੇ ਹਿਸਾਬ ਨਾਲ ਹਰੇਕ ਦੀ ਆਊ ਵਾਰੀ

ਜਿਹੜੀ ਇਸ ਪੋਸਟ ਤੇ ਆਊਗੀ
ਉਹ ਵੋਟਾਂ ਵਿੱਚ ਹੋ ਸਕੂ ਖੜੀ
ਕੁੱਲ ਸਹੂਲਤ ਉਸਦੇ ਟੱਬਰ ਨੁੰ
ਨਾਲੇ ਪੰਜਾਬ ਦੀ ਪੱਕੀ PR free
ਫਿਰ ਜਿਹੜੀ ਨਸਲ ਪੈਦਾ ਹੋਊਗੀ
ਆਪਣੇ ਮਲਕ  ਨੂੰ ਨਾ ਕਰੂ ਕਿਤੇ ਝਹੇਡਾਂ
ਉਹ ਬਿਹਾਬੀ (ਬਿਹਾਰੀ + ਪੰਜਾਬੀ) ਪੰਜਾਬ ਚ ਈ ਰਹਿਣਗੇ
ਕਿਉਂਕਿ ਉਹਨਾਂ ਲਈ ਤਾਂ ਏਹੀ ਕਨੇਡਾ

ਚਲ ਲਾਹ ਸਟੈਂਡ ਤੋਂ ਤੇ ਮਾਰ ਪੈਡਲ
ਨਹੀਂ ਤਾਂ ਬੁਰਾ ਭਲਾ ਤੇਰੀ ਮਾਂ ਕਹੂ
ਪਰ ਭਈਆਰਾਣੀ ਵਾਲੀ ਗੱਲ ਤੇ ਗੌਰ ਰੱਖੀਂ
ਚਲ ਏਨੇ ਨਾਲ ਪੰਜਾਬੀਆਂ ਦਾ ਜੱਗ ਤੇ ਨਾਂ ਰਹੂ

Published in: on ਜੂਨ 18, 2010 at 9:09 ਪੂਃ ਦੁਃ  Comments (1)  

ਪਿੰਡਾਂ ਵਿੱਚੋਂ ਆਏ ਸ਼ਿਕਾਰੀ

ਅੱਗ ਜੰਗਲ ਦੀ ਗੱਲ ਫੈਲਗੀ
ਵਿੱਚ ਬਜਾਰਾਂ ਦੇ
ਪਿੰਡਾਂ ਵਿੱਚੋਂ ਆਏ ਸ਼ਿਕਾਰੀ
ਕਾਲਜੇ ਫੜਲੇ ਨਾਰਾਂ ਨੇ….

ਇਹ ਆਜਾਦ ਪਰਿੰਦੇ ਅੰਬਰਾਂ ਦੇ
ਕਈ ਕਾਕੇ ਪੰਚਾਇਤ ਮੰਬਰਾਂ ਦੇ

ਜਾਂ ਇਹ ਕਰਨ ਹਿਸਾਬ ਆਏ ਨੇ

ਆੜਤੀਏ ਦੇ ਨੰਬਰਾਂ ਦੇ
ਫਿਕਰਾਂ ਲਾਹਣ ਚ ਘੋਲ ਕੇ ਪੀਂਦੇ
ਦੇਖੇ ਹੌਂਸਲੇ ਮੈਂ ਪਤੰਦਰਾਂ ਦੇ
ਕਹਿੰਦੇ ਸਾਡੇ ਕਰਕੇ ਚੁੱਲੇ ਬਲਦੇ
ਸ਼ਾਹੂਕਾਰਾਂ ਦੇ
ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਹੱਥ ਪੈਰ ਮਿੱਟੀ ਨਾਲ ਲਿੱਬੜੇ ਨੇ
ਲੱਗਦਾ ਹੁਣੇ ਮੰਡੀ ਚੋਂ ਨਿੱਬੜੇ ਨੇ
ਕਈ ਚੋਬਰ ਤੇ ਕਈ ਬੁੱਢੜੇ ਨੇ
ਇਹ ਨਾਨਕ ਦੇ ਕਹਿਣ ਤੇ ਉੱਜੜੇ ਨੇ
ਹੱਥ ਚੱਕ ਚੱਕ ਗੱਲਾਂ ਕਰਦੇ ਨੇ
ਦੱਸ ਇਹਨਾਂ ਨੂੰ ਕੀ ਦੁੱਖੜੇ ਨੇ
ਪਾਣੀ ਬੋਰ ਦਾ ਮਿੱਠੇ ਪਰਸ਼ਾਦੇ
ਨਾਲ ਅਚਾਰਾਂ ਦੇ

ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਏ ਬੀ ਸੀ ਦੀ ਆਈ ਨਾ ਵਾਰੀ
ਅੱਡੇ ਲਾਗੇ ਸਕੂਲ ਸਰਕਾਰੀ
ਐਤਕੀਂ ਫੇਰ ਹੋਈ ਮਰਦਮਸ਼ੁਮਰੀ
ਲੁਧਿਆਣੇ ਐਮ ਐਲ ਏ ਬਿਹਰੀ
ਖਾਨੇ ਪੂਰੇ ਆ ਖੁੱਡੇ ਲੈਣ ਨੇ
ਸਦਕੇ ਬਈ ਸਰਕਾਰਾਂ ਦੇ

ਅੱਗ ਜੰਗਲ ਦੀ ਗੱਲ ਫੈਲ ਗੀ
ਵਿੱਚ ਬਾਜਾਰਾਂ ਦੇ……

ਜਵਾਨੀ ਲਾਂਘੀ ਨਰਮਾ ਗੁੱਡਦੀ
ਹਾਲੇ ਵੀ ਨੀ ਮਾਇਆ ਜੁੜਦੀ
ਖੰਡ ਮਹਿੰਗੀ ਆ ਚਾਹ ਪੀਓ ਗੁੜ ਦੀ
ਛੱਡ ਸਿਆਪਾ ਮੌਜਾਂ ਮਾਣ ਲੈ
ਦੁਨੀਆਂ ਨੇ ਨਿੱਤ ਰਹਿਣਾ ਕੁੜਦੀ
ਨੈਣੇਵਾਲੀਆ ਕੋਲ ਬੰਗਲੌਰ ਚੱਲੀਏ
ਫਿਲਮ ਵੇਖਾਂਗੇ ਹੌਲੀਵੁੱਡ ਦੀ
ਪਾਰਕਿੰਗ ਵਿੱਚ ਫੋਰਡ ਲਾਵਾਂਗੇ
ਵਿਚਾਲੇ ਕਾਰਾਂ ਦੇ….

ਅੱਗ ਜੰਗਲ ਦੀ ਗੱਲ ਫੈਲਗੀ
ਵਿੱਚ ਬਜਾਰਾਂ ਦੇ
ਪਿੰਡਾਂ ਵਿੱਚੋਂ ਆਏ ਸ਼ਿਕਾਰੀ
ਕਾਲਜੇ ਫੜਲੇ ਨਾਰਾਂ ਨੇ….

Published in: on ਜੂਨ 14, 2010 at 5:12 ਪੂਃ ਦੁਃ  Comments (1)  

ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…

ਸਾਡੇ ਖੂਨ ਚ ਗੁਲਾਮੀ ਸੀ, ਸਾਡੇ ਖੂਨ ਚ ਅੱਜ ਵੀ ਹੈ
ਦੇਸ਼ਭਗਤੀ ਤੇ ਕੁਰਬਾਨੀਆਂ
ਇਹ ਪੰਗੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…

ਜਿੱਥੇ ਅੰਨ ਨੂੰ ਵੀ ਛੱਤ ਨਹੀਂ, ਗੋਦਾਮਾਂ ਚ ਸੜਦਾ ਏ
ਅੰਨ ਛੱਤ ਤੇ ਕਫਨ ਬਾਜੋਂ, ਕੋਈ ਫੁੱਟਪਾਥ ਤੇ ਮਰਦਾ ਏ
ਹੱਥ, ਹਾਥੀ ਜਾਂ ਹਥੌੜਾ ਤਾਰਾ ਦਾਤੀ
ਅਸੀਂ ਝੰਡੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
……………………………………

ਜੋ ਫਾਹੇ ਲਾ ਦਿੱਤੀਆਂ, ਉਹਨਾਂ ਸੋਚਾਂ ਦਾ ਕੀ ਕਰੀਏ
ਜੋ ਚੁਣਦੇ ਖੁਦ ਆਪ ਅਸੀਂ, ਉਹਨਾਂ ਜੋਕਾਂ ਦਾ ਕੀ ਕਰੀਏ
ਚਲਾਇਆ ਚਰਖਾ ਦੂਜਾ ਕੰਮ ਕੀਤਾ ਨਾਂ
ਆਵੇ ਬੰਦੇ ਦਾ ਕਰਾਂਤੀਕਾਰੀਆਂ ਚ ਨਾਂ, ਉਸ ਬੰਦੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
……………………………………..

ਆਊ ਪੈਨਸ਼ਨ ਨਾਲੇ ਚੁੱਲਾ ਚੌਂਕਾ ਚੱਲੂ, ਬੇਬੇ ਦੋਵੇ ਪੁੱਤ ਫੌਜ ਘੱਲਤੇ
ਗਲਤਫਹਿਮੀ ਮਗਜ ਬਹਿ ਗੀ, ਦੇਸ਼ਭਗਤ ਲੋਕ ਪੰਜਾਬ ਵੱਲ ਦੇ
ਕੰਮ ਚੰਗਾ ਹੋਇਆ ਖੇੜ ਦਾ ਮੈਦਾਨ ਬਣਿਆ,
ਦੱਬ ਕੇ ਕਿਸਾਨ ਸੇਵਾ ਕੇਂਦਰ ਦੀ ਥਾਂ, ਏਨੇ ਚੰਗੇ ਦਾ ਕੀ ਕਰੀਏ
ਚੰਮ ਝੋਨੇ ਲਾ ਲਾ ਕਾਲਾ ਹੋ ਗਿਆ
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…
ਅਸੀਂ ਤਿੰਨ ਰੰਗੇ ਨੂੰ ਕੀ ਕਰੀਏ…

Published in: on ਅਪ੍ਰੈਲ 22, 2010 at 6:29 ਪੂਃ ਦੁਃ  Comments (3)  

Kveeshri

ਵਲੈਤੋਂ ਪਰਤੇ ਕਾਕਾ ਜੀ ਨੇ, ਲੈਲੀ Ford Endeavour
ਮੈਂ ਪੁੱਛਿਆ ਕੀ ਕਾਰੋਬਾਰ, ਅਖੇ ਮੈਂ ਹਾਂ ਟੈਕਸੀ ਡਰੈਵਰ   
ਭੋਲੇ ਜੱਟ ਨੂੰ ਲੁੱਟ ਕੇ ਖਾਗੇ, ਸ਼ਾਹੂਕਾਰ Clever
ਆਸਟਰੇਲੀਆ ਪੜਨ ਗਿਆ ਮੁੜਕੇ ਪਿੰਡ ਨਾ ਆਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ

ਯੂ ਪੀ ਬਿਹਾਰ ਤੋਂ ਆਉਣ ਫਲੈਟਾਂ, ਹਰ ਸੌਣੀ ਤੇ ਹਾੜੀ
ਪੰਜਾਬ ਚ ਭਈਏ, ਪੰਜਾਬੀ ਵਲੇਤ ਚ ਖੁਸ਼ ਹੋ ਕੇ ਕਰਨ ਦਿਹਾੜੀ
ਰੋਟੀ ਵੇਲੇ ਜੋ ਲੜ ਪੈਂਦਾ ਸੀ,  ਸਾਗ ਚ ਘੱਟ ਹੈ ਪਾਲਕ
ਪੀਜ਼ਾ ਬਣਾਉਂਦਾ ਮੈਂ ਸੁਣਿਆ ਉਹ ਵੀਹ ਕਿੱਲਿਆਂ ਦਾ ਮਾਲਕ
ਟੈਂਕੀ ਬਣਾ ਕੇ ਜਹਾਜ ਵਾਲੀ ਕੋਠੀ ਨੂੰ ਜਿੰਦਾ ਲਾਇਆ
ਦੁਨੀਆਂ ਪੈਸੇ ਦੀ….

ਗੁਰੂ ਘਰ ਜਾਕੇ ਦਾਨ ਦਿੰਦਾ ਜਿੰਨਾ ਬਣਦਾ ਸਰਦਾ
‘ਚਾਰਲੀ ਸਿੰਘ’ ਮਾਂ ਬੋਲੀ ਦੀ ਪੂਰੀ ਸੇਵਾ ਕਰਦਾ
ਪੋਹ ਚ ਯਾਦ ਪੰਜਾਬ ਆਉਂਦਾ ਹਾੜ ਚ ਆਉਣ ਤੋਂ ਡਰਦਾ
‘Proud to be Punjabi’ ਓਹਨੇ ਗੱਡੀ ਮਗਰ ਲਿਖਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ

ਗਰੀਨ ਕਾਰਡ ਤੇਰਾ ਦੱਸ ਕਿੱਥੋਂ ਰਾਸ਼ਨ ਕਾਰਡ ਨਾਲ ਰਲਜੂ
ਜੀਹਨੂੰ ਆਵਦਾ ਮੁਲਕ ਨੀ ਝੱਲਦਾ, ਬੇਗਾਨਾ ਦੱਸ ਕਿਵੇਂ ਝੱਲਜੂ
ਜਿਵੇਂ ਕਈ ਸਦੀਆਂ ਤੋਂ ਆਇਆ ਚਲਦਾ, ਜੁਗਾੜ ਸਾਡਾ ਆਈਂ ਚੱਲ ਜੂ
ਪੰਜਾਬ, ਪੰਜਾਬੀ ਤੇ ਪੰਜਾਬੀਆਤ ਇਹ ਮੇਰਾ ਸਰਮਾਇਆ
ਦੁਨੀਆਂ ਪੈਸੇ ਦੀ ਕੀ ਚਾਚਾ ਕੀ ਤਾਇਆ…. ਨੈਣੇਵਾਲੀਆ

Published in: on ਅਪ੍ਰੈਲ 9, 2010 at 6:46 ਪੂਃ ਦੁਃ  Comments (3)  

ਟੱਪੇ

ਫੂਲ ਰਾਮਪੁਰਾ ਕੋਲੋ ਕੋਲੀ, ਨਹਿਰੋਂ ਪਾਰ ਢਿਪਾਲੀ
ਬੱਲੋ ਪੁਲ ਤੇ ਪੈਂਦੀਆਂ ਝਾਲਾਂ ਬੁਰਜੀ ਨੰਬਰ ਛਿਆਲੀ
ਛੰਨਾ ਅਧਰੰਗ ਦੇ ਲੱਗਦੇ ਟੀਕੇ, ਗੱਲ ਐ ਪਰਦੇ ਵਾਲੀ
ਸੰਧੂ ਖੁਰਦ ਠੇਕਾ ਖੁੱਲਿਆ ਦਾਰੂ ਵਿਕਦੀ ਬਾਹਲੀ
ਜੇ ਪੀਣੋਂ ਨਾ ਹਟਿਆ ਬੱਸ ਚੜਜੂੰ ਵਿਰਕਾਂ ਵਾਲੀ
ਜੇ ਪੀਣੋਂ ਨਾ ਹਟਿਆ…..
ਚੀਮੇ ਅੱਡੇ ਤੇ ਬੱਸ ਨਾ ਖੜਦੀ, ਲੋਕੀਂ ਕਰਨ ਸ਼ਿਕਾਇਤਾਂ
ਵੱਡਾ ਪਿੰਡ ਭਦੌੜ ਸੁਣੀਂਦਾ ਜਿੱਥੇ ਪੰਦਰਾਂ ਪੰਚਾਇਤਾਂ
ਜੰਗੀਆਣੇ ਪਿੰਡ ਘਰਾਂ ਨੂੰ ਜਿੰਦੇ, ਲੋਕੀਂ ਵਿੱਚ ਵਲੈਤਾਂ
ਨੈਣੇਵਾਲ ਲੱਗੇ ਪਹਿਰਾ ਠੀਕਰੀ, ਹਰ ਮੋੜ ਤੇ ਜਗਦੀਆਂ ਲੈਟਾਂ
ਡਰਦਾਂ ਕਿਉਂ ਸੋਹਣਿਆਂ ਜੱਟੀ ਤੇਰੀਆਂ ਕਰੇ ਹਮੈਤਾਂ
ਡਰਦਾ ਕਿਉਂ ਸੋਹਣਿਆਂ….

ਭਾਈਰੂਪੇ ਬਣਦੀਆਂ ਟਰਾਲੀਆਂ ਨਾਲੇ ਬਣਦੇ ਗੱਡੇ
ਨਹਿਰ ਵਾਲਾ ਤੇ ਬਲਾਕ ਸੰਮਤੀ, ਸ਼ਹਿਣੇ ਦੇ ਦੋ ਅੱਡੇ
ਭਗਤੇ ਖੂਹ ਹੈ ਭੂਤਾਂ ਵਾਲਾ ਮੰਨਦੇ ਵੱਡੇ ਵੱਡੇ
ਮੇਨ ਰੋੜ ਜਾ ਪੱਖੋ ਕੈਂਚੀਆਂ ਮੋਗੇ ਨੂੰ ਹੱਥ ਕੱਢੇ
ਮਰਦੀ ਮਰਜੂਗੀ ਪੱਲਾ ਤੇਰਾ ਨਾ ਮਜਾਜਣ ਛੱਡੇ
ਮਰਦੀ ਮਰਜੂਗੀ….

Published in: on ਮਾਰਚ 26, 2010 at 1:48 ਬਾਃ ਦੁਃ  Comments (9)  

ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

ਲੈ ਲਿਆ ਫਾਹਾ ਬਚਨੇ ਨੇ ਕਹਿੰਦਾ ਬਹੁਤੀ ਜੀ ਲਈ
ਕੀੜੇਮਾਰ ਦਵਾਈ “ਮੋਨੋ” ਕੈਲੇ ਨੇ ਪੀ ਲਈ
ਪੰਜ ਕਿੱਲੇ ਰੱਖ ਗਹਿਣੇ ਦਾਜ ਲਿਆਂਦਾ ਸੀ ਧੀ ਲਈ
ਸਰਕਾਰ ਸਮੇਂ ਦੀ, ਸ਼ਾਹੂਕਾਰ ਕਿਤੇ ਸੁੰਡੀ ਅਮਰੀਕਾ ਦੀ
ਇਹ ਸਹਿੰਦੇ ਸਹਿੰਦੇ ਕਿੰਨੇ ਝੱਖੜ ਸਹਿ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

ਹਰੀ ਕਰਾਂਤੀ ਦੇ ਹੀਰੋ ਦਾ, ਰੰਗ ਹੋਰ ਹੋ ਗਿਆ
ਨੀਲੀਆਂ ਪੱਗਾਂ ਤੇ ਲਾਲ ਬੱਤੀਆਂ ਦਾ ਹੁਣ ਜੋਰ ਹੋ ਗਿਆ
ਚੌਂਕੀਦਾਰ ਜਿਹੜਾ ਵੀ ਚੁਣੀਏ ਓਹੀ ਚੋਰ ਹੋ ਗਿਆ
ਕਿਤੇ ਡੂੰਘੇ ਪਾਣੀ ਕਿਤੇ ਸੇਮ ਆਈ
ਖੇਤੀ ਸੌਦਾ ਘਾਟੇ ਦਾ ਤਜ਼ਰਬੇਕਾਰ ਕਹਿ ਗਏ
ਰੰਗਲੇ ਪੰਜਾਬ ਦੇ……..

ਤੇਈਏ ਦੇ ਤਾਪ ਵਾਂਗੂੰ ਸੱਪ ਕਰਜੇ ਦਾ ਲੜ ਜਾਂਦਾ
ਸੌਣੀ ਲਹਿ ਜਾਂਦਾ ਹਾੜੀ ਵੇਲੇ ਚੜ ਜਾਂਦਾ
ਜਦ ਜੀਮੀਂਦਾਰ ਬੁਢਾਪਾ ਪੈਨਸ਼ਨ ਦੀ ਲੈਨ ਚ ਖੜ ਜਾਂਦਾ
ਸਮਝੋ ਸਰਦਾਰੀ ਖੁੱਸ ਗਈ ਜਾਂ ਪੈਲੀ ਵਿਕ ਗਈ
ਜਾਂ ਟਰੈਕਟਰ ਖੜੀਆਂ ਕਿਸ਼ਤਾਂ ਦਾ ਬੈਂਕ ਵਾਲੇ ਲੈ ਗਏ
ਰੰਗਲੇ ਪੰਜਾਬ ਦੇ……

ਭੀੜ ਪਈ ਤੋਂ ਕਈ ਯੋਧੇ ਫਾਹੇ ਵੀ ਚੁੰਮ ਜਾਂਦੇ
ਕਈ ਜੰਮ ਪਲ ਪੜ ਲਿਖ ਏਥੋਂ ਠੰਢੇ ਮੁਲਕੀਂ ਗੁੰਮ ਜਾਂਦੇ
ਨਾਂ ਤਾਂ ਡਾਲਰ ਨਾਲ ਜਾਂਦੇ ਨਾ ਪਾਪ ਤੇ ਪੁੰਨ ਜਾਂਦੇ
ਜਿੰਦ ਲੇਖੇ ਲਾ ਇਸ ਧਰਤੀ ਦੇ ਝੁਟਾ ਆਊ ਸੁਰਗਾਂ ਦਾ
ਝਾੜ ਪਰਨੇ ਨਾਲ ਥੜੇ ਨੂੰ ਬਾਬੇ ਜਦ ਸੱਥ ਚ ਬਹਿ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ
ਰੰਗਲੇ ਪੰਜਾਬ ਦੇ ਰੰਗ ਫਿੱਕੇ ਪੈ ਗਏ

Published in: on ਫਰਵਰੀ 20, 2010 at 9:25 ਪੂਃ ਦੁਃ  Comments (6)  

ਸਾਡਾ ਪੁਰਾਣਾ ਘਰ

ਬਾਂਦਰ ਕਿੱਲਾ, ਗੁੱਲੀ ਡੰਡਾ, ਚੋਰ ਤੇ ਸਿਪਾਈ
ਊਚ ਨੀਚ, ਰੰਗ ਬੋਲ ਕਿਤੇ ਫਿਲਮੀ ਲੜਾਈ
ਪੁੱਛ ਕੇ ਜਵਾਨੀ ਨੂੰ ਉਹ ਕਿੱਥੇ ਗਈਆਂ ਖੇਡਾਂ
ਲੱਗੇ ਮੇਰਾ ਬਚਪਨ ਮੈਨੂੰ ਕਰੀ ਜਾਏ ਝਹੇਡਾਂ*
ਅੱਜ ਬੈਠੇ ਬੈਠੇ ਦੇ ਪੁਰਾਣਾ ਘਰ ਚੇਤੇ ਆ ਗਿਆ
ਕਿਤੇ ਡਿੱਗ ਕੇ ਕੰਧੋਲੀ* ਤੋਂ ਗਿਲਾਸ ਚਿੱਬਾ ਹੋ ਗਿਆ
ਕਿਤੇ ਵੇਹੜੇ ਵਾਲੀ ਤਾਰ* ਚ ਕਰੰਟ ਆ ਗਿਆ

ਪੱਠੇ* ਵੱਢ ਖੇਤੋਂ ਸੈਂਕਲ ਤੇ ਲੱਦ ਕੇ ਲਿਆਉਣੇ

ਹੋ ਟੋਕੇ* ਉੱਤੇ ਆਪ ਰੁੱਗ* ਸੀਰੀ ਤੋਂ ਲਵਾਉਣੇ

ਟਾਂਡਾ* ਕਾਣਾ ਕੋਈ ਚਰੀ ਦਾ ਝੁੱਗੇ ਤਾਂਈਂ ਰੰਗ ਗਿਆ

ਭਰ ਦਾਣਿਆਂ ਦਾ ਬਾਟਾ ਛੋਟਾ ਗੇਟ ਵੱਲ ਭੱਜਾ

ਕੁਲਫੀਆਂ ਵਾਲਾ ਭਾਂਪੂ ਮਾਰ ਗਲੀ ਵਿੱਚੋਂ ਲੰਘ ਗਿਆ

ਦਾਲ ਹਾਰੇ ਵਾਲੀ ਨਾਲੇ ਦੁੱਧ ਤੌੜੀ ਵਾਲਾ

ਬੇਬੇ ਦਾ ਉਹ ਚਰਖਾ ਪਹਾੜੀ ਕਿੱਕਰ ਵਾਲਾ

ਰਸੋਈ ਵਿੱਚ ਟਾਣ* ਉੱਤੇ ਮਰਤਬਾਨ* ਰੱਖੀ

ਭਰੇ ਗੰਢੀਆਂ ਦੇ ਟੋਕਰੇ  ਪਏ ਪੜਛੱਤੀ* ਉੱਤੇ

ਕਣਕ ਵਾਲੇ ਢੋਲ ਨਾਲ ਪੁੜਾਂ ਵਾਲੀ ਚੱਕੀ

ਪਹਿਲੇ ਦਿਨੋਂ ਪਿੰਡਾਂ ਵਾਲੇ ਹੁੰਦੇ ਨੇ ਘਤਿੱਤੀ*

ਗੰਨਾ ਖਿਚੇ ਬਿਣਾਂ ਟਰਾਲੀ ਕੋਈ ਜਾਣ ਨੀ ਸੀ ਦਿੱਤੀ

ਲੈ ਕੇ ਨੋਟ ਪੰਜਾਂ ਦਾ ਵਿਸਾਖੀ ਦੇਖਦੇ ਰਹੇ ਆਂ

ਕਈ ਲੁੱਟ ਕੇ ਗਹੀਰੇ* ਲੋਹੜੀ ਸੇਕਦੇ ਰਹੇ ਆਂ

ਮੋਟਰ ਵਾਲੀ ਕੋਠੀ ਤੇ ਕਲੀ ਨਾਲ ਹੈਪੀ ਦਿਵਾਲੀ ਲਿਖਿਆ

ਫੱਟੀ ਪੋਚ, ਕਲਮ ਘੜ, ਦਵਾਤ ਚ ਸ਼ਿਆਹੀ ਘੋਲੀ

ਫੇਰ ਕਿਤੇ ਜਾ ਕੇ ਅਸੀਂ ਊੜਾ ਆੜਾ ਸਿੱਖਿਆ

ਸ਼ਹਿਰੀਆਂ ਲਈ ਮਤਲਬ

*ਝਹੇਡਾਂ-ਵਿਅੰਗ, ਮਖੌਲ       *ਕੰਧੋਲੀ- ਰਸੋਈ ਨੂੰ ਬਾਕੀ ਘਰ ਤੋਂ ਵੱਖ ਕਰਦੀ ਦੀਵਾਰਨੁਮਾ ਨਿੱਕੀ ਕੰਧ

*ਚਿੱਬਾ-ਵਿੰਗਾ                     *ਤਾਰ-ਕੱਪੜੇ ਸੁੱਕਣੇ ਪਾਉਣ ਵਾਲੀ ਤਾਰ

*ਪੱਠੇ-ਚਾਰਾ ਪਸ਼ੂਆਂ ਦਾ         *ਟੋਕਾ-ਕੁਤਰੇ ਵਾਲੀ ਮਸ਼ੀਨ

*ਰੁੱਗ- ਭਰੀਆਂ, ਜੋ ਕਿ ਟੋਕੇ ਨੂੰ ਫੀਡ ਦਿੱਤੀ ਜਾਂਦੀ ਆ

*ਕਾਣਾ ਟਾਂਡਾ- ਮੱਕੀ ਜਾਂ ਚਰੀ ਦਾ ਕੋਈ ਪੌਦਾ ਖਰਾਬ ਹੋਣ ਦੇ ਕਾਰਨ ਲਾਲ ਰੰਗ ਦਾ ਜੂਸ ਤਰਾਂ ਪਾਣੀ ਛੱਡਦਾ

*ਟਾਣ-ਲੱਕੜ ਦੀ ਸ਼ੈਲਫ                       *ਮਰਤਬਾਨ- ਚੀਨੀ ਦਾ ਭਾਂਡਾ ਅਚਾਰ ਪਾਉਣ ਲਈ

*ਪੜਛੱਤੀ- ਵਰਾਂਡ ਚ ਇੱਕ ਸ਼ਤੀਰ ਰੱਖ ਕੇ ਉਪਰ ਫੱਟੇ ਲਾ ਕੇ ਸਮਾਨ ਰੱਖਣ ਲਈ ਬਾਣਾਈ ਜਗਹ, ਜਿਸਨੂੰ ਕਿ ਅੱਗੋਂ ਬੋਰੀਆਂ ਨਾਲ ਢਕ ਦਿੱਤਾ ਜਾਂਦਾ ਸੀ

*ਘਤਿੱਤੀ- ਵੈਹਬਤੀ, ਇੱਲਤੀ

*ਗਹੀਰਾ- ਪਾਥੀਆਂ ਸਟੋਰ ਕਰਨ ਲਈ ਕੋਨੀਕਲ ਸ਼ਕਲ

Published in: on ਫਰਵਰੀ 10, 2010 at 8:40 ਪੂਃ ਦੁਃ  Comments (4)  

ਹਾਏ ਮੈਂ ਬਾਹਰ ਜਾਣਾ

ਮੈਥੋਂ ਮਿਣਤਾਂ ਕਰਾਲੋ, ਪੈਰੀਂ ਹੱਥ ਲਵਾਲੋ
ਭਵਿੱਖ ਮੇਰਾ ਥੋਡੇ ਹੱਥ ਸਾਡਾ ਟੱਬਰ ਬਚਾਲੋ
ਪੜ ਕੇ ਅਠਾਰਾਂ ਅਨਪੜ ਮੈਂ ਕਹਾਊੰ
ਬੇਰ ਤੋੜੂੰ ਭਾਂਡੇ ਮਾਂਜੂੰ ਟਰੱਕ ਟੈਕਸੀ ਚਲਾਊੰ
ਨਾ ਪੀਕੇ ਫੜਾਂ ਮਾਰੂੰ ਸਾਰੇ ਟੈਕਸ ਵੀ ਤਾਰੂੰ
ਕਿਸੇ ਗੱਲ ਤੋ ਨਾ ਤੁਸੀਂ ਘਬਰਾਓ ਗੋਰਾ ਜੀ
ਵੀਜ਼ੇ ਵਾਲੀ ਮੋਹਰ ਕੇਰਾਂ ਲਾਓ ਗੋਰਾ ਜੀ

***************************

ਗਹਿਣੇ ਰੱਖੋ ਮੇਰੀ ਅਣਖ ਨਾਲੇ ਝੋਨਾ ਨਾਲੇ ਕਣਕ

ਮੈਨੂੰ ਬੋਲਾ ਕਰੀ ਜਾਵੇ ਬੱਸ ਡਾਲਰਾਂ ਦੀ ਖਣਕ

ਮਹਾਨ ਤਾਂ ਬਹੁਤ ਮੇਰੇ ਕਾਬਲ ਨਾ ਰਹਿਣ ਦੇ

ਗਰੀਬੀ, ਬੇਰੁਜਗਾਰੀ ਨਾ ਕੋਈ ਬੋਲ ਰਹਿਗੇ ਕਹਿਣ ਦੇ

ਇਨਕਲਾਬ ਜਿੰਦਾਬਾਦ ਉਹਨਾਂ ਦੇ ਦਿਮਾਗ ਸੀ ਖਰਾਬ

ਅੰਤਰ ਪੈਂਹਠ ਤੇ ਇੱਕ ਦਾ ਇਹਨਾਂ ਸਮਝਾਓ ਗੋਰਾ ਜੀ

ਤੁਸੀਂਵੀਜ਼ੇ ਵਾਲੀ ਮੋਹਰ ਕੇਰਾਂ ਲਾਓ ਗੋਰਾ ਜੀ

***************************

ਆਈ ਜਦ ਹਰੀ ਸੀ ਕਰਾਂਤੀ ਜਾਣਦੇ ਆ ਭਲੀ ਭਾਂਤੀ

ਐਵੇਂ ਮੁਲਕ ਦਾ ਢਿੱਡ ਨਈਂਓਂ ਭਰ ਹੋਂਵਦਾ

ਕੌਮ ਮੁਗਲ ਫਿਰੰਗੀ ਨਾ ਕੋਈ ਉਹਨਾਂ ਮੂਹਰੇ ਖੰਘੀ

ਹੁਣ ਕਨੇਡੀਅਨ ਤੋਂ ਹਾृੜ ਨਈਓਂ ਜਰ ਹੋਂਵਦਾ

ਨਾ ਅਜਾਦੀ ਆਉੰਦੀ ਨਾ ਲੋੜ ਵੀਜ਼ੇਆਂ ਦੀ ਪੈਂਦੀ

ਗੁਲਾਮੀ ਕਰਨੀ ਐ ਕੀਹਦੀ ਗੌਰ ਫਰਮਾਓ ਭੋਰਾ ਜੀ

ਜੇ ਕੋਈ ਹੋਇਆ ਐਸਾ ਜਿਹੜਾ ਬੀਜਦਾ ਬੰਦੂਕਾਂ

ਥੋਡੀ ਧਰਤੀ ਤੇ ਹਮਕੋ ਬਤਾਓ ਗੋਰਾ ਜੀ

ਨੈਣੇਵਾਲੀਆ ਹੈ ਬੂਝੜ ਇਹਤੋਂ ਬਚ ਜਾਓ ਗੋਰਾ ਜੀ

ਤੁਸੀਂ ਵੀਜ਼ੇ ਵਾਲੀ ਮੋਹਰ ਕੇਰਾਂ ਲਾਓ ਗੋਰਾ ਜੀ

Published in: on ਜਨਵਰੀ 21, 2010 at 9:04 ਪੂਃ ਦੁਃ  Comments (4)  

ਢੋਲ ਵਾਲਾ ਗੁਸਲਖਾਨਾ-

ਮੈਨੂੰ ਮੇਰੇ ਬਾਹਰਲੇ ਮੁਲਕ ਵਸਦਿਆਂ ਯਾਰ ਬੇਲੀਆਂ ਦੀਆਂ ਫੋਟੋਮਾਂ ਦੇਖਣ ਦੀ ਆਦਤ ਐ, ਪਿੱਛੇ ਜੇ ਮੇਰੇ ਨਾਲ ਦਸਵੀਂ ਤੱਕ ਪੜੇ ਧਨੌਲੇ ਵਾਲੇ ਭੁਪਿੰਦਰ ਗਿੱਲ ਦੇ ਕਨੇਡਾ ਚ ਨਵੇਂ ਲਏ
ਘਰ ਦੀਆਂਤਸਵੀਰਾਂ ਦੇਖੀਆਂ ਚਿੱਤ ਬਾਗੋ ਬਾਗ ਹੋ ਗਿਆ, ਜਿਵੇਂ ਫਿਲਮਾਂ ਚ ਹੁੰਦੇ ਆ ਹੂ ਬਹੂ ਓਹੀ ਘਰ, ਓਥੋਂ ਮੇਰੇ ਸਾਡੇ ਪਿੰਡ ਵਾਲੇ ਮਿਸਤਰੀ ਬਾਬਾ ਬਖਤੌਰੇ ਦੀ ਗੱਲ ਯਾਦ ਆ ਗਈ| ਬਖਤੌਰਾ ਬਾਬਾ ਮੇਰੇ ਦਾਦੇ ਦਾ ਚੰਗਾ ਬੇਲੀ ਸੀ, ਦਾਦੇ ਨੇ 1961 ਚ ਹਵੇਲੀ ਪਾਉਣ ਦੀ ਜਿੰਮੇਵਾਰੀ ਬਾਬੇਨੂੰ ਦਿੱਤੀ| ਕਹਿੰਦੇ ਕੰਮ ਲੱਗ ਭੱਗ ਪੂਰਾ ਹੋ ਚੁੱਕਿਆ ਸੀ,ਇੱਕ ਗੁਸਲਖਾਨਾ ਤੇ ਰਸੋਈ ਰਹਿ ਗੇ| ਚਾਰੇ ਕੰਧਾਂ ਕੱਢ ਕੇ, ਛੱਤ ਤੇ ਬਾਲਿਆਂ ਤੇ ਟਾਇਲਾਂ ਰੱਖਣ ਲਈ (ਉਹ ਵੇਲਿਆਂ ਚ ਸੀਮਿੰਟ ਯਾਂ ਲੈਂਟਰ ਨਹੀਂ ਹੁੰਦੇ ਸੀ,) ਗੁਸਲਖਾਨੇ ਦੇ ਵਿਚਕਾਰ ਡੀਜਲ ਵਾਲਾ ਢੋਲ ਰੱਖ ਲਿਆ ਜਿਸਤੇ ਖੜੇ ਹੋ ਕੇ ਛੱਤ ਤੇ ਟਾਇਲਾਂ ਚਿਣੀਆਂ ਗਈਆਂ , ਛੱਤ ਪੂਰੀ ਹੋ ਗਈ ਗੁਸਲਖਾਨਾ ਬਾਣ ਗਿਆ, ਯੱਭ ਇਹ ਪੇ ਗਿਆ ਕਿ ਗੁਸਲਖਾਨੇ ਦਾ ਬਾਰ ਛੋਟਾ ਰਹਿ ਗਿਆ ਢੋਲ ਬਾਹਰ ਨਾ ਨਿੱਕਲੇ, ਸਦਕੇ ਪਿੰਡ ਵਾਲੇ ਮਿਸਤਰੀਆਂ ਦੇ ਸਿਆਣੇ ਆਪਣੀ ਆਪਣੀ ਸਲਾਹ ਦੇਣ ਲੱਗ ਪਏ , ਸਦਾਗਰ ਡਰੈਵਰ ਕਹਿੰਦਾ ਕੰਧ ਢਾਹ ਕੇ ਬਾਰ ਵੱਡਾ ਕਰ ਲੋ, ਜੋਰਾ ਮੈਂਬਰ ਆਖੇ ਛੱਤ ਧੇੜ ਲੋ ਹਾਰ ਕੇ ਬਖਤੌਰੇ ਬਾਬੇ ਨੇ ਸਲਾਹ ਦਿੱਤੀ  ਕਹਿੰਦਾ ਜਗਹ ਬਥੇਰੀ ਆ ਇਹਨੂੰ ਇੱਕ ਖੂੰਜੇ ਚ ਪਿਆ ਰਹਿਣ ਦੇਓ ਇਹ ਦੇ ਤੇ ਈ ਸਾਬਣ ਤੇਲ ਰੱਖ ਲਿਆ ਕਰੋ| ਸਾਰਿਆਂ ਨੂੰ ਸਲਾਹ ਜਚ ਗੀ ਤੇ ਮੇਰੇ ਯਾਦ ਆ ਕਿ ਬਾਬਾ ਗਾਂਧਾ ਸਿੰਘ ਸਕੂਲ ਪੜਦਿਆਂ ਮੈਂ ਦਸਵੀਂ ਤੱਕ ਢੋਲ ਵਾਲੇ ਗੁਸਲਖਾਨੇ ਚੋਂ ਈ ਈਸ਼ਨਾਨੇ ਸੋਧ ਕੇ ਜਾਂਦਾ ਰਿਹਾਂ| ਭਾਵੇਂ ਬਾਅਦ ਚੋਂ ਮਗਰਲੇ ਪਾਸੇ ਤੂੜੀ ਵਾਲੀ ਸਬਾਤ ਤੇ ਪਸ਼ੂਆਂ ਵਾਲਾ ਵਰਂਡਾ ਢਾਹ ਕੇ ਓਥੇ ਸ਼ਹਿਰੀ ਹਿਸਾਬ ਨਾਲ ਘਰ ਪਾਇਆ ਗਿਆ ਮਤਲਬ ਡਰਾਇੰਗ ਰੂਮ ਬੈੱਡ ਰੂਮ ਆਦਿ ਤੇ ਢੋਲ ਵੱਢ ਕੇ ਕੱਢਿਆ ਗਿਆ ਪਰ ਉਹ ਅਜੇ ਵੀ ਢੋਲ ਵਾਲਾ ਗੁਸਲਖਾਨਾ ਈ ਵੱਜਦਾ|
ਮੇਰੇ ਸਾਰੇ ਰਿਸ਼ਤੇਦਾਰ ਭੂਆ ਮਾਸੀਆਂ ਮਾਮੇ ਸਭ ਲਈ “ਢੋਲ ਵਾਲਾ ਗੁਸਲਖਾਨਾ” ਸਾਡੇ ਘਰੇ ਇੱਕ ਆਮ ਸ਼ਬਦ ਆ| ਨਵੀ ਕੋਠੀ ਤਾਂ ਪਾ ਲਈ ਪਰ ਨਾਂ ਤਾਂ ਸਾਡੇ ਡਰਾਇੰਗ ਰੂਮ ਰੱਖਣ ਲਈਸੋਫੇ ਸੀ, ਨਾਂ ਬੈੱਡ ਸੀ ਨਾ ਡਾਈਨਿੰਗ ਟੇਬਲ ਵਗੈਰਾ ਤੇ ਹੁਣ ਲੌਬੀ ਆ ਕਿ ਗੈਸਟ ਰੂਮ ਚਾਰੇ ਪਾਸੇ ਦਾਦੀ ਦੇ ਬੁਣੇ ਵੇ ਮੰਜੇ ਈ ਪਏ ਆ ਵੱਡੇ ਪਾਵਿਆਂ ਵਾਲੇ| ਪਿੱਛੇ ਜੇ ਬਾਬਾ ਬਖਤੌਰਾ ਨਵੀਂ ਪਾਈ ਕੋਠੀ ਦੇਖਣ ਆ ਗਿਆ ਮੈਂ ਵੀ ਪਿੰਡ ਗਿਆ ਵਾ ਸੀ , ਬਾਬੇ ਨੇ ਨਰੀਖਣ ਕੀਤਾ ਤੇ ਸਿੱਟਾ ਕੱਢ ਮਾਰਿਆ ਕਹਿੰਦਾ ਗੱਲ ਬਾਤ ਪੇਸ਼ ਨੀ ਹੋਈ, ਕਹਿੰਦਾ ਆਪਾਂ ਇਹਦੇ ਤੇ ਚੁਬਾਰੇ ਪਾਉਣੇ ਆਂ ਮੈਨੂੰ ਮਿਣਤੀ ਲੈਣ ਦੇ ਜਾਹ ਮੇਰਾ ਝੋਲੇ ਚੋਂ ਫੀਤਾ ਕੱਢ ਕੇ ਲਿਆ ਮੈਂ ਕਿਹਾ ਝੋਲਾ ਕਿੱਥੇ ਆ ਬਾਬਾ ਉਹ ਦੇ ਮੂੰਹੋਂ ਸਭਾਵਿਕ ਈ ਨਿੱਕਲ ਗਿਆ ” ਢੋਲ ਵਾਲੇ ਗੁਸਲਖਾਨੇ ਦੇ ਬਾਹਰ ਕਿੱਲੇ ਤੇ” ਮੈਂ ਦੰਦੀਆਂ ਕੱਢਦਾ ਫੀਤਾ ਲੈਣ ਤੁਰ ਪਿਆ|

Published in: on ਦਸੰਬਰ 5, 2009 at 7:17 ਪੂਃ ਦੁਃ  Comments (3)  

ਅੰਨਦਾਤਾ

ਸਿਰ ਤੇ ਮਾੜਾਸਾ ਮਾਰੇ ਪਰਨੇ ਚੋਂ ਮੁੜਕਾ ਕੰਨ ਨੂੰ ਲੱਗੇ ਫੋਨ ਨੂੰ ਤਰ ਕਰ ਰਿਹਾ ਸੀ,

ਉਹ ਕਿਸੇ ਧੁੱਪ ਤੋਂ ਬਚਣ ਵਾਲੀ ਕਰੀਮ ਬਾਰੇ ਦੱਸ ਰਹੀ ਸੀ
ਜੋ ਉਸਦੀ ਕਨੇਡਾ ਵਾਲੀ ਮਾਸੀ ਨੇ ਸਮਾਨ ਸਹਿਤ ਘੱਲੀ ਸੀ,

ਰੇਤਾ ਮੁੜਕੇ ਨਾਲ ਰਲ ਕੇ ਕਰੀਮ ਬਣ ਗਿਆ, ਮੋਬੈਲ ਮੇਰੇ ਹੱਥੋਂ ਪਾਣੀ ਨਾਲ ਨੱਕੋ ਨੱਕ ਭਰੇ ਝੋਨੇ ਦੇ ਵਾਹਣ
ਚ ਜਾ ਡਿੱਗਿਆ, ਲੱਗਿਆ ਹਜ਼ਾਰ ਰਪੀਏ ਚ ਪਾਣੀਪੈ ਗਿਆ,

ਢੂਹੀ ਤੇ ਬੰਨੀ ਸਪਰੇ ਵਾਲੀ ਢੋਲੀ ਨੇ ਸ਼ਾਬਾਸ਼ ਦਿੱਤੀ, ਕੋਡੇ ਹੋਏ ਦੇ ਮੱਥੇ ਚੋਂ ਨਮਕੀਨ ਬੂੰਦਾਂ, ਭਾਈ ਲਾਲੋ ਦੇ ਖਿਲਾਫ
ਮਰਦਾਨੇ ਦੀਆਂਰੋਟੀਆਂ ਚੋਂ ਡਿੱਗਦੀਆਂ ਦੁੱਧ ਦੀਆਂ ਬੂੰਦਾਂ ਲੱਗੀਆਂ|

ਮੈਨੂੰ ਮੋਬੈਲ ਸਮੇਤ ਮੇਰਾ ਅਕਸ ਖੜੇ ਪਾਣੀ ਚੋਂ ਦਿਖਾਈ ਦਿੱਤਾ “ਉੱਠ ਸ਼ੇਰਾ ਕਿਉਂ ਹੌਂਸਲਾ ਸਿੱਟਿਆ..” ਜਿਵੇਂ
ਸੁਰਗਾਂ ਚੋਂ ਬਾਪੂ ਬੋਲ ਰਿਹਾ ਸੀ, ਜੋ ਬੋਲੇ ਸੋ ਨਿਹਾਲ ਮੇਰਾ ਅੰਦਰ ਬੋਲਿਆ..”ਸਤਿ ਸ਼ਰੀ ਅਕਾਲ…..” ਹਜ਼ਾਰਾਂ ਝੋਨੇ ਦੇ ਬੂਟੇ ਬੋਲੇ…

ਮੋਬੈਲ ਵੀ ਮੇਰੇ ਵਾਂਗੂੰ ਢੀਠ ਸੀ..ਫੇਰ ਟਾਵਰ ਫੜ ਗਿਆ, ਢੀਠ ਜੀਹਨੂੰ ਧੁੱਪ ਨੀ ਲੱਗਦੀ, ਜਿਹਦਾ ਚੰਮ ਹਰ ਛਿਮਾਹੀਂ ਹਾੜੀ ਜਾਂ ਝੋਨੇ ਲੱਗਦਾ, ਜਿਹੜਾ ਪਿੰਡ ਚ ਰਹਿੰਦਾ ਸੀ,
ਮੋਬੈਲ ਫੇਰ ਖੜਕਿਆ ਉਹ ਫੇਰ ਬੋਲੀ ” ਮੇਰਾ ਕਨੇਡਾ ਦਾ ਸ਼ਾਇਦ ਕੇਸ ਬਣ ਜੇ, ਮਾਸੀ ਨੇ ਕਾਗਜ਼ ਭੇਜੇ ਆ.. ਤੂੰ ਵੀ ਕਾਗਜ਼ ਭਰਦੇ..”
ਮੈਂ ਨੀਲੇ ਫੋੜ ਦੀ ਸੀਟ ਤੇ ਡਿਪਟੀ ਬਣਿਆ ਬੈਠਾ ਸੀ ਖੇਤੋਂ ਜਾਂਦੀ ਪਹੀ ਚ ਟੋਏ ਮੈਨੂੰ ਝੂਟੇ ਦੇ ਰਹੇ ਸੀ ਫੇਰ ਮੈਂ ਬੋਲਿਆ ” ਤੈਨੂੰ ਤਾਂ ਮੰਨੀਏਂ ਜੇ ਨੈਣੇਵਾਲ ਦਾ ਵੀਜ਼ਾ ਲਵਾਕੇ ਦਿਖਾਵੇਂ…”
ਰੇਸ ਮੱਲੋਜੋਰੀ ਨੱਪੀ ਗਈ ਫੋੜ ਨੇ ਲਲਕਾਰਾ ਮਾਰਿਆ, ਕੱਚਾ ਰਾਹ ਮਸ਼ੂਕ ਵਾਂਗੂੰ ਪਿੰਡ ਵਾਲੀ ਸੜਕ ਨੂੰ ਮਿਲ ਗਿਆ, ਟਰੈਕਟਰ ਟਰਾਲੀ ਦੀ ਉੰਗਲੀ ਫੜੀ ਜਿਵੇਂ ਮੈਨੂੰ ਟਰਾਲੀ ਦੇ ਡਾਲੇ
ਵੱਲ ਇਸ਼ਾਰਾ ਕਰ ਰਿਹਾ ਸੀ, ਡਾਲੇ ਤੇ ਲਿਖਿਆ ਸੀ- ਅੰਨਦਾਤਾ

Published in: on ਦਸੰਬਰ 4, 2009 at 4:54 ਪੂਃ ਦੁਃ  ਟਿੱਪਣੀ ਕਰੋ  

ਅੱਜ ਮੇਰਾ ਇਸ਼ਕ ਜਵਾਨ ਹੋ ਗਿਆ

ਝਾਕਾ ਝਾਕੀ ਨੈਣਾਂ ਦੀ ਸਲਾਮੀ ਬਣ ਗਈ
ਸਹਿਮੇ ਝਿਜਕਦੇ ਸਾਡੀ ਪਹਿਲੀ ਮੁਲਾਕਾਤ ਹੋਈ
ਫਿਰ ਲੱਗਿਆ ਪਤਾ ਨੀ ਹੁਣ ਕਦੋਂ ਮੇਲ ਹੋਣਗੇ
ਹੌਲੀ ਹੌਲੀ ਮੁਲਾਕਾਤਾਂ ਦਾ ਰੁਝਾਨ ਹੋ ਗਿਆ
ਹਰ ਵੇਲੇ ਹੁਣ ਹੌਂਸਲਾ ਖਿਆਲ ਉਹਦਾ ਦੇਵੇ
ਹਾਂ ਅੱਜ ਮੇਰਾ ਇਸ਼ਕ ਜਵਾਨ ਹੋ ਗਿਆ

 

ਤੂੰ ਏਂ ਫੱਕਰ ਫਕੀਰਾ ਨਾ ਕੋਈ ਤੇਰੇ ਅੱਗੇ ਪਿੱਛੇ
ਪਰ ਮੈਨੂੰ ਮਾਪਿਆਂ ਦੀ ਲੱਜ ਪੈਣੀ ਰੱਖਣੀ
ਤੱਤਾ ਦੇਖ ਕੇ ਮੈਂ ਲੋਹਾ ਆਪੇ ਮਾਰ ਦੂੰ ਹਥੌੜਾ
ਵਿਛੋੜੇ ਵਾਲੀ ਵਿਉਹ ਤਦ ਤੱਕ ਪੈਣੀ ਚੱਖਣੀ
ਸਾਲ ਬਾਦ ਜੱਟੀ ਨੇ ਐਲਾਨ ਕਰਤਾ

ਉਹ ਹੈ ਨੈਣੇਵਾਲੀਆ ਜੋ ਮੇਰੇ ਲਈ ਜਹਾਨ ਹੋ ਗਿਆ

ਉਸ ਗੱਲ ਨੂੰ ਵੀ ਅੱਜ ਪੰਜ ਵृਰੇ ਹੋ ਚੱਲੇ

ਹਾਂ ਅੱਜ ਮੇਰਾ ਇਸ਼ਕ ਜਵਾਨ ਹੋ ਗਿਆ

Published in: on ਨਵੰਬਰ 19, 2009 at 11:29 ਪੂਃ ਦੁਃ  Comments (1)  

ਉੱਭਲਚਿੱਤੀ

ਜਦੋਂ ਕੋਈ ਪਤੰਗ ਡੋਰ ਨਾਲੋਂ ਟੁੱਟਦੀ
ਖੌਰੇ ਕਾਹਤੋਂ ਓਦੋਂ ਮੇਰੀ ਜਿੰਦ ਮੁੱਕਦੀ
ਕਈ ਵਾਰ ਲੱਗੇ ਉਹਨਾਂ ਵਿੱਚੋਂ ਇੱਕ ਹੋਕੇ ਪਹਿਲਾਂ ਬੁਝ ਜਾਊੰ
ਦੀਵੇ ਫਿਰਨੀ ਤੋਂ ਪਾਰ ਮੜੀ ਉੱਤੇ ਜਗਦੇ
ਤੇਰੇ ਵੱਖ ਹੋਣ ਦਾ ਖਿਆਲ ਆਉਂਦਿਆ
ਮੇਰੇ ਕੰਨ ਮੈਨੂੰ ਮੁੰਦਰਾਂ ਬਿਨਾ ਨੀ ਸਜਦੇ

Published in: on ਨਵੰਬਰ 19, 2009 at 11:18 ਪੂਃ ਦੁਃ  ਟਿੱਪਣੀ ਕਰੋ  

ਪਤੰਗ

ਚੜਦੇ ਸੀ ਕੋਠੇ ਅਸੀਂ ਪਤੰਗ ਦੇ ਬਹਾਨੇ
ਵੇਖ ਕੇ ਵੀ ਅਣਡਿੱਠਾ ਰਹੀ ਕਰਦੀ ਰਕਾਨੇ
ਇੱਕ ਨਾ ਮੰਨੀ ਤੂੰ ਕਿਸੇ ਪੇਂਡੂ ਭੌਰ ਦੀ
ਤੈਨੂੰ ਕਿਹਾ ਸੀ ਵਲੈਤ ਦਾ ਖਿਆਲ ਛੜਦੇ
ਹੁਣ ਰੋਈ ਜਾਵੇਂ ਏਥੇ ਨੀ ਪਤੰਗ ਚੜਦੇ
ਅੱਜ ਪੌਣ ਵਗੇ ਰੱਬਾ ਉਹਦੇ ਘਰ ਵੱਲ ਦੀ
ਸਾਰਾ ਦਿਨ ਫਿਕਰ ਸੀ ਰਹਿੰਦੀ ਏਹੋ ਗੱਲ ਦੀ
ਨਾ ਉਹ ਹਵਾਵਾਂ ਨਾ ਉਹ ਵੇਹੜੇ
ਨਾ ਉਹ ਵੇਹੜੇ ਵਾਲੀ ਨਿੰਮ ਜਿੱਥੇ ਗੁੱਡਾ ਅੜ ਜੇ
ਤੈਨੂੰ ਕਿਹਾ ਸੀ ਵਲੈਤ ਦਾ ਖਿਆਲ ਛੜਦੇ….
ਇੱਕ ਮੋਮੀ ਜਾਮ ਦਾ ਲਿਫਾਫਾ ਤੇਰੇ ਘਰੋਂ ਉੱਡ ਆਇਆ
ਕੱਟੀ ਕਾਟ ਤੀਲਾਂ ਸੂਲਾਂ ਲਾ ਪਤੰਗ ਮੈਂ ਬਣਾਇਆ
ਉੱਤੇ ਲਿਖ ਤੇਰਾ ਨਾਂ ਅਸਮਾਨੀ ਚਾੜਤਾ
ਡੋਰ ਚੁੰਮ ਕੇ ਤੇਨੂੰ ਸੀ ਸਲਾਮ ਕਰਦੇ
ਤੈਨੂੰ ਕਿਹਾ ਸੀ ਵਲੈਤ ਦਾ ਖਿਆਲ ਛੜਦੇ….
ਤੁਸੀਂ ਵੱਡੀਆਂ ਪੜਾਈਆਂ ਪੜ ਵੱਡੇ ਲੋਕ ਹੋ ਗਏ
ਥੋਡਾ ਮੁੱਲ ਕੋਈ ਨਾ ਅਸੀਂ ਭਾਅ ਥੋਕ ਹੋ ਗਏ
ਉਹ ਸਕੂਲ ਦੇ ਦਰਖਤਾਂ ਤੇ ਅਜੇ ਵੀ ਨੇ ਨਾਂ
ਕੱਚੀ ਪਹਿਲੀ ਤੋਂ ਤੇਰੇ ਨਾਲ ਜਿੱਥੇ ਰਹੇ ਪੜਦੇ
ਤੈਨੂੰ ਕਿਹਾ ਸੀ ਵਲੈਤ ਦਾ ਖਿਆਲ ਛੜਦੇ….
ਹੁਣ ਰੋਈ ਜਾਵੇਂ ਏਥੇ ਨੀ ਪਤੰਗ ਚੜਦੇ

ਚੜਦੇ ਸੀ ਕੋਠੇ ਅਸੀਂ ਪਤੰਗ ਦੇ ਬਹਾਨੇ

ਵੇਖ ਕੇ ਵੀ ਅਣਡਿੱਠਾ ਰਹੀ ਕਰਦੀ ਰਕਾਨੇ

ਇੱਕ ਨਾ ਮੰਨੀ ਤੂੰ ਕਿਸੇ ਪੇਂਡੂ ਭੌਰ ਦੀ

ਤੈਨੂੰ ਕਿਹਾ ਸੀ ਵਲੈਤ ਦਾ ਖਿਆਲ ਛੜਦੇ

ਹੁਣ ਰੋਈ ਜਾਵੇਂ ਏਥੇ ਨੀ ਪਤੰਗ ਚੜਦੇ

ਅੱਜ ਪੌਣ ਵਗੇ ਰੱਬਾ ਉਹਦੇ ਘਰ ਵੱਲ ਦੀ

ਸਾਰਾ ਦਿਨ ਫਿਕਰ ਸੀ ਰਹਿੰਦੀ ਏਹੋ ਗੱਲ ਦੀ

ਨਾ ਉਹ ਹਵਾਵਾਂ ਨਾ ਉਹ ਵੇਹੜੇ

ਨਾ ਉਹ ਵੇਹੜੇ ਵਾਲੀ ਨਿੰਮ ਜਿੱਥੇ ਗੁੱਡਾ ਅੜ ਜੇ

ਤੈਨੂੰ ਕਿਹਾ ਸੀ ਵਲੈਤ ਦਾ ਖਿਆਲ ਛੜਦੇ….

ਇੱਕ ਮੋਮੀ ਜਾਮ ਦਾ ਲਿਫਾਫਾ ਤੇਰੇ ਘਰੋਂ ਉੱਡ ਆਇਆ

ਕੱਟੀ ਕਾਟ ਤੀਲਾਂ ਸੂਲਾਂ ਲਾ ਪਤੰਗ ਮੈਂ ਬਣਾਇਆ

ਉੱਤੇ ਲਿਖ ਤੇਰਾ ਨਾਂ ਅਸਮਾਨੀ ਚਾੜਤਾ

ਡੋਰ ਚੁੰਮ ਕੇ ਤੇਨੂੰ ਸੀ ਸਲਾਮ ਕਰਦੇ

ਤੈਨੂੰ ਕਿਹਾ ਸੀ ਵਲੈਤ ਦਾ ਖਿਆਲ ਛੜਦੇ….

ਤੁਸੀਂ ਵੱਡੀਆਂ ਪੜਾਈਆਂ ਪੜ ਵੱਡੇ ਲੋਕ ਹੋ ਗਏ

ਥੋਡਾ ਮੁੱਲ ਕੋਈ ਨਾ ਅਸੀਂ ਭਾਅ ਥੋਕ ਹੋ ਗਏ

ਉਹ ਸਕੂਲ ਦੇ ਦਰਖਤਾਂ ਤੇ ਅਜੇ ਵੀ ਨੇ ਨਾਂ

ਕੱਚੀ ਪਹਿਲੀ ਤੋਂ ਤੇਰੇ ਨਾਲ ਜਿੱਥੇ ਰਹੇ ਪੜਦੇ

ਤੈਨੂੰ ਕਿਹਾ ਸੀ ਵਲੈਤ ਦਾ ਖਿਆਲ ਛੜਦੇ….

ਹੁਣ ਰੋਈ ਜਾਵੇਂ ਏਥੇ ਨੀ ਪਤੰਗ ਚੜਦੇ

Published in: on ਸਤੰਬਰ 18, 2009 at 7:00 ਪੂਃ ਦੁਃ  Comments (9)  

ਛੰਦ

ਨੈਣੇਵਾਲ ਪਿੰਡ ਦਾ ਹਾਂ ਜਸ ਗਾਂਵਦਾ
ਜੋੜਕੇ ਤੇ ਛੰਦ ਤੁਸਾਂ ਨੂੰ ਸੁਣਾਂਵਦਾ
ਜਿਲਾ ਬਰਨਾਲਾ ਤੇ ਭਦੌੜ ਠਾਣਾ ਹੈ
ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ
ਪਰੇਮਜੀਤ ਹੋਰੀਂ ਛੰਦ ਨੇ ਬਣਾ ਗਏ
ਲਿਖ ਕੇ ਤੇ ਸਾਰੇ ਪਿੰਡ ਨੂੰ ਸੁਣਾ ਗਏ
ਲੋੜ ਕੋਈ ਹੋਵੇ ਮੈਨੂੰ ਖਤ ਪਾਣਾ ਹੈ
ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ
ਲੁਧਿਆਣਾ ਪਟਿਆਲਾ ਚੜਦੇ ਵੱਲ ਪੈ ਗਏ
ਕੋਟ ਤੇ ਫਰੀਦ ਲਹਿੰਦੇ ਵੱਲ ਰਹਿ ਗਏ
ਰਾਮਪੁਰਾ ਹੈ ਨੇੜੇ ਪੈਂਦਾ ਟੇਸ਼ਨ ਰੇਲ ਦਾ
ਸ਼ਹਿਰ ਨਈਂਓਂ ਲੱਭਣਾ ਬਠਿੰਡੇ ਮੇਲ ਦਾ
ਫੂਲ ਰਾਮਪੁਰੇ ਤੋਂ ਵਾਇਆ ਢਿਪਾਲੀ ਜਾਣਾ ਹੈ
ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ

ਨੈਣੇਵਾਲ ਪਿੰਡ ਦਾ ਹਾਂ ਜਸ ਗਾਂਵਦਾ

ਜੋੜਕੇ ਤੇ ਛੰਦ ਤੁਸਾਂ ਨੂੰ ਸੁਣਾਂਵਦਾ

ਜਿਲਾ ਬਰਨਾਲਾ ਤੇ ਭਦੌੜ ਠਾਣਾ ਹੈ

ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ

ਪਰੇਮਜੀਤ ਹੋਰੀਂ ਛੰਦ ਨੇ ਬਣਾ ਗਏ

ਲਿਖ ਕੇ ਤੇ ਸਾਰੇ ਪਿੰਡ ਨੂੰ ਸੁਣਾ ਗਏ

ਲੋੜ ਕੋਈ ਹੋਵੇ ਮੈਨੂੰ ਖਤ ਪਾਣਾ ਹੈ

ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ

ਲੁਧਿਆਣਾ ਪਟਿਆਲਾ ਚੜਦੇ ਵੱਲ ਪੈ ਗਏ

ਕੋਟ ਤੇ ਫਰੀਦ ਲਹਿੰਦੇ ਵੱਲ ਰਹਿ ਗਏ

ਰਾਮਪੁਰਾ ਹੈ ਨੇੜੇ ਪੈਂਦਾ ਟੇਸ਼ਨ ਰੇਲ ਦਾ

ਸ਼ਹਿਰ ਨਈਂਓਂ ਲੱਭਣਾ ਬਠਿੰਡੇ ਮੇਲ ਦਾ

ਫੂਲ ਰਾਮਪੁਰੇ ਤੋਂ ਵਾਇਆ ਢਿਪਾਲੀ ਜਾਣਾ ਹੈ

ਨੈਣੇਵਾਲ ਪਿੰਡ ਦਾਸ ਦਾ ਟਿਕਾਣਾ ਹੈ

Published in: on ਸਤੰਬਰ 10, 2009 at 11:39 ਪੂਃ ਦੁਃ  Comments (1)  

ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ..

ਜੇਠ ਹਾੜ ਦੇ ਦੁਪੈਹਰੇ ਬਾਬੇ ਬਹਿੰਦੇ ਬੋਹੜ ਛਾਵੇਂ
ਜਾਂ ਫਿਰ ਧੂੰਈਂ ਦੇ ਦੁਆਲੇ ਦਾ ਸਿਆਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ
ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ.

ਪਹੁ ਫੁੱਟਦੇ ਹੀ ਗੁਰੂ ਘਰ ਦੇ ਸਪੀਕਰ ਚੋਂ ਬਾਣੀ
ਓਹ ਸਕੂਲ ਦਾ ਮੈਦਾਨ ਕੌਡੀ ਖੇਡਦੇ ਸੀ ਹਾਣੀ
ਝੋਨੇ ਵਾਲੀ ਢੇਰੀ ਉੱਤੇ ਬਾਪੂ ਮੰਜਾ ਡਾਹਕੇ ਬਹਿੰਦਾ
ਜਾਂਦੀ ਨਹਿਰ ਦਾਣਾ ਮੰਡੀ ਨਾਲੋ ਨਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਜੀਹਨੇ ਦੇਸੀ ਘਿਓ ਵਿੱਚ ਕੁੱਟ ਕੇ ਖਵਾਈਆਂ ਚੂਰੀਆਂ
ਮੂੰਹ ਹਨੇਰੇ ਚੋਅ ਕੇ ਲਿਆਉਂਦੀ ਰਹੀ ਬੂਰੀਆਂ
ਕਈ ਝੱਖੜਾਂ ਦੇ ਬਾਵਜੂਦ ਹੌਂਸਲਾ ਨਾ ਹਾਰੀ
ਜੰਮੇ ਸ਼ੇਰ ਜੀਹਨੇ ਉਹ ਮਾਂ ਸਦਕੇ ਕਮਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਟਾਹਲੀ ਦੇਆਂ ਦੋ ਗੇਟਾਂ ਵਾਲੀ ਇੱਕੋ ਪਿੰਡ ਚ ਹਵੇਲੀ
ਪਿਓ ਦਾਦੇ ਅਤੇ ਮੇਰੇ ਜਿੱਥੇ ਆਉਂਦੇ ਜਾਂਦੇ ਬੇਲੀ
ਖੁੱਲਾ ਹਵਾਦਾਰ ਜਾਲੀ ਮੱਖੀ ਮੱਛਰ ਤੋਂ ਲੱਗੀ
ਚੁਬਾਰੇ ਦੋਹਾਂ ਪਾਸੇ ਤੀਜਾ ਤੁੰ ਵਿਚਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਬੇਬੇ ਦੀ ਮੈਂ ਸੁਣਿਆ ਕਿ ਨਿਗਾਹ ਥੋੜੀ ਹੋ ਗਈ
ਮੇਰੇ ਕੋਲੋਂ ਦੂਰ ਮੇਰੇ ਪੋਤਿਆਂ ਦੀ ਜੋੜੀ ਹੋ ਗਈ
ਵੇਹੜੇ ਵਾਲੀ ਨਿੰਮ, ਬੇਬੇ ਅਤੇ ਉਹਦਾ ਚਰਖਾ
ਸੱਤਰਾਂ ਤੋਂ ਕਿੰਨੇ ਟੱਪੇ ਉਹ ਸਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…

ਸ਼ਹਿਰ ਉਹਦੇ ਜਾਂਦਿਆਂ ਸੀ ਮੇਰਾ ਪਿੰਡ ਰਾਹ ਚ ਪੈਂਦਾ
ਉਹੀ ਬੱਸ ‘ਵਿਰਕਾਂ’ ਦੀ ਯਾਰ ਉਡੀਕਦਾ ਸੀ ਰਹਿੰਦਾ
ਮਾਰ ਬੁੱਕਲ ਖੇਸੀ ਦੀ ਸੀਟ ਪਿਛਲੀ ਤੇ ਬਹਿਨਾ
ਬੁਲਾਈ ਪਿੱਛੇ ਮੁੜ ਉਹਦੀ ਸਤਿ ਸ਼ਰੀ ਅਕਾਲ ਲਿਖਦੇ
ਚਿਰ ਹੋਇਆ ਬਾਈ ਗੇੜਾ ਪਿੰਡ ਨਈਓਂ ਲੱਗਾ…
ਕਿਸੇ ਖਤ ਵਿੱਚ ਪਿੰਡ ਦਾ ਤੂੰ ਹਾਲ ਲਿਖਦੇ.

Published in: on ਅਗਸਤ 28, 2009 at 10:00 ਪੂਃ ਦੁਃ  Comments (1)  

ਫ਼ਕੀਰੀਆ ਬਿਮਾਰ ਹੋਇਆ – ਜੱਗੀ ਕੁੱਸਾ

-ਬਿਮਾਰੀ ਵੈਸੇ ਤਾਂ ਕੋਈ ਨਹੀਂ ਹੁੰਦੀ ਚੰਗੀ
ਅਕਾਲ-ਪੁਰਖ਼ ਬੱਸ ਇਹਤੋਂ ਬਚਾਈ ਰੱਖੇ
ਤੰਦਰੁਸਤੀ ਬਖ਼ਸ਼ੇ ਗੁਰੂ ਸਾਰਿਆਂ ਨੂੰ
ਬਾਬਾ ਖੁਸ਼ੀਆਂ ਹੀ ਘਰੇ ਬਣਾਈ ਰੱਖੇ
-ਕਿਸਮਾਂ ਰੋਗਾਂ ਦੀਆਂ ਬਹੁਤ ਹੁੰਦੀਆਂ ਨੇ
ਕਈ ਛੋਟੀਆਂ ਤੇ ਕਈ ਵੱਡੀਆਂ ਨੇ
ਕਈ ਛੇਤੀ ਹੀ ਖਹਿੜਾ ਛੱਡ ਜਾਵਣ
ਕਈਆਂ ਜਾਨਾਂ ਵੀ ਲੈ ਕੇ ਛੱਡੀਆਂ ਨੇ
-ਹੁੰਦਾ ਰੋਗ ਕਿਸੇ ਨੂੰ ਠਰਕ ਭੋਰਨੇ ਦਾ
ਲੋਕ ਠਰਕੀ ਭਮੱਕੜ ਉਹਨੂੰ ਆਖਦੇ ਨੇ
ਕਈ ਅੱਖਾਂ ਤੱਤੀਆਂ ਕਰਨ ਦੇ ਹੋਣ ਰੋਗੀ
ਗੱਡੇ ‘ਮੀਲ-ਪੱਥਰ’ ਮੋੜਾਂ ‘ਤੇ ਜਾਪਦੇ ਨੇ
-ਬਿਮਾਰੀ ਚਾਪਲੂਸੀ ਦੀ ਬੜੀ ਭੈੜੀ
‘ਰੋਗੀ’ ਕੁੱਤੇ ਵਾਂਗ ਪੂਛ ਮਾਰਦੇ ਨੇ
ਝੋਲੀ ਚੁੱਕਣੋਂ ਚਮਚੇ ਨਹੀਂ ਟਲ ਸਕਦੇ
‘ਆਕਾ’ ਦੇਖ ਕੇ ਬਾਛਾਂ ਖਿਲਾਰਦੇ ਨੇ
-ਕਈ ਇਸ਼ਕ ਦਾ ਰੋਗ ਲੁਆਈ ਫਿਰਦੇ
ਛਿੱਤਰ-ਘੜ੍ਹੀਸ ਆਸ਼ਕ ਅਖਵਾਂਵਦੇ ਨੇ
ਕਈ ਤੀਵੀਂ ਤੋਂ ਘਰੇ ਹੀ ਕੁੱਟ ਖਾਂਦੇ
ਬਾਹਰ ਸੂਰਮਗਤੀ ਦਿਖਾਂਵਦੇ ਨੇ
-ਬਿਮਾਰੀ ਲੱਗ ਜਾਵੇ ਜੇ ਫੂਕ ਛਕਣੇ ਦੀ
ਕੌੜਾ ਸੱਚ ਨਾ ਉਹ ਸੁਣਨ ਨੂੰ ਤਿਆਰ ਹੁੰਦੇ
‘ਮਾਰ ਦਿਓ-ਮਾਰ ਦਿਓ’ ਉਹ ਸੱਚੇ ਨੂੰ ਆਖਦੇ ਨੇ
ਦਸ਼ਾ ਮਾਨਸਿਕ ਪੱਖੋਂ ਬਿਮਾਰ ਹੁੰਦੇ
-ਬਿਮਾਰੀ ਪਰਾਈ ਖੁਰਨੀ ਮੂੰਹ ਮਾਰਨੇ ਦੀ
ਇਹ ਬਦਤਰ ਹੁੰਦੀ ਮੂੰਹ-ਖੁਰ ਨਾਲੋਂ
ਬੁੱਢਾ ਹੋਇਆ ਵੀ ‘ਕੋਏ’ ਵਿਚੋਂ ਝਾਕਦਾ ਏ
ਭਾਵੇਂ ਉਮਰ ਵੀ ਜਾਵੇ ਭੁਰ ਨਾਲੋਂ
-ਰੋਗ ਸਭ ਤੋਂ ਬੁਰਾ ਕੁਰਸੀ ਵਾਲਾ
ਪੰਗਾ ਵੋਟਾਂ ਵੇਲੇ ਕੋਈ ਖੜ੍ਹਾ ਕਰਾ ਲੈਣਾ
ਚਾਹੇ ਜਾਂਦੀ ਹੀ ਬੀਬੀ ਹੋ ਜਾਵੇ ਰੰਡੀ
ਲਾਗੀਆਂ ਆਪਣਾ ਲਾਗ ਧਰਾ ਲੈਣਾ
-ਫੋਕੀਆਂ ਫੜ੍ਹਾਂ ਵਾਲਾ ਰੋਗ ਹੈ ਬਹੁਤ ਮਾੜਾ
ਟਾਹਰਾਂ ਬਿਨਾਂ ਕੋਈ ਗੱਲ ਮੂੰਹੋਂ ਫੁੱਟਦੀ ਨਹੀਂ
ਕਈ ਰੋਗੀ ਨੇ ਕਮਲੇ ਸਾਧ ਵਰਗੇ
ਮੁੰਡਾ ਮਰ ਜਾਊ, ਤੜਾਗੀ ਭਾਈ ਟੁੱਟਦੀ ਨਹੀਂ
-ਲੱਗੀ ਵਹਿਮ ਦੀ ਬਿਮਾਰੀ ਫ਼ਕੀਰੀਏ ਨੂੰ
ਲਾਂਗੜ ਕਸਿਆ ਤੇ ਡਾਕਟਰ ਦੇ ਜਾ ਬੈਠਾ
ਭਰਮਾਂ ਮਾਰ ਲਈ ਮੱਤ ਗਰੀਬੜੇ ਦੀ
ਜਾ ਕੇ ਗਿੱਲਾ ਪੀਹਣ ਹੀ ਪਾ ਬੈਠਾ
-ਡਾਕਟਰ ਪੁੱਛਿਆ, ਫ਼ਕੀਰੀਆ ਬੋਲ ਦੱਸੇ
ਉਹਨੇ ਬਿਮਾਰੀਆਂ ਕਈ ਗਿਣਾ ਦਿੱਤੀਆਂ
ਡਾਕਟਰ ਡੌਰ ਭੌਰ ਹੋਇਆ ਸੁਣੀ ਜਾਵੇ
ਉਹਨੇ ਡਾਕਟਰ ਦੀਆਂ ਖਿੱਤੀਆਂ ਘੁੰਮਾ ਦਿੱਤੀਆਂ
-ਕਹਿੰਦਾ ਡਾਕਟਰ ਜੀ ਸੁਣੋਂ ਧਿਆਨ ਕਰਕੇ
ਸਿਰ ‘ਘੂੰ-ਘੂੰ’ ਮੇਰਾ ਕਰਦਾ ਹੈ
ਕਦੇ ਸਿਰ ਦੇ ਵਾਲ ਵੀ ਖੜ੍ਹ ਜਾਂਦੇ
ਮੱਥਾ ਵਾਂਗ ਤੰਦੂਰ ਦੇ ਸੜਦਾ ਹੈ
-ਕਦੇ ਗਿੱਚੀ ਦੇ ਵਿਚੋਂ ਚੀਸ ਨਿਕਲੇ
ਕੰਨ ਡਾਕਟਰ ਜੀ ‘ਸਾਂ-ਸਾਂ’ ਕਰਦੇ ਨੇ
ਅੱਖਾਂ ਵਿਚੋਂ ਅੱਗ ਜੀ ਨਿਕਲਦੀ ਐ
ਸਹੁਰੇ ਭਰਵੱਟੇ ਵੀ ਰਹਿੰਦੇ ਝੜਦੇ ਨੇ
-ਨੱਕ ਸੁੱਕਿਆ ਰਹੇ ਦਿਨ ਰਾਤ ਮੇਰਾ
ਜੀਭ ਤਾਲੂਏ ਨਾਲ ਲੱਗੀ ਰਹਿੰਦੀ ਹੈ
ਗੱਲ੍ਹਾਂ ਉਤੇ ਕੀੜੀਆਂ ਲੜਦੀਆਂ ਨੇ
ਠੋਡੀ ਉਪਰ ਝੌਰ ਜਿਹੀ ਪੈਂਦੀ ਹੈ
-ਦੰਦ ਦੁਖਦੇ, ਜਬਾੜ੍ਹੇ ਵੀ ਖੜਕਦੇ ਨੇ
ਜਦ ਰੋਟੀ ਡਾਕਟਰ ਜੀ ਖਾਂਵਦਾ ਹਾਂ
ਗਲ ਮੱਚੇ ਜਦ ਬੁਰਕੀ ਲੰਘਦੀ ਏ
ਬੜਾ ਦੁਖੀ ਮੈਂ ਵਕਤ ਲੰਘਾਂਵਦਾ ਹਾਂ
-ਬੁੱ਼ਲ੍ਹ ਸਦਾਂ ਹੀ ਸੁੱਕੇ ਰਹਿਣ ਮੇਰੇ
ਮੂੰਹ ਕੌੜਾ ਕੌੜਾ ਜਿਆ ਰਹਿੰਦਾ ਹੈ
ਨਿਗਾਹ ਪਾਟਦੀ ਉੱਚੀ ਜੇ ਗੱਲ ਕਰਦਾ
ਹੌਲੀ ਬੋਲਾਂ ਤਾਂ ਗਲ ਜਿਹਾ ਬਹਿੰਦਾ ਹੈ
-ਜੋੜ ਮੋਢਿਆਂ ਤੋਂ ਚਸਕਦੇ ਰਹਿਣ ਮੇਰੇ
ਨਾਲੇ ਛਾਤੀ ਵਿਚ ਜਲਣ ਜਿਹੀ ਰਹਿੰਦੀ ਹੈ
ਹਥੌੜੇ ਵਾਂਗ ਮੇਰਾ ਦਿਲ ‘ਠੱਕ-ਠੱਕ’ ਵੱਜੇ
ਕਦੇ ਧਰਨ ਜੀ ਵੀ ਡਿੱਗ ਪੈਂਦੀ ਹੈ
-ਅੱਗੋਂ ਢਿੱਡ ਤੇ ਪਿੱਛੋਂ ਕੰਗਰੋੜ ਦੁਖਦੀ
ਪੇਟ ‘ਘੁਰੜ-ਘੁਰੜ’ ਪਿਆ ਕੁਰਲਾਈ ਜਾਵੇ
ਗੈਸ ਬਣਦੀ ਕੱਚੇ ਧੂੰਏਂ ਵਾਂਗੂੰ
ਹਵਾ ‘ਫ਼ਰਨ-ਫ਼ਰਨ’ ਬਾਹਰ ਨੂੰ ਜਾਈ ਜਾਵੇ
-ਰਹਿੰਦੀ ਕਬਜ ਤੇ ਕੁੱਲਾ ਵੀ ਦਰਦ ਕਰਦਾ
ਹਵਾ ਸਰਦੀ ਕੰਟਰੋਲ ਨਾ ਹੋਵੇ ਮੈਥੋਂ
ਨਿਕਾਸ ਹਵਾ ਦਾ ਭੰਗੀਆਂ ਦੀ ਤੋਪ ਵਰਗਾ
ਗਰਦੋਗੋਰ ਉੱਠੇ, ਕੀ ਲੁਕਾਅ ਤੈਥੋਂ
-ਖੱਲੀਆਂ ਪੈਣ ਲੱਤਾਂ ਦੇ ਵਿਚ ਮੇਰੇ
ਕੂਹਣੀਂ ਆਕੜਜੇ ਕਰੀ ਨਾ ਸਿੱਧੀ ਹੋਵੇ
ਵਿਚ ਗੁੱਟਾਂ ਦੇ ਚੀਸਾਂ ਪੈਂਦੀਆਂ ਨੇ
ਲੱਗੇ ਇਉਂ ਜਿਉਂ ਬੋਤੇ ਨੇ ਮਿੱਧੀ ਹੋਵੇ
-‘ਗੂਠੇ ਹੱਥਾਂ ਦੇ ਕਰੀ ਹੜਤਾਲ ਬੈਠੇ
ਉਂਗਲਾਂ ਨਾਂਹ-ਨੁੱਕਰ ਰਹਿੰਦੀਆਂ ਕਰਦੀਆਂ ਨੇ
ਮਾਸ ਹੱਥਾਂ ਦਾ ਵੀ ਲਹਿ ਚੱਲਿਆ
ਨਾੜਾਂ ਖੂਨ ਤੋਰਨ ਤੋਂ ਡਰਦੀਆਂ ਨੇ
-ਕੱਛਾਂ ਵਿਚ ਰਸੌਲੀਆਂ ਉਠ ਖੜ੍ਹੀਆਂ
ਲੱਗੇ ਹਰਨੀਆਂ ਦੀ ਵੀ ਸ਼ੱਕ ਮੈਨੂੰ
ਤੂੰ ਟੂਟੀ ਜਿਹੀ ਲਾ ਕੇ ਦੇਖ ਕੇਰਾਂ
ਮੇਰੇ ਸਰੀਰ ਦੀ ਦੱਸੂਗੀ ‘ਵੱਤ’ ਤੈਨੂੰ
-ਮੈਨੂੰ ਸੂਗਰ ਦੀ ਵੀ ਸ਼ਕਾਇਤ ਲੱਗੇ
ਅਤੇ ਪਿਸ਼ਾਬ ਵੀ ਵਾਰ-ਵਾਰ ਆਂਵਦਾ ਏ
ਜੇ ਪਿਸ਼ਾਬ ਵੱਲੋਂ ਭਾਈ ਘੌਲ ਕਰਜਾਂ
ਫੇਰ ਕੱਛੇ ਨੂੰ ਹੀ ਭਾਗ ਲਾਂਵਦਾ ਏ
-ਗੋਡੇ ‘ਚੀਂ-ਚੀਂ’ ਮੇਰੇ ਚੀਕਦੇ ਨੇ
ਜਿਵੇਂ ਬਿਨਾਂ ਗਰੀਸ ਤੋਂ ਤੁਰੇ ਗੱਡਾ
ਚੱਪਣੀਆਂ ਹੇਠੋਂ ਚੁੱਭਦੀਆਂ ਵਾਂਗ ਕਿੱਲੀ
ਤੁਰਾਂ ਇੰਜ ਜਿਉਂ ਮੱਝ ਨੂੰ ਪਿਆ ਖੱਭਾ
-ਮਾੜਾ ਢੱਗਾ ਤੇ ਛੱਤੀ ਰੋਗ ਭਾਈ
ਪਿੰਜਣੀਆਂ ਮੇਰੀਆਂ ਵਿਚ ਕੜੱਲ ਪੈਂਦੇ
ਗਿੱਟੇ ਸੁੱਜ ਗਏ ਪੈਰਾਂ ‘ਤੇ ਮਾਸ ਚੜ੍ਹਿਆ
ਜੁੱਤੀ ਪਵੇ ਨਾ, ਚਸਕਦੇ ਨੇ ਰਹਿੰਦੇ
-ਉਂਗਲਾਂ ਪੈਰਾਂ ਦੀਆਂ ਹੇਠ ਨੂੰ ਮੁੜ ਚੱਲੀਆਂ
ਨਹੁੰ ਪੈਰਾਂ ਦੇ ਨੀਲੇ ਹੋਏ ਮੇਰੇ
ਅੱਡੀਆਂ ਧਰਤੀ ‘ਤੇ ਨਾ ਲੱਗਦੀਆਂ ਨੇ
ਪਾਤਲੀਆਂ ਹੇਠ ਲਾਲ ਜਿਹੇ ਪਏ ਘੇਰੇ
-ਕਦੇ ਗਰਮੀ ਤੇ ਕਦੇ ਠੰਢ ਲੱਗੇ
ਕਦੇ ਤਾਉਣੀ ਜਿਹੀ ਮੱਥੇ ‘ਤੇ ਆ ਜਾਵੇ
ਰਹਿੰਦੇ ਐਂਵੇਂ ਹੀ ਭੱਸ ਡਕਾਰ੍ਹ ਆਉਂਦੇ
ਕਦੇ ਕਾਂਬਾ ਵੀ ਕਰ ਛਿੜਕਾਅ ਜਾਵੇ
-ਚਿੱਤ ਘਾਂਊਂ ਮਾਂਊਂ ਹੁੰਦਾ ਰਹੇ ਮੇਰਾ
ਕਦੇ ਦਿਲ ਜਿਹਾ ਵੀ ਘਟਦਾ ਹੈ
ਕਦੇ ਮਨ ਨੂੰ ਬੜੀ ਘਬਰਾਹਟ ਹੁੰਦੀ
ਜਿਵੇਂ ਅੰਦਰ ਬਾਰੂਦ ਕੋਈ ਫ਼ਟਦਾ ਹੈ
-ਰਹੇ ਸਾਰੇ ਸਰੀਰ ‘ਤੇ ਖੁਰਕ ਹੁੰਦੀ
ਅੰਦਰੋਂ ਰੁੱਗ ਭਰ ਭਰ ਕੋਈ ਕੱਢਦਾ ਹੈ
ਨਿਕਲੇ ਕਾਲਜੇ ਦੇ ਵਿਚੋਂ ਲਾਟ ਮੇਰੇ
ਜਿਵੇਂ ਲੂੰਬਾ ਘੁਲਾੜ੍ਹੇ ਵਾਲਾ ਛੱਡਦਾ ਹੈ
-ਸੁਪਨੇ ਰਾਤ ਨੂੰ ਡਰਾਉਣੇ ਆਉਣ ਮੈਨੂੰ
ਨੀਂਦ ਊਂ ਵੀ ਵੱਧ ਘੱਟ ਆਂਵਦੀ ਏ
ਵਿਚ ਸੁਪਨੇ ਦੇ ਸੱਪ-ਠੂੰਹੇਂ ਰਹਿਣ ਦਿਸਦੇ
ਮੇਰੀ ਦੇਹ ਜਿਹੀ ਕਿਰਦੀ ਜਾਂਵਦੀ ਏ
-ਕਮਜ਼ੋਰੀ ਸਾਰੇ ਸਰੀਰ ਵਿਚ ਪਈ ਪਸਰੀ
ਮੈਨੂੰ ਲੱਗੇ ਖੂਨ ਮੇਰਾ ਬਣਦਾ ਨਹੀਂ
ਮੇਰੇ ਹੱਥ ਪੈਰ ਵੀ ਰਹਿਣ ਕੰਬਦੇ
ਸਰੀਰ ਸੂਰਮੇਂ ਵਾਂਗ ਹੁਣ ਤਣਦਾ ਨਹੀਂ
-ਨਿਗਾਹ ਘਟ ਗਈ ਅੱਖਾਂ ਮੂਹਰੇ ਨ੍ਹੇਰ ਆਵੇ
ਮੈਨੂੰ ਲੱਗੇ ਅੰਧਰਾਤਾ ਹੋ ਗਿਆ ਹੈ
ਜਾਂ ਕੁੱਕਰਿਆਂ ਦੀ ਹੋਊ ਸ਼ਕਾਇਤ ਮੈਨੂੰ
ਜਾਂ ਫਿਰ ਮੋਤੀਆ ਬਣ ਖੜੋ ਗਿਆ ਹੈ
-ਚੱਕਰ ਆਉਂਦੇ ਜੇ ਮੈਂ ਚਾਰ ਪੈਰ ਚੱਲਦਾ
ਤੁਰਦਾ ਬਲਦ-ਮੂਤਣੀਆਂ ਪਾਉਂਦਾ ਮੈਂ
ਹੱਥ ਕੰਧਾਂ ਨੂੰ ਪਾ-ਪਾ ਫਿਰਦਾ ਹਾਂ
ਹੁਣ ਤਾਂ ਮਰਿਆ ਤੇ ਨਾ ਜਿਉਂਦਾ ਮੈਂ
-ਬੋਲਣ ਲੱਗਿਆ ਫ਼ਕੀਰੀਆ ਹੋਰ ਅੱਗੇ
ਪਰ ਡਾਕਟਰ ਹੱਥ ਜੋੜ ਕੇ ਖੜ੍ਹ ਗਿਆ ਸੀ
ਕਹਿੰਦਾ ਮਰੀਜ਼ ਜੀ! ਬਖਸ਼ ਲਓ ਦਾਸਰੇ ਨੂੰ!!
ਉਹਦਾ ਦੰਦਾ ਗਰਾਰੀ ਵਾਲਾ ਅੜ ਗਿਆ ਸੀ
-ਐਨੀਆਂ ਦੁਆਈਆਂ ਤਾਂ ਮੇਰੇ ਪਾਸ ਹੈਨੀ
ਜਿੰਨੀਆਂ ਤੁਸੀਂ ਬਿਮਾਰੀਆਂ ਗਿਣ ਦਿੱਤੀਆਂ
ਤੁਸੀਂ ਦੱਸਣ ਲੱਗੇ ਨਹੀਂ ਸਾਹ ਲੈਂਦੇ
ਮੇਰੇ ਮੂਹਰੇ ਇੱਟਾਂ ਵਾਂਗ ਚਿਣ ਦਿੱਤੀਆਂ
-ਫ਼ਕੀਰੀਆ ਕਹਿੰਦਾ ਅਜੇ ਹੋਰ ਰਹਿੰਦੀਆਂ ਨੇ
ਅਜੇ ਤਾਂ ਪੀਲੀਏ ਬਾਰੇ ਵੀ ਦੱਸਣਾ ਸੀ
ਬਲੱਡ-ਪ੍ਰੈਸ਼ਰ ਵੀ ਕਰਦਾ ਤੰਗ ਮੈਨੂੰ
ਚੱਲ ਤੂੰ ਕਿਹੜਾ ਕਿਤੇ ਨੱਸਣਾ ਸੀ?
-ਬਲੱਡ ਘਟ ਜਾਂਦਾ ਕਦੇ ਵਧ ਜਾਂਦਾ
ਇਹਨੂੰ ਬੰਨ੍ਹਣ ਦਾ ਦੱਸੋ ਢੰਗ ਮੈਨੂੰ
ਕਦੇ ਹੱਥ ਪੈਰ ਮੇਰੇ ਸੌਂ ਜਾਂਦੇ
ਹੋ ਗਿਆ ਤਾਂ ਨਹੀਂ ਅਧਰੰਗ ਮੈਨੂੰ?
-ਡਾਕਟਰ ਭੱਜ ਲਿਆ, ਛੱਡ ਤੁਰੰਤ ਕੁਰਸੀ
ਤੂੰ ਤਾਂ ਨਿਰਾ ਬਿਮਾਰੀਆਂ ਦੀ ‘ਖਾਣ’ ਬਾਬਾ
ਮੈਨੂੰ ਡਰ ਬੱਸ ਇੱਕੋ ਹੀ ਖਾਈ ਜਾਵੇ
ਗਿਨੀਜ਼-ਬੁੱਕ ਵਾਲੇ ਨਾ ਚੱਕ ਲਿਜਾਣ ਬਾਬਾ
-ਨਾਂ ਕਰਨਗੇ ‘ਬੁੱਕ’ ਵਿਚ ਦਰਜ ਤੇਰਾ
ਤੈਨੂੰ ‘ਕੱਲੇ ਨੂੰ ਨੌਤੀ ਸੌ ਬਿਮਾਰੀਆਂ ਨੇ
‘ਜੱਗੀ’ ਕਰੂ ਗੱਲਾਂ ‘ਕੁੱਸੇ ਪਿੰਡ’ ਬਹਿਕੇ
ਫ਼ਕੀਰੀਏ ਸੂਰਮੇਂ ਮੱਲਾਂ ਜੋ ਮਾਰੀਆਂ ਨੇ

Published in: on ਜੁਲਾਈ 2, 2009 at 9:00 ਪੂਃ ਦੁਃ  ਟਿੱਪਣੀ ਕਰੋ  

ਇਹਨਾਂ ਨੂੰ ਲਲਕਾਰੋ ਨਾ

ਇਹਨਾਂ ਨੂੰ ਲਲਕਾਰੋ ਨਾ
ਇਹ ਹੱਸਦੇ ਈ ਭਲੇ ਨੇ
ਜੈਕਾਰੇ ਸੁਣਕੇ ਇਹਨਾਂ ਦੇ
ਤੂਫਾਨ ਕਈ ਟਲੇ ਨੇ
ਕਸ਼ਮੀਰੀ ਹਿੰਦੂਆਂ ਦੀ ਬੇਨਤੀ ਤੇ
ਇੱਕ ਕੌਮ ਹੋਂਦ ਵਿੱਚ ਆਈ ਸੀ
ਬੂਟਾ ਮਾਛੀਵਾੜੇ ਪੱਟ ਹੋਇਆ
ਇੱਕ ਕੌਮ ਨਾ ਫੇਰ ਥਿਆਈ ਸੀ
ਇਹਨਾਂ ਗੁੜृਤੀ ਮਿਲੀ ਹੈ ਅੰਮਰਿਤ ਦੀ
ਇਹ ਲੋਰੀ ਸੁਣਦੇ ਬਾਣੀ ਦੀ
ਜਿਹੜੀ ਭਲਾ ਸਰਬੱਤ ਦਾ ਮੰਗਦੀ ਹੈ
ਉਹ ਕੌਮ ਟਿੱਚ ਨਹੀਂ ਜਾਣੀਦੀ
ਨਾ ਸੋਚੋ ਕਿ ਇਹ ਥੱਕ ਗਏ
ਸਵਾ ਲੱਖ ਦੇ ਬਰਾਬਰ ਖੜ ਸਕਦੇ
ਦੇਖ ਖੰਡੇ ਤੇ ਸੁਨੈਹਰੀ ਝੂਲਦੇ ਨੂੰ
ਸੀਸ ਰੱਖ ਕੇ ਤਲੀ ਤੇ ਲੜ ਸਕਦੇ
ਇਹ ਪੱਥਰ ਮੂਰਤਾਂ ਪੂਜਦੇ ਨਾ
ਨਾ ਬਾਬਾ ਡੇਰਾ ਮਹੰਤ ਸਾਡਾ
ਨੰਗੇ ਪੈਰੀਂ ਹੱਥ ਆਪੇ ਜੁੜ ਜਾਂਦੇ
ਇੱਕੋ ਗੁਰੂ ਹੈ ਆਦਿ ਗਰੰਥ ਸਾਡਾ

Published in: on ਜੂਨ 23, 2009 at 9:32 ਪੂਃ ਦੁਃ  Comments (2)  

ਹੋਗੀ ਜੀਹਦਾ ਡਰ ਸੀ..

ਇਹ ਸੱਪਣੀ ਦੇ ਬੱਚੇ ਦੋ ਮੂੰਹ ਵਾਲੀਆਂ
ਬਾਰਾਂ ਬੋਰ ਦੀ ਬੰਦੂਕ ਦੀਆਂ ਦੋ ਨਾਲੀਆਂ
ਇਹਨਾਂ ਅੱਗੇ ਜੋਰ ਚਲਦਾ ਨੀ ਮਾਰੂ ਹਥਿਆਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ
ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

ਟੇਢੀ ਤੱਕਣੀ ਦੇ ਬਰਛੇ ਉਹ ਛੱਡੀ ਜਾਂਦੇ ਆ
ਕਸਰ ਸੁਰਮੇ ਦੇ ਨੇਜ਼ੇ ਰਹਿੰਦੀ ਕੱਢੀ ਜਾਂਦੇ ਆ
ਤਿੱਖੇ ਨੱਕ ਤੇ ਮਜਾਜ ਮੁੱਖ ਮੋੜੇ ਤਲਾਵਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ….

ਪਰਾਂਦਾ ਤੇਰਾ ਗੁੱਤ ਤੇ ਕਚੈਹਰੀ ਲਾਕੇ ਬਹਿ ਗਿਆ
ਸਰਪੰਚੀ ਗੋਰੇ ਮੁਖੜੇ ਦੀ ਕੋਕਾ ਤੇਰਾ ਲੈ ਗਿਆ
ਪੰਜ ਦਾਣਾ ਮਾਰੇ ਬੜਕਾਂ ਜਿਉਂ ਕਾਕਾ ਜੈਲਦਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ….

ਤਿੱਖੜ ਦੁਪੈਹਰੇ ਅੱਜ ਨਾਕਾ ਠੋਕਿਆ
ਤੀਂਆਂ ਵਿੱਚੋਂ ਮੁੜਦੀ ਨੇ ਮੇਰਾ ਰਾਹ ਰੋਕਿਆ
ਹੁਸਨ ਪੁਲਸ ਰੋਹਬ ਭੈੜਾ ਥਣੇਦਾਰਾਂ ਦਾ
ਨੈਣ ਸਮਝਾਏ ਨਾ ਤੂੰ ਹੋਗੀ ਜੀਹਦਾ ਡਰ ਸੀ
ਜੜਾਂ ਵਿੱਚੋਂ ਪੱਟ ਦਿੱਤਾ ਪੁੱਤ ਸਰਦਾਰਾਂ ਦਾ

Published in: on ਮਈ 19, 2009 at 7:21 ਪੂਃ ਦੁਃ  Comments (1)  

ਹਵਈ ਅੱਡਾ ਪਿੰਡ ਨੇੜੇ

ਮਾਰਨ ਤਾਹਨੇ ਜੁੱਤੀਆਂ ਘਸੀਆਂ
ਕਰਦੇ ਟਿੱਚਰਾਂ ਸ਼ਹਿਰ ਜੋ ਲਾਏ ਗੇੜੇ
ਮੇਰੇ ਉੰਗਲਾਂ ਤੇ ਯਾਦ ਸੀ ਰੂਟ ਬੱਸ ਦੇ
ਉਹਨਾਂ ਪੁੱਛੀਆਂ ਹਵਈ ਅੱਡਾ ਪਿੰਡ ਨੇੜੇ

ਹੁਣ ਅਸੀਂ ਘੱਟਾ ਢੋ ਰਹੇ ਆਂ
ਜਿੰਦਗੀ ਤਾਂ ਬਾਹਰਲੇ ਜਿਉਂਦੇ ਨੇ
ਅਸੀਂ ਮਣ ਕੁਐਂਟਲ ਪੜਿਆਂ ਨੂੰ
ਉਹ ਡਾਲਰਾਂ ਦੇ ਭਾਅ ਸਮਝਾਉਂਦੇ ਨੇ
ਉਹ ਸਫਲ ਜੋ ਵਿੱਚ ਵਲੈਤਾਂ ਦੇ
ਰਹਿ ਗੇ ਖੂਹ ਦੇ ਡੱਡੂ ਪਿੰਡ ਜਿਹੜੇ
ਮੇਰੇ ਉੰਗਲਾਂ ਤੇ ਯਾਦ ਸੀ….

ਚੜ ਕੇ ਜਹਾਜੇ ਤੂੰ ਵੀ ਜੰਗ ਜਿੱਤ ਲੈ
ਗੁੱਡੀਆਂ ਪਟੋਲੇ ਛੱਡ ਯਾਰ ਤੇ ਸਹੇਲੀਆਂ
ਸਿਰਨਾਂਵਾਂ ਤੈਨੂੰ ਜਚਣਾ ਨੀ ‘ਪਿੰਡ ਤੇ ਡਾਕਖਾਨਾ’
ਫਲੈਟਾਂ ਵਾਲੀ ਨਈਓਂ ਸਾਂਭ ਸਕਦੀ ਹਵੇਲੀਆਂ
ਤੰਗ ਦਿਲ ਤੰਗ ਗਲੀਆਂ ਨਾ ਬੂਹੇ ਘੰਟੀ ਲੱਗੀ
ਖੁੱਲੇ ਦਿਲ ਦਰਵਾਜ਼ੇ ਸਦਾ ਖੁੱਲੇ ਸਾਡੇ ਵੇਹੜੇ
ਮੇਰੇ ਉੰਗਲਾਂ ਤੇ ਯਾਦ ਸੀ….

ਤੈਨੂੰ ਨਈਟ ਸ਼ਿਫਟਾਂ ਚ ਕੱਢੀ ਜਾਗੋ ਯਾਦ ਆਊ
ਕਿਵੇਂ ਚੜਦੀ ਸੀ ਪੀਂਘ ਤੀਆਂ ਗਿੱਧਾ ਪੈਂਦਾ ਸੀ
ਸੌ ਉੱਤੇ ਵੀਹ ਭਾੜਾ ਚੰਡੀਗੜੋਂ ਲੱਗੇ
ਭਦੌੜ ਤੋਂ ਨੈਣੇਵਾਲ ਰਾਹ ਸਿੱਧਾ ਪੈਂਦਾ ਸੀ
ਸਮੁੰਦਰਾਂ ਤੋਂ ਪਾਰ ਰਾਹ ਜਿਹੜੇ ਤੁਰ ਨਈਓਂ ਹੋਣੇ
ਉੰਝ ਤੇਰੇ ਪਿੱਛੇ ਅਸੀਂ ਕਈ ਰਾਹ ਨੇ ਨਬੇੜੇ
ਮੇਰੇ ਉੰਗਲਾਂ ਤੇ ਯਾਦ ਸੀ ਰੂਟ ਬੱਸ ਦੇ
ਉਹਨਾਂ ਪੁੱਛੀਆਂ ਹਵਈ ਅੱਡਾ ਪਿੰਡ ਨੇੜੇ

Published in: on ਮਈ 13, 2009 at 11:36 ਪੂਃ ਦੁਃ  ਟਿੱਪਣੀ ਕਰੋ  

ਅੱਜ ਫੇਰ ਉਸ ਰਾਤ ਵਾਂਗੂੰ………….

ਨਿਚੋੜ ਕੇ ਚੁੰਨੀ ਫੇਰ ਉਸਨੇ ਵਾਲ ਝਟਕਾਏ ਸੀ
ਕਾਲੇ ਬੱਦਲ ਉਸਦੇ ਪਿੰਡ ਜਿਉਂ ਜੰਨ ਚ ਆਏ ਸੀ
ਓਹੀ ਘਟਾਵਾਂ ਮੇਰੇ ਪਿੰਡ ਦੀਆਂ ਵਿੜਕਾਂ ਲੈ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ ਕਣੀਆਂ ਪੈ ਰਹੀਆਂ

ਇੱਕ ਉਹ ਚਮਕ ਰਹੀ ਸੀ, ਜੁਗਨੂੰ ਜਿਉਂ ਵਿੱਚ ਸਬਾृਤ ਦੇ
ਦੂਜੀ ਬਿਜਲੀ ਲਿਸ਼ਕੇ, ਕਾਲੇ ਬੱਦਲ ਵਿੱਚ ਕਾਲੀ ਰਾਤ ਦੇ
ਤੇਸੇ ਵਾਂਗੂੰ ਸੀਤ ਹਵਾਵਾਂ ਹਿੱਕ ਨਾਲ ਖਹਿ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ………….

ਬੱਦਲ ਗਰਜਣ ਤੇ ਸਾਹ ਉਹਨੂੰ ਰੁਕ ਕੇ ਆਉਂਦਾ ਸੀ
ਬੱਸ ਅੱਡੇ ਦੀ ਛੱਤ, ਤੇ ਵਾਲਾਂ ਦੇ ਕੁੰਡਲਾਂ ਚੋਂ ਪਾਣੀ ਚੋਂਦਾ ਸੀ
ਪਰਨਾਲਿਆਂ ਦੀ ਅੌਕਾਤ ਦੇਖਣੀ,ਕੱਚੀਆਂ ਛੱਤਾਂ ਕਹਿ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ………….

ਕਿਸੇ ਵੱਡੇ ਸ਼ਹਿਰ ਦੀ ਲੱਗੀ,ਬਠਿੰਡੇ ਜਾਂ ਬਰਨਾਲੇ ਦੀ
ਘੁੱਟਵੀਂ ਜੀਨ ਤੰਗ ਝੱਗੀ,ਕੰਜ ਜਿਉਂ ਕੌਡੀਆਂ ਵਾਲੇ ਦੀ
ਮੋੜੀਆਂ ਮੇਰੇ ਪਜਾਮੇ ਦੀਆਂ ਮੂਹਰੀਆਂ,ਮੈਨੂੰ ਪੇਂਡੂ ਕਹਿ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ………….

ਸੂਟ ਬੂਟ ਨੇ ਕਾਲੇ ਰੰਗ ਦੀ ਕਾਰ ਚ ਬਿਠਾ ਲਈ
ਲਾਹ ਕੇ ਸਟੈਂਡ ‘ਹੀਰੋ ਜੈੱਟ’ ਦੀ ਮੈਂ ਵੀ ਚੈਣ ਚੜਾ ਲਈ
ਪਸ਼ੂ ਵੇਹਲੜਾ ਅੰਦਰ ਕਰਦੇ,ਘਰਦੀਆਂ ਬੁੜੀਆਂ ਕਹਿ ਰਹੀਆਂ
ਅੱਜ ਫੇਰ ਉਸ ਰਾਤ ਵਾਂਗੂੰ ਕਣੀਆਂ ਪੈ ਰਹੀਆਂ

Published in: on ਮਈ 4, 2009 at 6:48 ਪੂਃ ਦੁਃ  Comments (3)  

ਅਰਦਾਸ

ਖ਼ੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ,
ਸਾਡੇ ਬੁੱਲ੍ਹਾਂ ਨੂੰ ਦੰਦਾਸਿਆਂ ਦੀ ਲੋੜ ਨਾ ਰਹੇ ।
ਬਾਜ਼ੂਆਂ ‘ਚ ਦੇਵੀਂ ਸਾਡੇ ਸ਼ਕਤੀ ਅਜਿਹੀ,
ਸਾਡੇ ਹੱਥਾਂ ਨੂੰ ਗੰਡਾਸਿਆਂ ਦੀ ਹੋੜ ਨਾ ਰਹੇ ।

ਕਦਮਾਂ ਅਸਾਡਿਆਂ ਨੂੰ ਅੱਗੇ ਟਿਕੀ ਜਾਣ ਦੇ ।
ਮਨ ਦੀ ਕਿਤਾਬ ‘ਚੋਂ ਪਿਆਰ ਦਿਸੀ ਜਾਣ ਦੇ ।
ਦੇਵੀਂ ਤੂੰ ਜ਼ਬਾਨ ‘ਚ ਪੰਜਾਬੀ ਦੀ ਮਿਠਾਸ ਸਾਨੂੰ,
ਮਿਸਰੀ, ਪਤਾਸਿਆਂ ਦੀ ਲੋੜ ਨਾ ਰਹੇ ।
ਖੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ……

 ਨੈਣਾਂ ਨਾਲ ਅੰਬਰੋਂ ਸਿਤਾਰੇ ਚੁਣੀ ਜਾਣ ਦੇ ।
ਕੰਨਾਂ ਨਾਲ ਹਵਾ ‘ਚੋਂ ਨਗਾਰੇ ਸੁਣੀ ਜਾਣ ਦੇ ।
ਡਾਕ ਵਿਚ ਪਾਉਣ ਲਈ ਪਿਆਰਿਆਂ ਨੂੰ ਖ਼ਤ ਸਾਨੂੰ,
ਟਿਕਟੀ-ਲਫ਼ਾਫਿ਼ਆਂ ਦੀ ਲੋੜ ਨਾ ਰਹੇ ।
ਖ਼ੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ….

ਹਿਰਦੇ ਨੂੰ ਪ੍ਰੇਮ ਦੇ ਲਈ ਬਜਾ ਬਣ ਜਾਣ ਦੇ ।
ਜਿੰਦਗੀ ਦੇ ਨੇਮ ਤੇਰੀ ਰਜ਼ਾ ਬਣ ਜਾਣ ਦੇ ।
ਸੋਚ ਨੂੰ ਬਣਾ ਦੇਹ ਐਸੀ ਪੱਥਰ ‘ਤੇ ਲੀਕ ਸਾਨੂੰ,
ਝੂਠਿਆਂ ਕਿਆਫਿ਼ਆਂ ਦੀ ਲੋੜ ਨਾ ਰਹੇ ।
ਖੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ……

ਹੱਥਾਂ ਨੂੰ ਹਮੇਸ਼ਾਂ ਇਹੀ ਕਾਰ ਕਰੀ ਜਾਣ ਦੇ ।
ਵੰਡ ਕੇ ਗਿਆਨ ਦੇ ਭੰਡਾਰ ਭਰੀ ਜਾਣ ਦੇ ।
ਰੋਮ ਰੋਮ ਵੱਲੋਂ ਤੇਰਾ ਸ਼ੁਕਰਗੁਜ਼ਾਰ ਸੰਧੂ,
ਪਾਪਾਂ ਦੇ ਇਜ਼ਾਫਿ਼ਆਂ ਦੀ ਲੋੜ ਨਾ ਰਹੇ ।
ਖੂਨ ਵਿਚ ਰੱਬਾ ਲਾਲੀ ਬਖ਼ਸ਼ੀਂ ਅਜਿਹੀ……
ਸਾਡੇ ਬੁੱਲ੍ਹਾਂ ਨੂੰ ਦੰਦਾਸਿਆਂ ਦੀ ਲੋੜ ਨਾ ਰਹੇ ।

Published in: on ਅਪ੍ਰੈਲ 27, 2009 at 5:10 ਪੂਃ ਦੁਃ  Comments (4)  

ਅੱਜ ਦਿਆ ਗੀਤਕਾਰਾ..

ਅੱਜ ਦਿਆ ਗੀਤਕਾਰਾ ਗੀਤ ਜੇ ਲਿਖਣ ਲੱਗੇ
ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ।
ਉੱਚੀਆਂ ਪਹਾੜੀਆਂ ਦੀ ਟੀਸੀ ਨੂੰ ਖ਼ਿਆਲ ਛੋਹੇ,
ਨਦੀਆਂ ਦੇ ਵਾਂਗ ਹੋਵੇ ਚਾਲ ਵੇ ।
ਨੰਗਾ ਨਾ ਸ਼ਬਦ ਹੋਵੇ ਹੋਛਾ ਨਾ ਖ਼ਿਆਲ ਹੋਵੇ,
ਹੋਵੇ ਨਾ ਕੋਈ ਕਾਵਾਂ ਰੌਲੀ ਪਾਈ ਵੇ ।
ਕਿਰਤੀ ਦੇ ਗੀਤਾਂ ਵਿੱਚੋ ਮੁੜ੍ਹਕੇ ਦੀ ਮਹਿਕ ਆਵੇ,
ਹੋਵੇ ਕਿਰਸਾਣ ਦੀ ਕਮਾਈ ਵੇ ।
ਗੀਤ ਹੋਵੇ ਸਿਆਣੇ ਜਿਹੇ ਬਾਪੂ ਦੀਆਂ ਸੁਖ਼ਨਾਂ ਦਾ,
ਜਿਸ ਦੀ ਪ੍ਰੀਤ ਸੱਚ ਨਾਲ ਵੇ ।
ਅੱਜ ਦਿਆ ਗੀਤਕਾਰਾ…….

ਸੁਣ ਲੈ ਲਿਖਾਰੀਆ ਤੂੰ, ਗੀਤ ਲਿਖੀ ਯੋਧਿਆਂ ਦਾ,
ਲਿਖੀ ਜਾਵੀ ਦੇਸ਼ ਕੌਮੀ ਪਿਆਰ ਵੇ ।
ਗੀਤ ਲਿਖੀ ਭੈਣਾਂ ਅਤੇ, ਭਾਈਆਂ ਦੀ ਉਮੰਗ ਵਾਲੇ,
ਰੱਖੜੀ ਦਾ ਹੋਵੇ ਜਾਂ ਤਿਉਹਾਰ ਵੇ ।
ਛਾਪਾਂ ਛੱਲੇ ਗੀਤਾਂ ਵਿੱਚ, ਲਿਖਦੇ ਲਿਖਾਰੀਆ ਤੂੰ,
ਸੱਭਿਅਤਾ ਦਾ ਭੁੱਲ ਕੇ ਖ਼ਿਆਲ ਵੇ ।
ਅੱਜ ਦਿਆ ਗੀਤਕਾਰਾ…….
.
ਹੁਸਨ ਜਵਾਨੀ ਅਤੇ, ਤੀਜਾ ਦੌਰ ਗਹਿਣਿਆਂ ਦਾ,
ਚੌਥੇ ਸੁਹਣੇ ਨੈਣਾਂ ਨੂੰ ਨਿਹਾਰਦੇ ।
ਪੰਜਵੇ ‘ਚ ਪਹੁੰਚਦਾ ਨਈ, ਚੌਹਾਂ ‘ਚ ਉਲਝ ਜਾਨ,
ਐਵੇ ਰੋਜ਼ ਗੰਦਗੀ ਹੁੰਘਾਲਦੇ ।
ਪੰਜ ਭੂਤ, ਪੰਜੇ ਤੱਤ, ਪੰਜ ਪੀਰ, ਪੰਜੇ ਵੈਰੀ,
ਸੱਤੀ ਵੀਹੀ ਕੂੜ ਨਾ ਉਛਾਲ ਵੇ ।
ਅੱਜ ਦਿਆ ਗੀਤਕਾਰਾ……..

ਗੀਤ ਲਿਖੀ ਫ਼ਸਲਾਂ ਦਾ, ਹਾੜੀ ਅਤੇ ਸੌਣੀਆਂ ਦਾ,
ਦਿਨਾਂ ਤੇ ਮਹੀਨਿਆਂ ਤੇ ਸਾਲ ਦਾ ।
ਗੀਤ ਲਿਖੀ ਮਿਲਣੀ ਵਿਛੋੜਿਆਂ ਦਾ ਲਿਖੀ ਭਾਵੇ,
ਹੋਵੇ ਸੁੱਚੇ ਮੋਤੀਆਂ ਦੇ ਨਾਲ ਦਾ ।
ਨੰਗਾ ਕਰ ਗੀਤਾਂ ਵਿੱਚ, ਚੋਰ ਤੇ ਉਚੱਕਿਆਂ ਨੂੰ
ਹੱਥ ਫੜ ਸ਼ਬਦਾਂ ਦੀ ਢਾਲ ਵੇ
ਅੱਜ ਦਿਆ ਗੀਤਕਾਰਾ ਗੀਤ ਜੇ ਲਿਖਣ ਲੱਗੇ
ਲਿਖੀ ਤੂੰ ਮਨੁੱਖਤਾ ਦਾ ਹਾਲ ਵੇ ।
ਰਚਨਾ- ਸਰਦਾਰ ਮਲਕੀਤ ਸਿੰਘ ਸੰਧੂ (ਪੀ ਟੀ ਆਈ ਮਾਸਟਰ, ਸ.ਸੈ.ਸ.ਨੈਣੇਵਾਲ)

Published in: on ਅਪ੍ਰੈਲ 20, 2009 at 8:48 ਪੂਃ ਦੁਃ  ਟਿੱਪਣੀ ਕਰੋ  

ਇਸ਼ਕ ਮਜ਼ਾਜੀ

ਅਸਲੋਂ ਹੀ ਸੁੱਚੀ ਤੇ ਸੱਚੀ ਸਾਡੀ ਯਾਰੀ
ਪਲ ਵਿੱਚ ਤੇਰੇ ਲਈ ਬਨੌਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਵੇਚ ਕੇ ਨੀ ਹਾृੜੀ ਨਵੀਂ ਪੱਗ ਮੈਂ ਲਿਆਂਦੀ
ਓਸ ਰੰਗ ਦੀ ਨਾ ਗੁੱਤ ਕਦੇ ਗੁੰਦੀ ਤੂੰ ਪਰਾਂਦੀ
ਹੁਨ ਨਿੱਤ ਨਵੇਂ ਰੰਗ ਦੀ ਚੁੰਨੀ ਤੂੰ ਰੰਗਾਵੇਂ
ਤੇਰੇ ਸਦਕੇ ਲਲਾਰੀ ਦੀ ਵੀ ਰੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਕਿਸੇ ਪृੜੇ ਲੇਖੇ ਕੋਲੋਂ ਅਸੀਂ ਖਤ ਜਾ ਲਿਖਾਇਆ
ਟੂਸ਼ਨ ਦੇ ਰਾਹ ਵਿੱਚ ਜਾਂਦੀ ਨੂੰ ਫੜਾਇਆ
ਸਫਿਆਂ ਤੋਂ ਵੱਧ ਜਿਹੜੀ ਹੁਣ ਖਤਾਂ ਨੂੰ ਸੰਭਾਲੇ
ਐਮ ਬੀ ਡੀ ਅੰਗਰੇਜੀ  ਗੈਡ  ਮੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

ਵੱਡੇ ਜ਼ੇਰੇ ਵਾਲੀਆਂ ਦੇ ਕੰਮ ਤੋੜ ਕੇ ਨਿਬਾਉਣਾ
ਖਰੇ ਸਿਓਣੇ ਜਿਹਾ ਸੱਚਾ ਇਸ਼ਕ ਕਮਾਉਣਾ
ਤੂੰ ਕਿਸੇ ਭਲ ਪਿੱਛੇ ਲਾਈ ਤਾਂ ਹੀਂ ਖੋਟੀ ਹੋ ਗਈ
ਕਿਸੇ ਮਣਕਾ ਕਰਾ ਛੱਲਾ ਚੀਚੀ ਵਿੱਚ ਪਾਇਆ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ
ਗਾਨੀ ਅੱਜ ਫੇਰ ਤੇਰੀ ਛੋਟੀ ਹੋ ਗਈ

Published in: on ਅਪ੍ਰੈਲ 15, 2009 at 10:03 ਪੂਃ ਦੁਃ  Comments (1)  

ਭੂਰੇ ਨਾਲ ਬੁਰੀ ਹੋਈ

ਭੂਰਾ-ਪਿੰਡੋਂ ਪੰਜਾਹ ਕਿੱਲੋਮੀਟਰ ਚੰਡੀृਗੜ ਐ
ਚੰਡੀृਗੜ ਦੇ ਨਾਲ ਆ ਸ਼ਿਮਲਾ
ਓਥੇ ਹਲੀਮੂਨ ਮਨਾਂਵਾਂਗੇ
ਤੂੰ ਕਿਉਂ ਘਬਰਾਉਂਦੀ ਬਿਮਲਾ
ਬਿਮਲਾ-ਨੈਣੇਵਾਲ ਚ ਸ਼ਹਿਰਾਂ ਵਾਂਗੂ ਹੈ ਨੀ
ਹੋਟਲ ਜੇ
ਆਹ ਜਵਾਕ ਆਪਣੇ ਮਗਰ ਕਿਉਂ ਲੱਗੇ ਆ
ਨਲੀ ਚੋਚਲ ਜੇ
ਭੂਰਾ-ਬਾਪੂ ਮੈਂ ਵਿਆਹ ਇਹਦੇ ਨਾਲ ਈ ਕਰਾਉਣਾ
 ਈਹ ਗੱਲ ਮਿੱਥ ਲੀ
ਚਟਨੀ ਕੁੱਟਦੀ ਬੇਬੇ ਨੇ ਘੋਟਨਾ ਚੱਕ ਲਿਆ
 ਬਾਪੂ ਨੇ ਡਾਂਗ ਖਿੱਚ ਲੀ
ਮੈਂ ਇਹਨੂੰ ਲਵ ਕਰਦਾਂ ਬਾਪੂ
ਮੈਨੂੰ ਪੂਰੀ ਗੱਲ ਤਾਂ ਦੱਸ ਲੈਣ ਦੇ
ਭੂਰਾ ਅਮਰੂਦਾਂ ਆਲੀ ਰੇਹੜੀ ਵਾਂਗੂੰ ਸਿੱਟ ਲਿਆ
ਦੇਹ ਜਿੱਥੇ ਪੈਂਦੀ ਆ ਪੈਣ ਦੇ..

Published in: on ਅਪ੍ਰੈਲ 6, 2009 at 7:30 ਪੂਃ ਦੁਃ  Comments (2)  

ਕੁਝ ਸਤਰਾਂ

ਪੋਹ ਦੀਆਂ ਰਾਤਾਂ ਕੱਟਦੇ ਨਾ
ਢਿੱਲੇ ਮੰਜੇ ਚੂਲਾਂ ਦੇ
ਕੱਚੀ ਉਮਰ ਉਲਾਂਭੇ ਆਉਂਦੇ ਨੇ
ਮੂੰਹ ਤਿੱਖੇ ਜੰਮਦੀਆਂ ਸੂਲਾਂ ਦੇ
ੱੱੱੱੱੱੱੱੱੱੱੱੱੱ
ਜਾਂ ਇਸ਼ਕੇ ਵਿੱਚ ਗੋਤੇ ਲਾਵੇ
ਗੁृੜਤੀ ਝਨਾ ਦੇ ਪਾਣੀ ਦੀ
ਜਾਂ ਵੈਲੀ ਬਣਕੇ ਵੈਰ ਕਮਾਵੇ
ਅੰਨੀ ਉਮਰ ਜਵਾਨੀ ਦੀ
ੱੱੱੱੱੱੱੱੱੱੱੱੱੱ
ਸੱਤ ਬੂਰੀਆਂ ਚੋਣ ਵਾਲੀਏ
ਪਾ ਕਿੱਕਲੀ ਪੱਬਾਂ ਤੇ ਘੁੰਮ ਕੇ
ਮਾਰ ਹੁਲਾਰਾ ਇਓਂ ਪੀਂਘ ਨੂੰ
ਉੱਡੀ ਆ ਪਿੱਪਲ ਦੇ ਪੱਤ ਚੁੰਮ ਕੇ
ੱੱੱੱੱੱੱੱੱੱੱੱੱੱੱੱ
ਖੈਰਾਂ ਪਾਉਂਦੀ ਬੁੱृਲ ਜੇ ਟੁੱਕਦੀ ਨਾ
ਨਾ ਕਿੱਤਾ ਜੋਗ ਬਦਨਾਮ ਹੁੰਦਾ
ਜਾ ਟਿੱਬੇ ਅਲਖ ਜਗਾਉਂਦੇ ਨਾ
ਟਿੱਲਾ ਪਿੰਡ ਵਿਚਕਾਰ ਸ਼ਰੇਆਮ ਹੁੰਦਾ
ੱੱੱੱੱੱੱੱੱੱੱੱੱੱੱੱ
 ਨਾਂਹ ਵਿੱਚ ਹਿੱਲ ਗਿਆ ਵਾਕਫ ਹੱਥ
ਚੀਚੀ ਵਿੱਚ ਛੱਲਾ ਹੋਰ ਲੱਗਦਾ
ਅੱਜ ਫੇਰ ਇਸ਼ਕ ਦਾ ਹੁਸਨਾਂ ਤੇ
ਨਹੀਂ ਚੱਲਿਆ ਉੱਕਾ ਹੀ ਜੋਰ ਲੱਗਦਾ

Published in: on ਅਪ੍ਰੈਲ 6, 2009 at 7:26 ਪੂਃ ਦੁਃ  Comments (1)  

ਮੇਰੀ ਰੂਹ ਨੂੰ ਇੱਕ ਵਾਰ ਓਸ ਪਿੰਡ

ਜੀ ਟੀ ਰੋਡ ਤੋਂ ਸਿੱਧਾ ਕਬਰਾਂ ਨੂੰ ਇੱਕ
ਰਾਹ ਆਉਣ ਦੇਓ..
ਜਿਉਂਦੀ ਲਾਸ਼ ਤੇ ਪਾਬੰਦੀਆਂ ਲੱਖ ਲੱਗੀਆਂ
ਮੇਰੀ ਰੂਹ ਨੂੰ ਇੱਕ ਵਾਰ ਓਸ ਪਿੰਡ
ਜਾ ਆਉਣ ਦੇਓ….
ਜੀ ਟੀ ਰੋਡ ਤੋਂ ਸਿੱਧਾ ਕਬਰਾਂ ਨੂੰ ਇੱਕ
ਰਾਹ ਆਉਣ ਦੇਓ..

ਅਸੀਂ ਫਿਰਨੀ ਤੋਂ ਹੀ ਮੁੜਦੇ ਰਹੇ
ਨਾ ਗਲੀ ਸੱਜਣ ਦੀ ਲੰਘ ਹੋਈ
ਨਾ ਡਰ ਸੀ ਸ਼ਿਕਾਰੀ ਕੁੱਤਿਆਂ ਦਾ
ਜੇ ਗਲੀ ਅੱਗੇ ਜਾ ਬੰਦ ਹੋਈ
ਲਾਹ ਸੰਗਲ ਭਰਿੰਡਾਂ ਖਾਣਿਆਂ ਦੇ
ਅੱਜ ਰਗਾਂ ਆਸ਼ਿਕ ਦੀਆਂ ਇਹਨਾਂ ਨੂੰ
ਖਾ ਆਉਣ ਦੇਓ….
ਜੀ ਟੀ ਰੋਡ ਤੋਂ ਸਿੱਧਾ ਕਬਰਾਂ ਨੂੰ ਇੱਕ
ਰਾਹ ਆਉਣ ਦੇਓ..

ਜਿੱਥੇ ਹੁਣ ਸੜਕਾਂ ਬਣੀਆਂ ਨੇ
ਉਹ ਵੇਲਿਆਂ ਰਾਹ ਇਹ
ਕੱਚੇ ਸੀ
ਜਿੱਥੇ ਠੇਕਾ ਓਥੇ ਪਿੱਪਲ ਸੀ
ਸਾਨੂੰ ਦੇਖ ਕੇ ਸੱਜਣ
ਹੱਸੇ ਸੀ
ਮੇਰੀ ਕਬਰ ਤੇ ਸੌ ਦਾ ਨੋਟ ਰੱਖੋ
ਪਿੱਪਲ ਦੀ ਥਾਂ ਤੇ ਠੇਕੇ ਤੇ
ਚृੜਾ ਆਉਣ ਦੇਓ…..
ਜੀ ਟੀ ਰੋਡ ਤੋਂ ਸਿੱਧਾ ਕਬਰਾਂ ਨੂੰ ਇੱਕ
ਰਾਹ ਆਉਣ ਦੇਓ..

ਜਦ ਲੁਕਣ ਮਿਚਾਈਆਂ ਖੇਡਦੇ ਸੀ
ਨਾ ਸੋਹਣੇ ਕਦੇ ਥਿਆਉਂਦੇ ਸੀ
ਉਹਨਾਂ ਦੀ ਖੁਸ਼ੀ ਦਾ ਸਦਕਾ ਹੀ
ਅਸੀਂ ਮਿੱਤ ਪੁਗਾਕੇ ਆਉਂਦੇ ਸੀ
ਖਬਰੈ ਮੈਨੂੰ ਹੁਣ ਲੱਭ ਜਾਵੇ
ਇੱਕ ਵਾਰੀ ਹੱਥ ਦਾਈ ਨੂੰ
ਲਾ ਆਉਣ ਦੇਓ…..
ਜੀ ਟੀ ਰੋਡ ਤੋਂ ਸਿੱਧਾ ਕਬਰਾਂ ਨੂੰ ਇੱਕ
ਰਾਹ ਆਉਣ ਦੇਓ..
ਮੇਰੀ ਰੂਹ ਨੂੰ ਇੱਕ ਵਾਰ ਓਸ ਪਿੰਡ
ਜਾ ਆਉਣ ਦੇਓ….

Published in: on ਫਰਵਰੀ 27, 2009 at 6:52 ਪੂਃ ਦੁਃ  ਟਿੱਪਣੀ ਕਰੋ  

ਬਾਹਰਲੇ ਕਾਗਜ਼

ਮੁਲਕ ਵਲੈਤੀਂ ਸੋਹਣੇ ਸੁਣੀਦੇ
ਹੁਸਨ ਇਸ਼ਕ ਦੇ ਅੱਡੇ
ਮਾਹੀ ਠੰਡੇ ਦੇਸ਼ੀਂ ਉਠਗੇ
ਸੁੰਨੇ ਕਲੀਰੇ ਛੱਡੇ
ਪਾਕੇ ਕੋਠੀਆਂ ਜਿੰਦੇ ਲਾਗੇ
ਸ਼ਾਹੂਕਾਰ ਵਪਾਰੀ ਵੱਡੇ
ਵਾਹਣ ਰੇਤਲੇ ਪੱਧਰ ਕੀਤੇ
ਲਾ ਟਿੱਬਿਆਂ ਵਿੱਚ ਖੱਡੇ
ਚਿੱਤ ਲੱਗ ਗਿਆ ਉਹਦੇ ਨਾਲ
ਜੀਹਦੇ ਪਿੰਡ ਚ ਚਲਦੇ ਗੱਡੇ…….

ਫਿਰਦਾ ਵੇਹਲਾ ਕੌਲੇ ਕੱਛਦਾ
ਸ਼ਰੀਕਾਂ ਦੇ ਤਾਹਨੇ ਜਰ ਗਿਆ ਹੋਊ
ਪृੜ ਲਿਖ ਡਿਗਰੀਆਂ ਖੂਹ ਖਾਤੇ
ਬਾਪੂ ਦੀ ਘੂਰ ਤੋਂ ਡਰ ਗਿਆ ਹੋਊ
ਬਨਾ ਲਿਮਟ ਪੰਜ ਕਿੱਲੇ ਝੋਨੇ ਦੀ
ਸਹਿਕਾਰੀ ਬੈਂਕ ਤੋਂ ਫृੜ ਗਿਆ ਹੋਊ
ਲੰਬੀ ਲੈਨ ਅੰਬੈਸੀ ਮੂਹਰੇ ਹੈ
ਕੋਈ ਜਾਕੇ ਫਾਡੀ ਖृੜ ਗਿਆ ਹੋਊ
ਚੀਕਾਂ ਮਾਰਦਾ ਹਵਾਈ ਪਿੰਡ ਉੱਤੋਂ ਲੰਘਿਆ
ਕੋਇ ਬਾਹਰਲੇ ਕਾਗਜ਼ ਭਰ ਗਿਆ ਹੋਊ

Published in: on ਫਰਵਰੀ 13, 2009 at 8:55 ਪੂਃ ਦੁਃ  ਟਿੱਪਣੀ ਕਰੋ  

ਸਿਵਿਆਂ ਦਾ ਧੂੰਆਂ

ਨਹਿਰੋਂ ਪਾਰ ਇੱਕ ਦੀਵਾ ਬਲੇ
ਵਿੱਚੋਂ ਧੂੰਆਂ ਪਰਗਟ ਹੋਵੇ
ਚੱਲੋ ਨੀ ਸਖੀਓ ਦੇਖਣ ਚੱਲੀਏ
ਕੋਈ ਆਸ਼ਿਕ ਨਾ ਸੜਦਾ ਹੋਵੇ

ਧੂੰਆਂ ਗੋਰਾ ਬੱਦਲ ਕਾਲੇ
ਚृੜ ਸਿਵਿਆਂ ਦੀ ਕਿੱਕਰ ਨੱਚੇ
ਫਕੀਰ ਆਸ਼ੀਕ ਜਾਂ ਜੋਗੀ ਹੋਊ
ਜੋ ਕਣੀਆਂ ਵਿੱਚ ਵੀ ਮੱਚੇ

ਚੰਮ ਸਲਾृਬਾ ਗਿੱਲਾ ਬਾਲਣ
ਉੱਤੋਂ ਪੁਰਾ ਹਵਾ ਦਾ ਵਗਦਾ
ਸਾਰੇ ਪਿੰਡ ਚ ਸੁਗੰਧ ਫੈਲ ਗੀ
ਜਿਉਂ ਸਾਗ ਨੂੰ ਤੜਕਾ ਲੱਗਦਾ

ਕੋਈ ਪੱਟਿਆ ਸਾਡੇ ਵਰਗੀ ਦਾ
ਅੱਜ ਦੁਨੀਆ ਸੁੰਨੀ ਕਰ ਗਿਆ ਨੀ
ਰੰਨ ਗਾਊ ਕਲੀਆਂ ਹੀਰ ਦੀਆਂ
ਜਿਹੜੀ ਵਿੱਚ ਪਰੇਤ ਬਣ ਵੜ ਗਿਆ ਨੀ

Published in: on ਫਰਵਰੀ 5, 2009 at 7:04 ਪੂਃ ਦੁਃ  Comments (1)  

ਸੰਦੂਕ ਬਣ ਜਾਂ..

ਰਜਾਈ ਵਿੱਚ ਪਈ ਨੂੰ ਆਵੇ ਮੇਰਾ ਸੁਪਨਾ
ਓਹੀ ਸੁਪਨੇ ਦੀ ਨੀਂਦ ਘੂਕ ਬਣ ਜਾਂ
ਖੇਸ ਕੰਬਲਾਂ ਦੇ ਵਾੰਗੂ ਸਾਂਭ ਲਵਾਂ ਦੁੱਖ ਉਹਦੇ
ਦਾਜ ਵਾਲਾ ਟਾਹਲੀ ਦਾ ਸੰਦੂਕ ਬਣ ਜਾਂ

ਸੀ ਵੀ ਨਾ ਆਖਾਂ ਗੁੱਸਾ ਜਰਾਂ ਹੱਸ ਕੇ
ਉਹ ਨਗੰਦੀ ਜਏ ਗਦੈਲੇ ਮੈਂ ਕਪਾਹ ਬਣ ਜਾਂ
ਸ਼ੁਰੂ ਉਹਦੇ ਤੋਂ ਹੋਕੇ ਉਹਦੇ ਤੇ ਹੀ ਮੁੱਕ ਜਾਂ
ਪਿੰਡ ਵਾਲੀ ਫਿਰਨੀ ਦਾ ਰਾਹ ਬਣ ਜਾਂ

ਲਵੇ ਕੱਚੀ ਅੰਗੜਾਈ ਕੋਈ ਨਾੜ ਚृੜ ਜੇ
ਜਿਹੜੀ ਮਿੱਠੀ ਜੇਈ ਹੁੰਦੀ ਆ ਉਹੋ ਚੀਸ ਬਣ ਜਾਂ
ਲੰਮੀ ਹਰ ਆਸ਼ਿਕ ਦੀ ਉਹਨੂੰ ਲੱਗ ਜੇ ਉਮਰ
ਦਿੱਤੀ ਹੋਈ ਬਜੁਰਗਾਂ ਦੀ ਅਸੀਸ ਬਣ ਜਾਂ

ਮੈਂ ਵਿੱਚ ਉਹ, ਤੇ ਉਹ ਵਿੱਚ ਮੈਂ ਹੋਜੇ
ਜੰਮੇ ਉਹ ਨੈਣੇਵਾਲ, ਮੈਂ ਮਸ਼ੂਕ ਬਨ ਜਾਂ
ਖੇਸ ਕੰਬਲਾਂ ਦੇ ਵਾੰਗੂ ਸਾਂਭ ਲਵਾਂ ਦੁੱਖ ਉਹਦੇ
ਦਾਜ ਵਾਲਾ ਟਾਹਲੀ ਦਾ ਸੰਦੂਕ ਬਣ ਜਾਂ.

Published in: on ਫਰਵਰੀ 3, 2009 at 7:13 ਪੂਃ ਦੁਃ  Comments (1)  

ਕੌੜਾ ਸੱਚ

ਦੋ ਖੇਤਾਂ ਦੇ ਗਵਾਂਢੀ ਮੁੰਡਿਆਂ ਦੀ ਵਾਰਤਾਲਾਪ-

ਦੁਨੀਆਂ ਵਿਸਕੀ ਪੀਂਦੀ ਏ
ਪੀਂਦੀ ਵਿੱਚ ਕਲੱਬਾਂ ਜਾ ਕੇ
ਲੋਕੀਂ ਖੁਸ਼ੀ ਮਨਾਉਂਦੇ ਨੇ
ਡਾਲਰ ਪੌਂਡ ਕਈ ਨੋਟ ਉਡਾਕੇ,
ਸਾਨੂੰ ਪਿੰਡ ਕਨੇਡਾ ਉਏ…….
ਸਾਨੂੰ ਪਿੰਡ ਕਨੇਡਾ ਉਏ
ਤੀਹ ਬਾਈ ਤੇਰਾ ਲਿਆਊ
ਪੰਜਾਹ ਮੰਗ ਲੈ ਬਾਪੂ ਤੋਂ
ਅੱਸੀਆਂ ਦੀ ਸੰਤਰਾ ਆਊ

ਕੁੜੀ ਵਾਲੇ ਦੇਖਣ ਆਏ ਮੁੜ ਗੇ
ਹੋਰ ਕੋਈ ਕਿਸਮਤ ਨੀ ਸੀ ਉੱਜੜੀ
ਬਣਾਇਆ ਜੋ ਪਿਛਲੀ ਵਿਸਾਖੀ ਤੇ
ਪਜਾਮੇ ਦੀ ਸੀ ਮੂਹਰੀ ਉੱਧੜੀ

ਸ਼ਾਹੂਕਾਰ ਬੈਂਕਾਂ ਭਰਦੇ ਨੇ
ਜਮਾਂ ਹੁੰਦੇ ਨੋਟਾਂ ਦੇ ਝੋਲੇ
ਸਾਡਾ ਬੱਚਤ ਖਾਤਾ ਇੱਕੋ
ਸ਼ਹਿਰ ਵਾਲੇ ਆृੜਤੀਏ ਕੋਲੇ

ਤੂੰ ਸੋਚ ਕੇ ਰੱਖ ਤਦ ਤਾਂਈਂ
ਮੈਂ ਆਇਆ ਮੋੜ ਕੇ ਨੱਕਾ
ਸੋਹਣੀ ਉਮਰ ਬੜੀ ਸੁਣਿਆ
ਕਿਉ ਜਵਾਨੀ ਕਰ ਗਈ ਧੱਕਾ

Published in: on ਜਨਵਰੀ 23, 2009 at 5:10 ਪੂਃ ਦੁਃ  ਟਿੱਪਣੀ ਕਰੋ  

ਰਿਸ਼ਤਾ

ਜਿਉਣ ਜੋਗੀ ਦਾ ਅੱਜ ਤੜਕਿਓਂ ਈ ਮੂੰਹ ਹੰਨੇਰੇ ਫੂਨ ਵੱਜ ਪਿਆ
-“ਮੇਰੀ ਵੱਡੀ ਭੈਣ ਦਾ ਰਿਸ਼ਤਾ ਹੋ ਗਿਆ….”
ਮੈਨੂੰ ਲੱਗਿਆ ਲੈ ਵੀ ਹੁਣ ਮੇਰੀ ਵੀ ਵਾਰੀ ਆਜੂ.
ਮੇਰਾ ਚੇਹਰਾ ਵੇਹੜੇ ਚ ਲੱਗੇ ਸੌ ਵਾਟ ਆਲੇ
ਬੱਲृਬ ਵਾਂਗੂੰ ਜਗਣ ਲਾਗਿਆ.
ਤੇ ਉਹ ਬੋਲਦੀ ਗਈ “……ਉਹ ਦਿੱਲੀ ਰਹਿੰਦੇ ਆ
ਉੰਝ ਪਿੱਛਾ ਪੰਜਾਬ ਦਾ…ਮੁੰਡਾ ਪੰਜਾਬੀ ਭੀ ਕਾਫੀ ਅੱਛੀ
ਬੋਲ ਲੇਤਾ ਹੈ.”
ਪਰ ਮੇਰਾ ਤਾਂ ਅੱਗਾ, ਪਿੱਛਾ, ਖੱਬਾ, ਸੱਜਾ ਸਾਰਾ ਈ
ਪੰਜਾਬ ਚ ਸੀ, ਦਿੱਲੀ ਕਿਹੜੀ ਮੈਂ ਤਾਂ ਕਦੇ ਮੋਗਾ ਨੀ
ਟੱਪਿਆ ਸੀ- ਚੇਹਰੇ ਦੀ ਰੌਸ਼ਨੀ ਥੋृੜੀ ਮੱਧਮ ਹੋਗੀ
…….”……ਮੁੰਡਾ ਨੌਕਰੀ ਲੱਗਿਆ ਦਿੱਲੀ ਤੋਂ ਅਮਰੀਕਾ
ਆਉਣਾ ਜਾਣਾ ਲੱਗਿਆ ਰਹਿੰਦਾ, ਕਈ ਲੱਖ ਰਪੀਏ
ਸਾਲ ਦੀ ਤਨਖਾਹ…..”
ਮੈਂ ਵੀ ਕਣਕ ਝੋਨੇ ਦੇ ਚਲਦੇ ਭਾਅ ਦੇ ਹਿਸਾਬ ਨਾਲ
ਕਿੱਲਿਆਂ ਨੂੰ ਗੁਣਾ ਕਿਤਾ ਵਿੱਚੋਂ ਆृੜਤੀਏ,ਰੇਹਾਂ,
ਸਪਰੇਹਾਂ, ਸੀਰੀ ਪਾਲੀ ਪਸ਼ੂ ਢਾਂਡੇ ਦਾ ਖਰਚ ਕੱਢਿਆ
ਸਾਲਾ ਹਜਾਰਾਂ ਚ ਈ ਰਹਿ ਗਿਆ
ਰੋਸ਼ਨੀ ਹੋਰ ਡਿੰਮ ਹੋ ਗੀ…
ਅਮਰੀਕਾ ਆਉਣਾ ਜਾਣਾ..ਅਮਰੀਕਾ ਨਾ ਹੋ ਗਿਆ
ਸੰਧੂ ਕਲਾਂ ਵਾਲਾ ਖੇਤ ਈ ਹੋ ਗਿਆ, ਬਰਸੀਨ ਵੱਢ ਲਿਆਓ
ਫੇਰ ਜਾ ਕੇ ਮੋਟਰ ਛੱਡ ਲੋ.
……”ਮੁੰਡੇ ਦੀ ਮਾਂ ਨੇ ਬਾਹਲੀ ਮਹਿੰਗੀ ਸਾੜੀ ਲਾਈ ਸੀ
ਮੁੰਡੇ ਦੇ ਪਿਉ ਨੇ ਕੋਟ ਪੈਂਟ, ਸਿਉਣਾ ਬਹੁਤ ਪਾਇਆ ਸੀ…”
ਏਧਰ  ਧਾਰਾਂ ਦਾ ਵੇਲਾ ਹੋ ਗਿਆ ਸੀ, ਧਾਰ ਕੱਢਦੀ ਮਾਤਾ
ਦੀਆਂ ਇੱਕਲੌਤੀਆਂ ਵਾਲੀਆਂ ਜੋ ਕਿ ਕੰਨਾਂ ਚੋਂ ਕਾਫੀ
ਲਮਕੀਆਂ ਹੋਈਆਂ ਸਨ ਝੂਲ ਰਹੀਆਂ ਸਨ, ਹੁਣ ਡਿੱਗੀਆਂ
ਕਿ ਹੁਣ ਡਿੱਗੀਆਂ….
ਬਾਪੂ ਦੇ ਬੋਲ ਕੰਨੀ ਪਏ “ਉੱਠ ਸ਼ੇਰਾ ਮੱਝਾਂ ਨੂੰ ਸੰृਨੀ ਰਲਾ”
ਬਾਪੂ ਦਾ ਹੌਂਸਲੇ ਭਰਿਆ ਲਲਕਰਾ- ਮੈਂ ਕੋਟ ਪੈਂਟ ਭੁੱਲ ਗਿਆ,
ਮਾਤਾ ਦਾ, ਮੈਨੂੰ ਤੇ ਮੈਨੂੰ ਗਰਾਊੰਡ ਲਿਜਾਣ ਵਾਸਤੇ ਆਏ
ਲਾਲੀ ਤੇ ਜੀਤੀ ਨੂੰ ਕੜਾਹੀ ਵਾਲੇ ਦੁੱਧ ਦਾ ਕੰਗਣੀ ਵਾਲਾ ਗਿਲਾਸ
 ਦੇਣਾ- ਮੈਂ ਸਾੜੀਆਂ ਤੇ ਸਿਉਣਾ ਭੁੱਲ ਗਿਆ,
ਪੋਹ ਦੀ ਧੁੰਦ ਵਿੱਚ ਪਿੰਡੋਂ ਬਾਹਰ ਸਟੇਡੀਅਮ ਵਲ ਜਾਂਦੇ ਨੇ
ਮੈਂ ਇੱਕ ਨਜ਼ਰ ਆਪਣੀ ਹਵੇਲੀ ਤੇ ਮਾਰੀ ਜਿੱਥੇ ਕਿ’
ਫਲੈਟ ਜਿੱਡੇ ਖੁੱਡੇ ਚ ਮੈਂ ਚਾਰ ਚੀਨੇ ਤੇ ਪੰਜ ਲੱਕੇ
ਕਬੂਤਰ ਰੱਖੇ ਹਨ..
ਇੱਕ ਨਜ਼ਰ ਜਪੁਜੀ ਸਹਿਬ ਪृੜਦੇ ਉਸ ਪਿੰਡ ਤੇ ਮਾਰੀ
ਜਿੱਥੇ ਕਿ ਖੇਡ ਮੇਲੇ ਚ ਪੂਰੇ ਪੰਜਾਬ ਤੇ ਬਾਹਰਲੇ ਮੁਲਕਾਂ ਤੋਂ
ਰੇਡਰ ਤੇ ਜਾਫੀ ਸਿਰਫ ਹਜਾਰਾਂ ਰਪੀਏ ਇਨਾਮ ਲਈ
ਖੇਡਣ ਆਉਂਦੇ ਹਨ
ਇਹ ਤੱਤਾਂ ਦਾ ਮੁੱਲ ਕੱਢਿਆ
ਅਰਬਾਂ ਕਰੋੜਾਂ ਤੋਂ ਕਿਤੇ ਅੱਗੇ ਲੰਘ ਰਿਹਾ ਸੀ
ਹਾਂ ਮੇਰਾ ਪੈਕੇਜ (ਸਲਾਨਾ ਤਨਖਾਹ) ਕਈ
ਅਰਬ ਕਰੋੜ ਰਪੀਏ ਸੀ………….

ਮੇਰਾ ਚਿਹਰਾ ਚृੜਦੇ ਸੂਰਜ ਦੀ ਤਰਾਂ ਮਘ ਰਿਹਾ ਸੀ.

Published in: on ਜਨਵਰੀ 12, 2009 at 8:33 ਪੂਃ ਦੁਃ  Comments (2)  

ਤੁਲਨਾ

ਨਸ਼ਿਆਇਆ ਤੈਨੂੰ ਚੰਨ ਦੇਖ ਕੇ
ਫਿਰੇ ਬੱਦਲਾਂ ਦੇ ਓਹਲੇ ਲੁਕਦਾ….
ਕਈ ਵਾਰੀ ਪੁੰਨਿਆਂ ਦੀ ਰਾਤ ਫਿਰੇ
ਬੁਕਦਾ……..

ਜਿਵੇਂ ਕੱਦੂ ਵਿੱਚੋਂ ਘੋਪ ਨਿੱਕਲੇ
ਤੇਰੀ ਅੱਖ ਨੇ ਕਲੇਜਾ ਚੀਰਤਾ
ਕੀਹਦੇ ਪਿੱਛੇ ਲਿਆ ਸੁੱਖ ਬੱਕਰਾ
ਪੀਰ ਦਾ…………..

ਤੱਕੇ ਸੂਰਜ ਵੀ ਅੱਖਾਂ ਮੀਚ ਕੇ
ਆ ਗਿਆ ਮਹੀਨਾ ਹਾृੜ ਦਾ
ਕੋਕਾ ਤੇਰਾ ਮਾਰੇ ਸੈਨਤਾਂ ਨੀ
ਧੁੱਪ ਚਾृੜਦਾ………

ਰਾਤ ਪੋਹ ਦੀ ਵੇ ਹੱਡ ਠਰ ਗੇ
ਅੱਗ ਸੇਕਣੇ ਨੂੰ ਚਿੱਤ ਕਰਦਾ
ਤੇਰੀ ਬੁੱਕਲ ਚ ਨਿੱਘ ਸੋਹਣੀਆ
ਲੋਹੜੀ ਵਰਗਾ………………….

Published in: on ਜਨਵਰੀ 6, 2009 at 6:15 ਪੂਃ ਦੁਃ  ਟਿੱਪਣੀ ਕਰੋ  

ਤਰੱਕੀ

ਕਈ ਅਖਬਾਰਾਂ, ਰਸਾਲਿਆਂ, ਕਹਾਣੀਆਂ, ਨਾਵਲਾਂ ਚ ਪृੜਿਆ
ਕਿ ਪੰਜਾਬ ਦੇ ਲੋਕਾਂ ਦੀ ਸੋਚ ਪਿਛਾਂਹ ਖਿੱਚੂ ਹੈ
ਇਹ ਤਰੱਕੀ ਦੀ ਰਾਹ ਨੀ ਸੋਚਦੇ, ਪੱਛੜੇ ਹੋਏ, ਤੰਗਦਿਲ ਆਦਿ…
ਕੋਈ ਪੁੱਛਣ ਵਾਲਾ ਹੋਵੇ ਕਿ ਰਤਨ ਟਾਟੇ ਜਾਂ ਅੰਬਾਨੀ ਵਰਗਾ
ਜੇ ਕੋਈ ਬਨੂੜ ਜਾਂ ਜ਼ੀਰਕਪੁਰ ਵਿਖੇ ਕਈ ਹਜ਼ਾਰਾਂ ਏਕੜ ਮੰਗੂ
ਕੌਣ ਦੇ ਦੂ ਇਹਨਾਂ ਨੂੰ ਦੱਖੂ ਦਾਣੇ..
ਏਥੇ ਬਠਿੰਡੇ ਮਾਨਸੇ ਵਰਗੇ ਰੇਤਲੇ ਇਲਾਕਿਆਂ ਚ ਹੀ ਵਾਹਣ
ਦੀ ਵੱਟ ਗਿੱਠ ਏਧਰ ਓਧਰ ਹੋ ਜੇ, ਜੱਟ ਬੰਦੇਖਾਣੀਆਂ (ਬਾਰਾਂ ਬੋਰ)
ਖੋृਲ ਦਿੰਦੇ ਆ, ਭਾਲਦੇ ਆ ਜਮੀਨਾਂ , ਵੱਡੇ ਸਨਅਤਕਾਰ..
ਬਈ ਸਾਨੂੰ ਕੀ ਫਾਇਦਾ, ਬੇਸ਼ੱਕ ਇੱਕ ਲੱਖ ਆਲੀ ਨੈਨੋ ਹੋਵੇ
ਚਾਹੇ ਪੈਂਤੀ ਲੱਖ ਆਲੀ ਮਰਸਡੀ, ਬਿਆਲੀ ਕਿੱਲਿਆਂ ਵਾਲੇ
ਸੂਬੇਦਾਰਾਂ ਦੇ ਰਣਜੀਤ ਨੇ ਜਾਂ ਫਿਰ ਪੰਜ ਕਿੱਲਿਆਂ ਆਲੇ
ਸਿਆਣੇ ਕਿ ਮਿੱਠੂ ਨੇ, ਜੇ ਮੰਡੀ ਦਾਣੇ ਸਿਟਣੇ ਆਂ ਤਾਂ’
ਟਰਾਲੀ ਚ ਈ ਸਿੱਟੂ ਨਾ ਕਿ ਨੈਨੋ ਜਾਂ ਮਰਸਡੀ ਚ,
ਤੇ ਜੇ ਪਸ਼ੂ ਢਾਂਡੇ ਵਾਸਤੇ ਕੱਖ ਪੱਠਾ ਲਿਓਣਾ, ਨਗੌਰੀ ਪਿੱਛੇ
ਗੱਡਾ ਜੋੜਨ ਗੇ ਨਾ ਕਿ ਨੈਨੋ, ਤੇ ਜੇ ਹੱਦ ਸਾਲ ਛਿਮਾਹੀਂ
ਸਹੁਰੇ ਵਿਆਹ ਸਾਹੇ ਜਾਣਾਂ ਤਾਂ ਦੋਵੇਂ ਰਣਜੀਤ ਤੇ ਮਿੱਠੂ,
ਸਕੂਲ ਵਾਲੇ ਬੋਹੜ ਥੱਲੇ ਘੱਟੋ ਘੱਟ ਅੱਧਾ ਘੰਟਾ ਖृੜ
ਮਿੰਨੀ ਉਡੀਕਣ ਗੇ…ਬਈ ਸਾਨੂੰ ਕਿ ਫਾਇਦਾ ਇਹਨਾਂ ਪਰੋਜੈਕਟਾਂ
ਪਰੂਜੂਕਟਾਂ ਦਾ…
ਫਰੇ ਅਖੇ ਪੰਜਾਬੀ ਪਿਛਾਂਹ ਖਿੱਚੂ ਆ..
ਜਾਂ ਆਂਏਂ ਕਰੋ-
ਸਾਰੇ ਸਨਅਤਕਾਰਾਂ ਨੂੰ ਇੱਕ ਪਾਸੇ ਖृੜਾ ਕਰੋ
ਦੂਜੇ ਪਾਸੇ ਪੰਜਾਬ ਦੇ ਜੱਟ ਜਮੀਂਦਾਰਾ ਨੂੰ
ਫੇਰ ਦੇਖਦੇ ਆਂ ਇੱਕ ਸਾਲ ਸਿਰਫ ਅਾृੜਤੀਏ
ਤੋਂ ਗੁੜ ਚਾਹ ਖੰਡ ਨੂਣ ਤੇਲ ਦੇ ਖਰਚੇ ਚ
ਪੂਰੇ ਦੇਸ਼ ਦਾ ਢਿੱਡ ਕਿਹੜਾ ਪਾਸਾ ਭਰਦਾ…
ਚੰਮ ਝੋਨੇ ਲਾਉਨਾ ਪੈਂਦਾ ਬਾਈ ਜੀ
ਤੇ ਮੁृੜਕੇ ਨਾਲ ਹਾृੜੀ ਰਮਾਉਣੀ ਪੈਂਦੀ ਆ..
ਐਂਵੇ ਈ ਨੀ ਦੁਨੀਆਂ ਚ ਗੱਲਾਂ ਹੁੰਦੀਆਂ…….

ਲੱਖ ਵਾਰ ਵਸਣ ਦੁਨੀਆਂ ਨੂੰ ਤਰੱਕੀ ਤੇ ਲਿਜਾਣ ਵਾਲੇ ਸਨਅਤਕਾਰ
ਸਵਾ ਲੱਖ ਵਸੇ ਮੇਰਾ ਪੰਜਾਬ,
ਸਵਾ ਲੱਖ ਵਸਣ ਪੰਜਾਬੀ.

ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ.
ਜੋ ਬੋਲੇ ……………..
ਸੋ ਨਿਹਾਲ……………
ਸਤਿ ਸ਼ਰੀ ਅਕਾਲ.
ਲਿਖਤੁਮ- ਪਰੇਮਜੀਤ ਸਿੰਘ
ਪਿੰਡ ਤੇ ਡਾਕਖਾਨਾ- ਨੈਣੇਵਾਲ
ਜਿृਲਾ ਤੇ ਤਹਿਸੀਲ- ਬਰਨਾਲਾ
ਥਾਣਾ- ਭਦੌੜ
ਵਾਇਆ ਬਲਾਕ- ਸ਼ਹਿਣਾ.

Published in: on ਜਨਵਰੀ 5, 2009 at 7:22 ਪੂਃ ਦੁਃ  Comments (1)  

ਨਵਾਂ ਸਾਲ ਚृੜ ਗਿਆ

ਸ਼ਹਿਰ ਚ-
ਕੋਠੀ ਤੇ ਦੀਪਮਾਲਾ ਹੋ ਰਹੀ ਏ
ਮੁਰਗੇ ਬੱਕਰੇ ਵੱਢੇ ਜਾ ਰਹੇ ਨੇ
ਕੇਕ ਲਿਆਂਦਾ ਗਿਆ
ਪਰਾਪਰਟੀ ਸਲਾਹਕਾਰ ਦਾ ਮੁੰਡਾ
ਲਿਸ਼ਕਿਆ ਪੁਸ਼ਕਿਆ ਸਾਥੀਆਂ ਨਾਲ ਕਲੱਬ ਜਾ ਰਿਹਾ

ਬਾਹਰਲੇ ਮੁਲਕ-
ਪੱਬ ਕਲੱਬਾਂ ਚ ਗੌਣ ਪਾਣੀ ਚੱਲ ਰਿਹਾ
ਪਿਉ ਪੁੱਤ ਕਈ ਹਜਾਰਾਂ ਦੀ ਬੋਤਲ ਰੂਪੀ
ਖੁਸ਼ੀ ਮਨਾ ਰਹੇ ਨੇ
ਬਰਾੜਾਂ ਦਾ ਕਾਕਾ ਨਵੀਂ ਛੇ ਸੈਲੰਡਰ ਚ
ਹਾਣੀਆਂ ਨਾਲ ਬੀਚ ਪਾਰਟੀ ਤੇ ਜਾ ਰਿਹਾ

ਮਾਲਵੇ ਦੇ ਇੱਕ ਪਿੰਡ ਚ-
ਦੀਪਾ ਪਾਣੀ ਵਾਲੀ ਪੈਪ ਦੇ ਮੂੰਹ ਅੱਗੇ
ਉੰਗਲ ਦੇ ਕੇ ਪਰੈਸ਼ਰ ਨਾਲ ਤੇ ਆਪਣੇ
ਪੈਰ ਨੂੰ ਬੂਰੀ ਦੇ ਨੌਂਹ ਤੇ ਘਸਾ ਕੇ
ਜੰਮਿਆ ਗੋਹਾ ਲਾਹ ਰਿਹਾ,
ਤਾਰਾਂ ਵਾਲੇ ਬੁਰਸ਼ ਵਰਗੀ ਪੂਛ ਦੇ ਸਿਰੇ
ਨਾਲ ਪਿੱਠ ਮਲ ਮਲ ਕੇ ਨੁਹਾ ਰਿਹਾ,
ਖੇਸ ਦੀ ਬੁੱਕਲ ਮਾਰ ਬਾਪੂ
ਕਣਕ ਨੂੰ ਪਾਣੀ ਲਾਉਣ ਜਾ ਰਿਹਾ
ਬੇਬੇ ਚੁृਲੇ ਨੂੰ ਮਿੱਟੀ ਨਾਲ ਲਿੱਪ ਰਹੀ ਆ
–  –     –    –       –    –       –     –    

12 ਵੱਜ ਗਏ
ਸ਼ਹਿਰ ਚ-
ਜਾਮ ਨਲ ਜਾਮ ਟਕਰਾਏ,
ਨੱਚਣ ਵਾਲੀਆਂ ਤੇ ਕਈ ਸੌ ਲੁਟਾਏ ਗਏ
ਲਲਕਰੇ ਵੱਜੇ
ਤੇ ਨਵਾਂ ਸਾਲ ਚृੜ ਗਿਆ.
ਬਾਹਰਲੇ ਮੁਲਕ ਚ-
ਆਤਿਸ਼ਬਾਜੀ ਹੋਈ
ਜਾਮ, ਗਲਵੱਕੜੀਆਂ,ਚੁੰਬਨ ਸਾਂਝੇ ਹੋਏ
ਸ਼ੋਰ ਸ਼ਰਾਬਾ ਹੋਇਆ
ਤੇ ਨਵਾਂ ਸਾਲ ਚृੜ ਗਿਆ.
ਮਾਲਵੇ ਦੇ ਪਿੰਡ-
ਲੈਟ ਭੱਜ ਗੀ,
ਜਲੰਧਰ ਦੂਰਦਰਸ਼ਨ ਤੇ ਨਵੇਂ ਸਾਲ ਦਾ
ਪਰੋਗਰਾਮ ਵਿੱਚ ਰਹਿ ਗਿਆ
ਸਾਰੇ ਦਿਨ ਦਾ ਥੱਕਿਆ ਦੀਪਾ
ਸੌਂ ਗਿਆ,
ਬਾਬੇ ਬੋਲੇ,
ਸਵੇਰੇ ਨਵਾਂ ਸਾਲ ਚृੜ ਗਿਆ.

Published in: on ਜਨਵਰੀ 2, 2009 at 7:12 ਪੂਃ ਦੁਃ  Comments (1)  

ਦੇਸੀ ਮੇਮ-

ਕਾਲੀ ਬੋਲੀ ਨੇृਰੀ ਬਣ
ਅੰਬਰੀਂ ਚृੜੀ…
ਠੰਡੇ ਮੁਲਕਾਂ ਤੋਂ ਆਕੇ ਇੱਕ
ਪਿੰਡ ਚ ਵੜੀ….
ਰੂੜੀ ਕੋਲੋਂ ਲੰਗ ਗਈ
ਨੱਕ ਢਕ ਕੇ
ਚृੜੀ ਸੀ ਜਹਾਜੇ ਗੋਹਾ
ਜਿੱਥੋਂ ਪੱਥਕੇ
ਪੇਂਡੂ ਕਹਿੰਦੀ ਅਨਪृੜ
ਵੱਧ ਲਿਖੀ ਪृੜੀ
ਠੰਡੇ ਮੁਲਕਾਂ ਤੋਂ ਆਕੇ ਇੱਕ
ਪਿੰਡ ਚ ਵੜੀ….
ਪਾ ਲਈ ਪੈਂਟ ਜੀਨ ਦੀ
ਉੱਤੋਂ ਇੰਝ ਕਸਿਆ
ਜਿਵੇਂ ਹੁੰਦਾ ਏ ਤੰਦੂਰ ਚ ਕੋਈ
ਕੁੱਤਾ ਫਸਿਆ
ਕਰੀ ਟਿੱਚਰ ਮਰਾਸੀ
ਸੱਥ ਵਿੱਚ ਪੈ ਗੀ ਹਾਸੀ
ਕਹਿੰਦਾ
ਜਚਦੀ ਬੜੀ
ਠੰਡੇ ਮੁਲਕਾਂ ਤੋਂ ਆਕੇ ਇੱਕ
ਪਿੰਡ ਚ ਵੜੀ….
ਉੱਚੀ ਅੱਡੀ ਪਾ ਕੇ ਤੁਰੇ
ਦੂਰੋਂ ਇੰਝ ਲਗਦਾ
ਸੂਲਾਂ ਉੱਤੇ ਜਿਵੇਂ ਕੁੱਕੜ
ਨਰੋਆ ਭੱਜਦਾ
ਮੇਲੇ ਜਾਣਾ ਏ ਛਪਾਰ
ਤੀਹੋ ਕਾਲ ਹੋਵੇ ਕਾਰ
ਨਾ ਟਰਾਲੀ ਤੇ ਚृੜੀ
ਠੰਡੇ ਮੁਲਕਾਂ ਤੋਂ ਆਕੇ ਇੱਕ
ਪਿੰਡ ਚ ਵੜੀ….
ਕਾਲੀ ਬੋਲੀ ਨੇृਰੀ ਬਣ
ਅੰਬਰੀਂ ਚृੜੀ…
ਕਾਲੀ ਬੋਲੀ ਨੇृਰੀ ਬਣ
ਅੰਬਰੀਂ ਚृੜੀ………

Published in: on ਦਸੰਬਰ 31, 2008 at 11:42 ਪੂਃ ਦੁਃ  Comments (1)  

ਅੱਖੀਆਂ

ਸਦਕੇ ਤੇਰੀਆਂ ਅੱਖੀਆਂ ਦੇ
ਲਾਕੇ ਨੀਝ ਯਾਰ ਨੂੰ ਤੱਕੀਆਂ ਦੇ……
ਮੈਂ ਖृੜਾ ਖਲੋਤਾ ਪਿਘਲ ਗਿਆ
ਖੂਹ ਟਿੰਡਾਂ ਭਰ ਭਰ ਪੀ ਗਈਆਂ
ਟਿੰਡਾਂ ਦੀਆਂ ਭੈਣਾਂ ਸਕੀਆਂ ਦੇ…….
ਸਦਕੇ ਤੇਰੀਆਂ ਅੱਖੀਆਂ ਦੇ
ਲਾਕੇ ਨੀਝ ਯਾਰ ਨੂੰ ਤੱਕੀਆਂ ਦੇ…..

ਸਾਹ ਗੱਭਰੂ ਨੇ ਥਾਂਏਂ ਬੋਚ ਲਿਆ
ਪੌਣਾਂ ਵੀ ਥਾਂ ਤੇ ਠੱਲ ਗਈਆਂ,
ਜੇ ਝਪਕੇਂ ਤਾਂ ਹਵਾ ਝੱਲ ਹੋਵੇ
ਕਾਲੀ ਝਾਲਰ ਦੀਆਂ ਪੱਖੀਆਂ ਦੇ……..
ਸਦਕੇ ਤੇਰੀਆਂ ਅੱਖੀਆਂ ਦੇ
ਲਾਕੇ ਨੀਝ ਯਾਰ ਨੂੰ ਤੱਕੀਆਂ ਦੇ………

ਕੋਹੇਨੂਰ ਦੀਆਂ ਚਮਕਾਂ ਹੱਟ ਪਿੱਛੇ
ਯਾਰੀ ਇਸ਼ਕੇ ਜਲੌਅ ਵਿੱਚ ਮਘੀਆਂ ਨੇ
ਮਾਹੀ ਮਾਲਕ ਜੇਹੜਿਆਂ ਰਤਨਾਂ ਦਾ
ਸੁਨਿਆਰੇ ਅਸ਼ਕੇ ਸਾਂਭ ਕੇ ਰੱਖੀਆਂ ਦੇ………
ਸਦਕੇ ਤੇਰੀਆਂ ਅੱਖੀਆਂ ਦੇ
ਲਾਕੇ ਨੀਝ ਯਾਰ ਨੂੰ ਤੱਕੀਆਂ ਦੇ……….

Published in: on ਦਸੰਬਰ 26, 2008 at 6:55 ਪੂਃ ਦੁਃ  ਟਿੱਪਣੀ ਕਰੋ  

ਭਿੰਨਤਾ

ਜਾਂ ਮੂੰਹ ਹਨੇਰੇ ਮਿਲ ਜਾਇਆ ਕਰ
ਸਾਡੇ ਚਿੱਤ ਵਿੱਚ ਨਾ ਕੋਈ ਪਾਲਾ,
ਜਾਂ ਤਾਹਨੇ ਸਹਿ ਲੀਂ ਸਖੀਆਂ ਦੇ
ਤੇਰਾ ਰਾਂਝਣ ਰੰਗ ਦਾ ਕਾਲਾ.

ਭੁੰਜੇ ਪੈਰ ਨਾ ਪਈ ਧੁੱਪ ਸਿਰ ਤੇ
ਗੋਰਾ ਰੰਗ ਲਿਸ਼ਕਾਰੇ ਛੜਦਾ
ਹਾृੜੀ ਸੌਣੀ ਧੁੱਪੇ ਚੰਮ ਰृੜਿਆ
ਯਾਰ ਹੋ ਗਿਆ ਜਵਾਨ ਤੇਰਾ ਵੱਟਾਂ ਘੜਦਾ

ਖੀਸੇ ਖਾਲੀ ਅਸੀਂ ਰਾਜੇ ਦਿਲ ਦੇ
ਕੁੱਲੀ ਖੜ ਕੇ ਚੁਬਾਰੇ ਤੇਰੇ ਦੇਖਾਂ
ਜੁੱਤੀ ਘਸ ਗੀ ਤਲੇ ਲਵਾ ਲਈਆਂ
ਤੁੰ ਸਿਉਣੇ ਦੰਦਾਂ ਚ ਲਵਾ ਲਈਆਂ ਮੇਖਾਂ

ਲੱਗੇ ਨਜ਼ਰ ਨਾ ਗੋਰੇ ਰੰਗ ਨੂੰ
ਕਿਸੇ ਨਾਥ ਤੋਂ ਤਵੀਤ ਕਰਾਲਾ
ਜੇ ਮਾਹੀ ਹੋਵੇ ਗਾਨੀ ਗਲ ਦੀ
ਕਾਲੇ ਧਾਗੇ ਚ ਤਵੀਤ ਜਚੇ ਬਾਹਲਾ

ਨਾਮ ਯਾਰ ਦਾ ਨਹੀਂ, ਲੈ ਦੇਈਂ ਰੱਬ ਦਾ
ਜੇ ਕੀਹਦੀ ਪੁੱਛਿਆ ਫੇਰਦੀ ਮਾਲਾ,
ਜਾਂ ਤਾਹਨੇ ਸਹਿ ਲੀਂ ਸਖੀਆਂ ਦੇ
ਤੇਰਾ ਰਾਂਝਣ ਰੰਗ ਦਾ ਕਾਲਾ.

Published in: on ਦਸੰਬਰ 15, 2008 at 8:44 ਪੂਃ ਦੁਃ  ਟਿੱਪਣੀ ਕਰੋ  

ਕੁੜੀ ਬਦਲ ਗਈ

ਡੰਗੀ ਇਸ਼ਕੇ ਦੇ ਡੰਗ ਦੀ,ਦੁਆਵਾਂ ਫਿਰੇ ਮੰਗਦੀ,
ਝੂਟਦੀ ਹੈ ਪੀਂਘ, ਨਾਲੇ ਜੜੀਂ ਲੱਸੀ ਪਾਈ ਜਾਏ
ਬੰਨੇ ਟਾਹਣੀਆਂ ਰੁਮਾਲ,ਲੱਗਾ ਪਿੰਡ ਦੇ ਵਿਚਾਲ,
ਤਣੇ ਬੋਹੜ ਦੇ ਦੁਆਲੇ ਲਾਲ ਧਾਗੇ ਜੇ ਘੁਮਾਈ ਜਾਏ.
ਜੀਹਨੂੰ ਦੇਖ ਲਹਿੰਦੀ ਭੁੱਖ,ਉਹਦੀ ਮੰਗ ਬੈਠੀ ਸੁੱਖ,
ਇੱਕ ਲੰਮੇ ਯਾਰ ਪਿੱਛੇ ਤਾਹਨੇ ਜੱਗ ਵਾਲੇ ਜ਼ਰੇ
ਮਾਪੇ ਰਹਿ ਗਏ ਦੰਗ,ਲੋਕੀਂ ਪੈ ਗੇ ਸ਼ਸ਼ੋਪੰਜ,
ਅਠਾਰਾਂ ਪृੜੀ ਪੁੰਨਿਆ ਤੇ ਗੁਰੂ ਘਰ ਸੇਵਾ ਕਰੇ .
ਤੇਰੇ ਹਾਸਿਆਂ ਦੀ ਪੱਟੀ, ਮੁਟਿਆਰ ਹੋਗੀ ਜੱਟੀ,
ਸਿਆਣੀ ਮਾਪਿਆਂ ਦੀ ਝੱਲੀ ਅਖਵਾਈ ਜਾਂਦੀ ਆ,
ਤੇਰੇ ਸਾਹਾਂ ਵਿੱਚ ਸਾਹ, ਸਿੱਧਾ ਸੁਰਗਾਂ ਨੂੰ ਰਾਹ
ਕੁੜੀ ਗੱਭਰੂ ਨੂੰ ਹੌਂਸਲੇ ਸਿਖਾਈ ਜਾਂਦੀ ਆ.
ਤੇਰੀ ਉਡਾਰੀ ਅੱਥਰੀ, ਸਾਡੀ ਬਹਿਜਾ ਛੱਤਰੀ
ਦੂਰੋਂ ਦਿਸਦੀ ਹਵੇਲੀ ਸਾਡੀ,ਉੱਚਾ ਚਬੂਤਰਾ,
ਬਾਜੀ ਜਾਨ ਵਾਲੀ ਲਾ ਕੇ, ਲੈ ਜਾਊੰ ਦੂਰ ਉਡਾਕੇ
ਮੈਂ ਤੇਰੀ ਕੱਚੀ ਕੈਲ ਕੂੰਜ, ਮੇਰੇ ਚੀਨੇਆਂ ਕਬੂਤਰਾ.

Published in: on ਦਸੰਬਰ 9, 2008 at 5:53 ਪੂਃ ਦੁਃ  ਟਿੱਪਣੀ ਕਰੋ  

ਘੁੱਦਾ ਕਨੇਡਾ ਵਾਲਾ

ਹਰੇਕ ਕਾਲੀ ਕਾਰ ਪਿੱਛੇ ਉਸਨੇ
ਪੂਰਾ ਜੋਰ ਲਾ ਕੇ, ਕਿਸੇ ਸ਼ਿਕਾਰੀ ਕੁੱਤੇ ਵਾਂਗੂੰ
ਪਿੰਡ ਦੀ ਜੂਹ ਤੱਕ ਭੱਜਣਾ,
ਓਥੇ ਖੜ ਜਿੰਨਾ ਚਿਰ ਕਾਰ ਧੂੜ ਰੋਲ ਹੋ
ਅੱਖੋਂ ਓਝਲ ਨਾ ਹੋ ਜਾਂਦੀ, ਦੇਖਦੇ ਰਹਿਣਾ
ਫਿਰ ਮੁੜ ਆਉਣਾ.
ਅੰਬਰੀਂ ਉਡਦਾ ਕੋਈ ਹਵਾਈ ਜਹਾਜ਼
ਜੇ ਪਿੰਡ ਉਪਰੋਂ ਲੰਘਣਾ
ਉਹਨੇ ਗਿਰਝ ਦੇਆਂ ਫੰਗਾਂ ਵਾਂਗ
ਹੱਥ ਮਾਰਨੇ ਸ਼ੁਰੂ ਦੇਣੇ
“ਆਜੋ ਆਜੋ, ਨਾ ਜਾਓ,ਉਤਾਰ ਲੋ
ਬੱਸ ਐਥੇ ਈ, ਹਾਂ ਠੀਕ ਆ,ਰੋਕੇ.”
ਜਿਵੇਂ ਮਿੰਨੀ ਦਾ ਕਨੈਟਰ
ਬੱਸ ਬੈਕ ਲਵਾ ਰਿਹਾ ਹੋਵੇ.
ਓਸ ਗੱਲ ਨੂੰ ਸੱਤ ਸਾਲ ਹੋ ਗਏ ਸੀ,
ਭੂਤ ਕਾਲ ਦੀ ਘੁੱਦੇ ਦੀ ਜੀਤੋ ਨੂੰ
ਬਾਹਰਲੇ ਦੇਸ਼ੋਂ ਆਏ ਵਪਾਰੀ
ਕਾਲੇ ਰੰਗ ਦੀ ਡੋਲੀ ਵਾਲੀ ਕਾਰ ਚ
ਬਿਠਾ ਠੰਡੇ ਮੁਲਕ ਲੈ ਗਏ ਸੀ.
ਡਾਲਰ ਰੁਪਈਆਂ ਨਾਲ ਜਰਬ ਹੋਏ-
ਪਿੰਡ ਦੇ ਲੋਕਾਂ ਕੋਲ ਨੋਟ ਵਧ ਗੇ
ਨੋਟ ਵਧੇ-ਕਾਲੀਆਂ ਕਾਰਾਂ ਵਧ ਗੀਆਂ
ਕਾਰਾਂ ਵਧੀਆਂ-ਘੁੱਦੇ ਦੀ ਉਮਰ ਵਧ ਗੀ.
ਪੋਹ ਚृੜ ਗਿਆ ਸੀ,
ਵਿਦੇਸ਼ੀ ਪੰਜਾਬੀ ਠੰਡ ਖੁਣੋਂ
ਦਿਹਾੜੀਆਂ ਲਾਉਣ ਤੋਂ ਅਸਮਰਥ
ਸਿਉਣੇ ਨਾਲ ਲੱਦੇ ਪਿੰਡ ਆ ਵੜੇ ਸਨ.
ਬਿੱਲੀਆਂ ਅੱਖਾਂ,ਭੂਰੇ ਵਾਲ, ਗੋਰਾ ਰੰਗ,
ਗੋਲ ਮਟੋਲ ਦੋ ਨਿਆਣੇ ਘੁੱਦੇ ਨੂੰ ਦੇਖ
ਤਾੜੀਆਂ ਮਾਰ ਰਹੇ ਸੀ,
“ਇਹ ਪਾਗਲ ਆ ਬੇਟੇ ਕੋਈ,
ਅੰਦਰ ਆਓ”
ਜੀਤੋ ਨੇ ਨਿਆਣੇ ਕਾਰ ਚ ਬਿਠਾਏ
 ਕਾਲੀ ਕਾਰ ਦੀ ਤਾਕੀ ਬੰਦ,
ਕਾਰ ਸੜਕ ਤੇ-ਨਿਆਣੇ ਜੀਤੋ ਨੂੰ ਕਹਿ ਰਹੇ ਸੀ
“ਮੰਮੀ ਪਾਗਲ ਅੰਕਲ ਕਿੰਨੀ ਤੇਜ਼ ਭੱਜਿਆ ਆ ਰਿਹਾ”
ਕਾਰ ਜੂਹ ਟੱਪ ਗੀ
ਘੁੱਦਾ ਪਿੰਡ ਨੂੰ ਮੁੜ ਗਿਆ.

Published in: on ਦਸੰਬਰ 3, 2008 at 5:44 ਪੂਃ ਦੁਃ  Comments (2)  

“ਜੱਟ ਬੂਟ ਬੂਝੜ ਜੇ “

ਸੋਹਣੀ ਰੱਖ ਲਈਆਂ ਤਿੰਨ ਚਾਰ ਟੂਸ਼ਨਾਂ
ਹੀਰ ਕਾਲਜਾਂ ਚ ਪृੜਦੀ
ਛਿੱਕੂ ਉੱਤੇ ਟੰਗ ਖਿਦਮਤਗਾਰੀਆਂ
ਮੋਬੈਲ ਉੱਤੇ ਰਹਿੰਦੀ ਲੜਦੀ.
ਕਰੇ ਟਿੱਚਰਾਂ,ਟਿੱਚ ਸੀ ਜੋ ਦੱਸਦੀ
ਹਕੀਕੀ ਇਸ਼ਕੇ ਦੇ ਦੌਰ ਨੂੰ,
ਉੱਡ ਗੇ ਭੁਲੇਖੇ ਪਰੀ ਸ਼ਹਿਰੋਂ ਆਈ ਦੇ
ਦੇ ਬੈਠੀ ਦਿਲ ਕਿਸੇ ਪੇਂਡੂ ਭੌਰ ਨੂੰ.
ਸਟੀਲ ਦੇ ਗਿਲਾਸ ਵਿੱਚ ਪੀਣ ਲਾਗੀ ਕੌਫੀ
ਚਾਹ ਗੁੜ ਦੀ ਸਵਾਦ ਸਮਝਾਈ ਜਾਂਦੀ ਆ
ਹੈਲੋ ਹਾਏ ਦੇ ਜਵਾਬ ਹੁਣ ਇੰਝ ਮਿਲਦੇ
ਹੱਥ ਖृੜਾ ਕਰ ਫਤਿਹ ਜੀ ਬੁਲਾਈ ਜਾਂਦੀ ਆ
ਜੁੱਤੀ ਘੁੰਗਰੂਆਂ  ਵਾਲੀ ਆ ਕੇ ਬੂਟ ਸਾਂਭਤੇ
ਸੁੱਥਣ ਪਾਈ ਪਟਿਆਲਾ ਖੂੰਜੇ ਜੀਨ ਰੱਖਤੀ
ਨਾ “ਜੱਟ ਬੂਟ ਬੂਝੜ ਜੇ ” ਆਖੋ ਕੁੜੀਓ
ਥੋਡੀ ਸਹੇਲੀ ਇੱਕ “ਬੂਝੜ” ਨੇ ਜੜੋਂ ਪੱਟਤੀ.

Published in: on ਦਸੰਬਰ 2, 2008 at 9:11 ਪੂਃ ਦੁਃ  ਟਿੱਪਣੀ ਕਰੋ  

ਰੱਬ ਦੇ ਦੂਤ

ਬੂਹੇ ਖृੜ ਕੇ ਨਾ ਖਿੜ ਖਿੜ ਕਰੀਏ
ਚੱਬੀਏ ਨਾ ਬੁੱृਲ ਹੱਸਕੇ
ਬੰਨ ਗਿੱਟੇ ਚਾਂਦੀ ਦੀਆਂ “ਖੌਰੂ ਪਾਉਣੀਆਂ”
ਪਾਈਏ ਨਾ ਡੰਡ ਨੱਸ ਕੇ.
ਹੱਥ ਖਾਲੀ ਠੂਠੇ ਗਲ ਚ ਫਕੀਰੀਆਂ
ਨੀਲੀ ਛੱਤ ਵਾਲੇ ਰੰਗ ਰੰਗਤੇ
ਆਸ਼ਿਕ,ਫਕੀਰ,ਸਿੱਧ,ਜੋਗੀ
ਸਰਬੱਤ ਦਾ ਭਲਾ ਮੰਗਦੇ.
ਨੀਵੀਂ ਪਾ ਕੇ ਪਾ ਦੇਈਏ ਖੈਰਾਂ
ਝਾਕੀਏ ਨਾ ਧੌਣ ਮੋੜ ਕੇ
ਤੇਰੀ ਤੱਕਣੀ ਦਾ ਮੁੱਲ ਪੂਰਾ ਪਾ ਜਾਊ
ਜੋਗੀ ਕੋਈ ਗੀਤ ਜੋੜ ਕੇ

Published in: on ਦਸੰਬਰ 1, 2008 at 11:06 ਪੂਃ ਦੁਃ  Comments (2)